ਕੋਰੋਨਾ ਦੀ ਦਸਤਕ ਨਾਲ ਮਜ਼ਦੂਰ ਤਬਕੇ 'ਚ ਸਹਿਮ ਦਾ ਮਾਹੌਲ, 2 ਸਾਲ ਪਹਿਲਾਂ ਘਰ ਵਾਪਸੀ ਸਮੇਂ ਹੋਈ ਸੀ ਦੁਰਗਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਨਅਤਕਾਰ ਵੀ ਘਬਰਾਏ, ਸਰਕਾਰ ਅਤੇ ਸਿਹਤ ਵਿਭਾਗ ਨੇ ਦਿੱਤਾ ਭਰੋਸਾ, ਲੇਬਰ ਅਜੇ ਵੀ ਟੀਕਾਕਰਨ ਤੋਂ ਸੱਖਣੀ!

Punjab News


ਲੁਧਿਆਣਾ (ਰਵਿੰਦਰ ਸਿੰਘ ): ਵਿਸ਼ਵ ਭਰ ਵਿਚ ਕੋਰੋਨਾ ਨੇ ਮੁੜ ਤੋਂ ਦਸਤਕ ਦਿੱਤੀ ਹੈ, ਜਿਸ ਕਰ ਕੇ ਭਾਰਤ ਦੇ ਵਿੱਚ ਹੁਣ ਕੇਸ ਸਾਹਮਣੇ ਆਉਣ ਲੱਗੇ ਨੇ, ਕੋਰੋਨਾ ਵਾਇਰਸ ਦੇ ਇਨ੍ਹਾਂ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਦੀ ਖਾਸ ਕਰ ਕੇ ਸਨਅਤੀ ਸ਼ਹਿਰ ਲੁਧਿਆਣਾ ਦੀ ਲੇਬਰ ਮੁੜ ਤੋਂ ਘਬਰਾਈ ਹੋਈ ਹੈ।ਲੁਧਿਆਣਾ ਦੇ ਵਿੱਚ ਲੱਖਾਂ ਦੀ ਤਦਾਦ ਅੰਦਰ ਲੇਬਰ ਆਪਣੇ ਪਰਿਵਾਰਾਂ ਸਣੇ ਰਹਿੰਦੀ ਹੈ ਅਤੇ ਜਦੋਂ ਕੋਰੋਨਾ ਦੇ ਦੌਰਾਨ ਪਹਿਲਾਂ ਲਾਕਡਾਊਨ ਮੌਕੇ ਲੱਖਾਂ ਲੋਕਾਂ ਨੂੰ ਆਪੋ ਆਪਣੇ ਘਰਾਂ ਵੱਲ ਰਵਾਨਾ ਹੋਇਆ ਪਿਆ ਸੀ। ਕੋਰੋਨਾ ਦੀ ਲਹਿਰ ਮੁੜ ਆਉਣ ਨਾਲ ਹੁਣ ਲੇਬਰ ਘਬਰਾਈ ਹੋਈ ਹੈ ਨਾਲ ਹੈ ਸਨਅਤਕਾਰਾਂ ਨੇ ਵੀ ਕਿਹਾ ਕਿ ਸਰਕਾਰ ਨੇ ਅਜੇ ਤੱਕ ਸਾਡੇ ਨਾਲ ਇਸ ਸਬੰਧੀ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ। ਜੇਕਰ ਆਉਂਦੇ ਸਮੇਂ ਵਿਚ ਹਾਲਾਤ ਖਰਾਬ ਹੋ ਜਾਂਦੇ ਹਨ ਤਾਂ ਲੇਬਰ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ। 

