ਵੋਟਰਾਂ ਦਾ ਸਪੋਕਸਮੈਨ: ਸਰਕਾਰਾਂ ਨੂੰ ਕੋਸਦੇ ਹੋਏ ਨਜ਼ਰ ਆਏ ਅੰਮ੍ਰਿਤਸਰ ਵਾਸੀ
ਨਵਜੋਤ ਸਿੱਧੂ 'ਤੇ ਵਰ੍ਹੇ ਉਨ੍ਹਾਂ ਦੇ ਸ਼ਹਿਰ ਦੇ ਲੋਕ, ਕਿਹਾ- ਕੋਈ ਇਕ ਕੰਮ ਗਿਣਾ ਦੇਣ ਜੋ ਕੀਤਾ
ਅੰਮ੍ਰਿਤਸਰ (ਚਰਨਜੀਤ ਸਿੰਘ ਸੁਰਖ਼ਾਬ): ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਾਰੀਆਂ ਪਾਰਟੀਆਂ ਸੱਤਾ ਵਿਚ ਆਉਣ ਲਈ ਲੋਕਾਂ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰ ਰਹੀਆਂ ਹਨ। ਸਿਆਸਤਨਦਾਨਾਂ ਵੱਲੋਂ ਲੋਕਾਂ ਦਾ ਦਿਲ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਵਾਰ ਸਿਆਸਤ ਬਹੁਤ ਭਖੀ ਹੋਈ ਹੈ ਅਤੇ ਇਸ ਵਾਰ ਲੋਕ ਕਿਸ ਨੂੰ ਅਪਣਾ ਮੁੱਖ ਮੰਤਰੀ ਚੁਣਨਗੇ ਅਤੇ ਕਿਹੜੀ ਪਾਰਟੀ ਤੋਂ ਲੋਕ ਨਾਰਾਜ਼ ਹਨ ਇਹ ਜਾਣਨ ਲਈ ਵੋਟਰਾਂ ਦੇ ਸਪੋਕਸਮੈਨ ਪ੍ਰੋਗਰਾਮ ਜ਼ਰੀਏ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਅੰਮ੍ਰਿਤਸਰ ਤੋਂ ਗਰਾਊਂਡ ਰਿਪੋਰਟ ਕੀਤੀ।
ਅੰਮ੍ਰਿਤਸਰ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਸ਼ਹਿਰ ਵਿਚ ਹਜੇ ਤੱਕ ਟ੍ਰੈਫਿਕ ਦਾ ਹੱਲ ਨਹੀਂ ਹੋਇਆ। ਲੋਕ ਬਦਲਾਅ ਚਾਹੁੰਦੇ ਹਨ। ਉਹਨਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕ ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆ ਰਹੇ ਹਨ। ਨੌਜਵਾਨ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਪੜ੍ਹਾਈ ਕਰਕੇ ਆਪਣਾ ਹੀ ਕੰਮ ਕਰ ਰਹੇ ਹਾਂ ਕਿਉਂਕਿ ਸਰਕਾਰ ਤੇ ਯਕੀਨ ਨਹੀਂ ਰਿਹਾ ਹੈ। ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਾਂ।