2 ਸਾਲ ਪਹਿਲਾਂ ਦੇ ਹਾਲਾਤ
ਕੋਰੋਨਾ ਮਹਾਮਾਰੀ ਕਰ ਕੇ ਜਦੋਂ ਪੰਜਾਬ ਸਰਕਾਰ ਵੱਲੋਂ ਲਾਕਡਾਊਨ ਲਗਾਇਆ ਗਿਆ ਸੀ 30 ਮਈ ਤੋਂ ਲੈ ਕੇ 16 ਜੁਲਾਈ 2020 ਦੌਰਾਨ ਹਜ਼ਾਰਾਂ ਦੀ ਤਾਦਾਦ 'ਚ ਲੇਬਰ ਆਪੋ ਆਪਣੇ ਘਰਾਂ ਵੱਲ ਪਰਤ ਗਈ ਸੀ। ਜ਼ਿਆਦਤਰ ਲੇਬਰ ਉੱਤਰ ਪ੍ਰਦੇਸ਼ ਅਤੇ ਬਿਹਾਰ ਰਵਾਨਾ ਹੋਈ ਸੀ ਲੇਬਰ ਨੂੰ ਪੈਦਲ ਆਪੋ ਆਪਣੇ ਘਰਾਂ ਵੱਲ ਜਾਣਾ ਪਿਆ ਸੀ ਕਿਉਂਕਿ ਉਸ ਵੇਲੇ ਪਬਲਿਕ ਟਰਾਂਸਪੋਰਟ ਬੰਦ ਸੀ। ਅੰਕੜਿਆਂ ਮੁਤਾਬਿਕ 991 ਲੇਬਰ ਦੀ ਮੌਤ ਪਰਵਾਸ ਦੌਰਾਨ ਹੋਈ ਸੀ ਜਿਨ੍ਹਾਂ ਚ 209 ਲੋਕਾਂ ਦੀ ਮੌਤ ਪੈਦਲ ਜਾਣ ਕਰ ਕੇ ਹੋਈ ਸੀ। ਨਾ ਸਿਰਫ ਪੰਜਾਬ ਤੋਂ ਸਗੋਂ ਦਿੱਲੀ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਤੋਂ ਵੀ ਲੇਬਰ ਆਪੋ ਆਪਣੇ ਘਰਾਂ ਨੂੰ ਪਰਤ ਰਹੀ ਸੀ। ਮੌਤਾਂ ਦਾ ਅੰਕੜਾ ਵਧਣ ਕਰ ਕੇ ਸਰਕਾਰ ਵੱਲੋਂ  ਰੇਲ ਗੱਡੀਆਂ ਅਤੇ ਬੱਸਾਂ ਚਲਾਈਆਂ ਗਈਆਂ ਸਨ ਪਰ ਓਦੋਂ ਤਕ ਕਾਫੀ ਦੇਰ ਹੋ ਗਈ ਸੀ। 

ਕੋਰੋਨਾ ਦੀ ਵਾਪਸੀ 'ਤੇ ਮੁੜ ਦਹਿਸ਼ਤ 'ਚ ਮਜ਼ਦੂਰ ਤਬਕਾ 
ਕੋਰੋਨਾ ਵਾਇਰਸ ਮੁੜ ਤੋਂ ਆਉਣ ਕਰ ਕੇ ਲੇਬਰ ਸਹਿਮ ਦੇ ਮਾਹੌਲ ਵਿਚ ਹੈ। ਜ਼ਿਆਦਾਤਰ ਲੇਬਰ ਨੂੰ ਪਤਾ ਹੀ ਨਹੀਂ ਹੈ ਕਿ ਦੇਸ਼ 'ਤੇ ਮੁੜ ਤੋਂ ਕੋਰੋਨਾ ਵਾਇਰਸ ਦਾ ਖਤਰਾ ਮੰਡਰਾ ਰਿਹਾ ਹੈ। ਲੁਧਿਆਣਾ ਵਿੱਚ ਕੰਮ ਕਰਨ ਵਾਲੀ ਲੇਬਰ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਅੱਜ ਵੀ ਉਹ ਮੰਜ਼ਰ ਯਾਦ ਹੈ ਜਦੋਂ ਸਾਨੂੰ ਆਪੋ-ਆਪਣੇ ਘਰਾਂ ਵੱਲ ਸਾਇਕਲਾਂ ਤੇ ਪੈਦਲ, ਬੱਸਾਂ ਰਾਹੀਂ ਜਾਣਾ ਪਿਆ ਸੀ। ਲੇਬਰ ਦਾ ਕਹਿਣਾ ਹੈ ਕਿ ਅਸੀਂ ਆਪੋ ਆਪਣੀਆਂ ਫੈਕਟਰੀਆਂ ਦੇ ਮਾਲਕਾਂ 'ਤੇ ਪੂਰੀ ਤਰ੍ਹਾਂ ਨਿਰਭਰ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਕੋਰੋਨਾ ਦੀ ਪਹਿਲੀ ਦੂਜੀ ਵੇਵ ਆਈ ਸੀ ਸਾਨੂੰ ਫੈਕਟਰੀ ਦੇ ਮਾਲਕਾਂ ਵੱਲੋਂ ਕਾਫੀ ਸਹਿਯੋਗ ਦਿੱਤਾ ਗਿਆ ਸੀ। ਰਾਸ਼ਨ ਵੀ ਮੁਹਈਆ ਕਰਵਾਇਆ ਗਿਆ ਸੀ। ਵਿਹਲੇ ਬੈਠਿਆਂ ਨੂੰ ਪੈਸੇ ਵੀ ਦਿੱਤੇ ਜਾਂਦੇ ਸਨ। ਲੇਬਰ ਨੇ ਕਿਹਾ ਕਿ ਅਸੀਂ ਸਾਲਾਂ ਤੋਂ ਫੈਕਟਰੀਆਂ ਦੇ ਵਿੱਚ ਕੰਮ ਕਰ ਰਹੇ ਹਨ ਇਸ ਕਰ ਕੇ ਜਦੋਂ ਤਕ ਉਹਨਾਂ ਦੇ ਮਾਲਕ ਸਾਥ ਦੇਣਗੇ ਉਦੋਂ ਤੱਕ ਉਹ ਕੰਮ ਕਰਦੇ ਰਹਿਣਗੇ। 