ਨੌਜਵਾਨ ਨੇ ਕਿਹਾ ਕਿ ਜੋ ਵੀ ਪਾਰਟੀ ਆਉਂਦੀ ਹੈ ਉਹ ਵਾਅਦੇ ਕਰ ਦਿੰਦੀ ਹੈ ਪਰ ਕੰਮ ਕੋਈ ਨਹੀਂ ਕਰਦੀ। ਦੁਕਾਨਦਾਰ ਨੇ ਗੱਲਬਾਤ ਕਰਦਿਆਂ ਆਖਿਆ ਕਿ ਸਾਰੀਆਂ ਪਾਰਟੀਆਂ ਹਰ ਵਾਰ ਵਾਅਦੇ ਕਰਦੀਆਂ ਹਨ। ਉਹਨਾਂ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਬਾਰੇ ਦੱਸਦਿਆਂ ਕਿਹਾ ਕਿ ਸ਼ਹਿਰ ਵਿਚ ਸਫ਼ਾਈ ਦੀ ਸਭ ਤੋਂ ਵੱਡੀ ਸਮੱਸਿਆ ਹੈ। ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਮਾਤਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦਾ ਪੁੱਤਰ ਬੇਰੁਜ਼ਗਾਰ ਹੈ। ਸਰਕਾਰ ਕੋਈ ਨੌਕਰੀ ਨਹੀਂ ਦਿੰਦੀ। ਕੋਰੋਨਾ ਕਾਲ 'ਚ ਕਿਸੇ ਸਰਕਾਰ ਨੇ ਪੰਜ ਰੁਪਏ ਤੱਕ ਨਹੀਂ ਦਿੱਤੇ। ਲੋਕਾਂ ਨੇ ਦੱਸਿਆ ਕਿ ਸ਼ਹਿਰ ਵਿਚ ਰੁਜ਼ਗਾਰ ਦਾ ਬਹੁਤ ਮਾੜਾ ਹਾਲ ਹੈ।
ਇਥੇ ਕੋਈ ਕੰਮ ਨਹੀਂ ਹੈ। ਸਾਰੇ ਲੋਕ ਬੇਰੁਜ਼ਗਾਰ ਹਨ। ਸਾਰੇ ਮੰਤਰੀ ਵੱਡੇ ਵੱਡੇ ਵਾਅਦੇ ਕਰਦੇ ਹਨ ਪਰ ਪੂਰਾ ਕੋਈ ਵੀ ਨਹੀ ਕਰਦਾ। ਮੁੱਖ ਮੰਤਰੀ ਚੰਨੀ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਜੋ ਵਾਅਦੇ ਕੀਤੇ ਹਨ। ਉਹਨਾਂ ਨੂੰ ਪੂਰਾ ਵੀ ਕੀਤਾ ਹੈ। ਉਹਨਾਂ ਨੇ ਬਿਜਲੀ ਸਸਤੀ ਕੀਤੀ। ਪੁਰਾਣੇ ਬਿੱਲ ਮਾਫ਼ ਕੀਤੇ। ਸਾਡਾ ਪੰਜ ਹਜ਼ਾਰ ਰੁਪਏ ਬਿੱਲ ਮਾਫ਼ ਹੋਇਆ। ਮੁੱਖ ਮੰਤਰੀ ਚੰਨੀ ਨੇ ਸੱਤਾ ਵਿਚ ਆਉਂਦਿਆਂ ਹੀ ਲੋਕ ਭਲਾਈ ਦੇ ਕੰਮ ਕੀਤੇ। ਦੁਕਾਨਦਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਦੁਕਾਨਾਦਾਰਾਂ ਲਈ ਕੋਈ ਵੀ ਸਰਕਾਰ ਚੰਗੀ ਨਹੀਂ ਹੈ। ਬੀਜੇਪੀ ਨੇ GST ਲਿਆ ਕਿ ਸਾਡਾ ਬੇੜਾ ਗਰਕ ਕਰ ਦਿੱਤਾ।
ਬਜ਼ੁਰਗ ਨੇ ਗੱਲਬਾਤ ਕਰਦਿਆਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਨਾਲ ਰਲ ਕੇ ਮਾੜਾ ਕੀਤਾ। ਚੰਗਾ ਲੀਡਰ ਉਹੀ ਹੁੰਦਾ ਜੋ ਆਪਣੀ ਪਾਰਟੀ 'ਤੇ ਸਟੈਂਡ ਰੱਖਦਾ ਹੋਵੇ। ਕੈਪਟਨ ਦੀ ਪਾਰਟੀ ਮਾੜੀ ਨਹੀਂ ਹੈ। ਜੇਕਰ ਉਸਨੇ ਕੰਮ ਕਰਨੇ ਸਨ ਤਾਂ ਆਪਣੀ ਪਾਰਟੀ ਵਿਚ ਰਹਿ ਕੇ ਕਰਦਾ। ਇਹ ਤਾਂ ਫਿਰ ਦਲ ਬਦਲੂ ਹੋ ਜਾਂਦੇ। ਕਦੇ ਕਿਸੇ ਪਾਰਟੀ ਵਿਚ ਚੱਲ ਗਏ, ਕਦੇ ਕਿਸੇ ਪਾਰਟੀ ਵਿਚ ਚੱਲ ਗਏ। ਇਹ ਚੰਗੀ ਗੱਲ ਨਹੀਂ ਹੈ।
ਨਵਜੋਤ ਸਿੱਧੂ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਨਵਜੋਤ ਸਿੱਧੂ ਕਾਬੁਲ ਬੰਦਾ ਹੈ। ਹਰ ਬੰਦੇ ਦੀ ਗੱਲ ਸੁਣਦੇ ਵੀ ਹਨ ਤੇ ਉਹਨਾਂ ਨੂੰ ਮੰਨਦੇ ਵੀ ਹਨ। ਇਸ ਲਈ ਉਹਨਾਂ ਨੂੰ ਜਿੱਤਣਾ ਚਾਹੀਦੀ ਹੈ। ਕੇਜਰੀਵਾਲ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਦਿੱਲੀ ਮਾਡਲ ਲਾਗੂ ਹੋ ਸਕਦਾ ਹੈ। ਜੇਕਰ ਬੰਦਾ ਚੰਗਾ ਕੰਮ ਕਰੇ ਤਾਂ ਸਭ ਕੁਝ ਹੋ ਸਕਦਾ ਹੈ। ਉਹਨਾਂ ਕਿਹਾ ਕਿ 'ਆਪ' ਵੱਲ ਜ਼ਿਆਦਾ ਲੋਕਾਂ ਦਾ ਝੁਕਾਅ ਹੈ। ਦੁਕਾਨਦਾਰ ਨੇ ਗੱਲਬਾਤ ਕਰਦਿਆਂ ਆਖਿਆ ਕਿ ਸਰਕਾਰ ਨੇ ਕਿਸਾਨ ਨੂੰ ਮਾਰਿਆ ਹੈ ਜੇ ਕਿਸਾਨ ਨਹੀਂ ਹੈ ਤਾਂ ਕੋਈ ਕਾਰੋਬਾਰ ਨਹੀਂ ਹੈ।
ਸਰਕਾਰਾਂ ਤੋਂ ਕੋਈ ਉਮੀਦ ਨਹੀਂ ਹੈ। ਜਦੋਂ ਕੈਪਟਨ ਸੱਤਾ ਵਿਚ ਆਏ ਸਨ ਉਦੋਂ ਉਹਨਾਂ ਨੇ ਵੀ ਬਹੁਤ ਕੁਝ ਕਿਹਾ ਲੀ ਪਰ ਹੋਇਆ ਕੁਝ ਵੀ ਨਹੀਂ। ਉਹਨਾਂ ਕਿਹਾ ਸਾਰੀਆਂ ਸਰਕਾਰਾਂ ਪਹਿਲਾਂ ਵਾਅਦੇ ਕਰਦੀਆਂ ਹਨ ਪਰ ਬਾਅਦ ਵਿਚ ਸਭ ਭੁੱਲ ਜਾਂਦੀਆਂ ਹਨ। ਸ਼ਹੀਦਾਂ ਸਾਹਿਬ ਵਾਲੀ ਸੜਕ ਵੋਟਾਂ ਕਰਕੇ ਹੁਣ ਪੱਕੀ ਹੋਈ ਹੈ। ਪਹਿਲਾਂ ਕੱਚੀ ਸੀ। ਵੱਡੇ- ਵੱਡੇ ਟੋਏ ਪਏ ਹੋਏ ਸਨ। ਅਸੀਂ ਜਦੋਂ ਵੀ ਜਾਂਦੇ ਸਨ ਕੋਈ ਨਾ ਕੋਈ ਡਿੱਗਾ ਹੁੰਦਾ ਸੀ।
80 ਸਾਲਾਂ ਬਜ਼ੁਰਗ ਨੇ ਹਰਿਮੰਦਰ ਸਾਹਿਬ ਹੋਈ ਬੇਅਦਬੀ ਬਾਰੇ ਬੋਲਦਿਆ ਕਿਹਾ ਕਿ ਕੋਈ ਲੱਖਾਂ ਵਿਚੋਂ ਇਕ ਮੂਰਖ ਪ੍ਰਣਾਨੀ ਹੁੰਦਾ ਹੈ ਜਿਸਨੂੰ ਕੁਝ ਵੀ ਨਹੀਂ ਪਤੀ ਹੁੰਦਾ। ਉਸਦੀ ਬੁੱਧੀ ਭ੍ਰਿਸ਼ਟ ਹੋਈ ਸੀ। ਜਿਸਨੂੰ ਇਹ ਨਹੀਂ ਸੀ ਪਤਾ ਜਿਥੇ ਸਾਰੀ ਦੁਨੀਆਂ ਸੀਸ ਝੁਕਾਉਂਦੀ ਹੈ ਮੈਂ ਉਥੇ ਕੀ ਕਰ ਰਿਹਾ ਹੈ। ਉਹਨਾਂ ਸਿਆਸੀ ਪਾਰਟੀਆਂ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਤਾਂ ਕਾਂਗਰਸ ਦਾ ਜ਼ੋਰ ਹੈ। ਚੰਨੀ ਸਰਕਾਰ ਤੋਂ ਲੋਕਾਂ ਨੂੰ ਉਮੀਦ ਹੈ। ਬਜ਼ੁਗਰ ਮਨਮੋਹਨ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਆਖਿਆ ਕਿ ਅੰਮ੍ਰਿਤਸਰ ਵਿਚ ਬਹੁਤ ਕੁਝ ਬਦਲਿਆ ਹੈ ਪਰ ਜੋ ਹੋਣਾ ਚਾਹੀਦਾ ਹੈ ਉਹ ਨਹੀਂ ਹੋ ਰਿਹਾ। ਅੰਮ੍ਰਿਤਸਰ ਵਿਚ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ। ਕੋਈ ਵੀ ਇਸ ਵੱਲ ਧਿਆਨ ਨਹੀਂ ਦਿੰਦਾ।
ਚੌਕਾਂ 'ਤੇ ਖੜ੍ਹੇ ਪੁਲਿਸ ਵਾਲੇ ਕੋਈ ਧਿਆਨ ਨਹੀਂ ਦਿੰਦੇ। ਜੋ ਬੰਦਾ ਕਮਜ਼ੋਰ ਹੁੰਦਾ ਹੈ ਉਸ ਤੋਂ ਪੁੱਛ ਲੈਂਦੇ ਹਨ। ਬਾਕੀਆਂ ਤੋਂ ਕੋਈ ਪੁੱਛ ਗਿੱਛ ਨਹੀਂ ਕਰਦਾ। ਜੇਕਰ ਟ੍ਰੈਫਿਕ ਵੱਲ ਧਿਆਨ ਦਿੱਤਾ ਜਾਵੇ ਤਾਂ ਇਹ ਸਮੱਸਿਆ ਹੱਲ ਹੋ ਸਕਦੀ ਹੈ। ਨਵਜੋਤ ਸਿੱਧੂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਸਿੱਧੂ ਨੇ ਅਸਤੀਫੇ ਤੋਂ ਇਲਾਵਾ ਹੋਰ ਕੀ ਕੀਤਾ। ਉਹਨਾਂ ਦੀ ਸਰਕਾਰ ਨੇ ਕੀ ਕੀਤਾ।
ਸਿੱਧੂ ਕੋਈ ਇਕ ਕੰਮ ਗਿਣਾ ਦੇਣ ਜਿਹੜਾ ਉਹਨਾਂ ਨੇ ਕੀਤਾ। ਉਹ ਕਹਿੰਦੇ ਹਨ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਇਹ ਕੰਮ ਕਰਾਂਗੇ। ਹੁਣ ਉਹਨਾਂ ਦੀ ਹੀ ਸਰਕਾਰ ਹੈ। ਇਹ ਕਿੰਨੀ ਸ਼ਰਮ ਵਾਲੀ ਗੱਲ ਹੈ। ਉਹ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ। ਕੇਜਰੀਵਾਲ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਲੋਕਾਂ ਨੇ ਅਕਾਲੀ, ਕਾਂਗਰਸ ਨੂੰ ਵੇਖ ਲਿਆ। ਇਸ ਲਈ ਲੋਕਾਂ ਦਾ ਆਪ ਵੱਲ ਜ਼ਿਆਦਾ ਲੋਕਾਂ ਦਾ ਝੁਕਾਅ ਹੈ। ਲੋਕ 'ਆਪ' ਨੂੰ ਵੇਖਣਾ ਚਾਹੁੰਦੇ ਹਨ ਕਿਉਂਕਿ ਕੇਜਰੀਵਾਲ ਨੇ ਦਿੱਲੀ ਵਿਚ ਬਹੁਤ ਸੁਧਾਰ ਕੀਤਾ ਹੈ।