ਸਨਅਤਕਾਰਾਂ 'ਚ ਮਲਾਲ

ਦੇਸ਼ ਦੇ ਵਿੱਚ ਕੋਰੋਨਾ ਦੀ ਮੁੜ ਤੋਂ ਦਸਤਕ ਨੂੰ ਲੈ ਕੇ ਅਸੀਂ ਲੁਧਿਆਣਾ ਦੇ ਸਨਅਤਕਾਰਾਂ ਨਾਲ ਗੱਲਬਾਤ ਕੀਤੀ ਤਾਂ ਸਿਲਾਈ ਮਸ਼ੀਨ ਇੰਡਸਟਰੀ ਦੇ ਪ੍ਰਧਾਨ ਜਸਬੀਰ ਸਿੰਘ ਸੋਖੀ ਨੇ ਕਿਹਾ ਕਿ ਸਾਡੀ ਲੁਧਿਆਣਾ ਦੀ ਪੂਰੀ ਸਨਅਤ ਲੇਬਰ ਤੇ ਹੀ ਨਿਰਭਰ ਹੈ ਅਤੇ ਜਦੋਂ ਲੇਬਰ ਤੇ ਮੁਸ਼ਕਲਾਂ ਆਉਂਦੀਆਂ ਹਨ ਤਾਂ ਪ੍ਰਸ਼ਾਸ਼ਨ ਹੱਥ ਖੜ੍ਹੇ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਯਾਦ ਹੈ ਦੋ ਸਾਲ ਪਹਿਲਾਂ ਲੇਬਰ ਦੇ ਨਾਲ ਕਿਸ ਤਰਾਂ ਦਾ ਵਤੀਰਾ ਕੀਤਾ ਗਿਆ ਸੀ। ਉਥੇ ਹੀ ਦੂਜੇ ਪਾਸੇ ਪਲਾਸਟਿਕ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਬੱਤਰਾ ਨੇ ਕਿਹਾ ਕਿ ਸਰਕਾਰ ਨੇ ਜੋ ਕਦਮ ਹੁਣ ਤੱਕ ਚੁੱਕ ਲੈਣੇ ਚਾਹੀਦੇ ਸਨ ਉਹ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਨਾ ਤਾਂ ਸਨਅਤਕਾਰਾਂ ਦੇ ਨਾਲ ਹਾਲਾਤਾਂ ਦੇ ਨਾਲ ਨਜਿੱਠਣ ਲਈ ਕਿਸੇ ਤਰ੍ਹਾਂ ਦੀ ਕੋਈ ਮੀਟਿੰਗ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਸਰਕਾਰ ਦੀ ਪ੍ਰਸ਼ਾਸਨ ਨੇ ਇਸ ਸਬੰਧੀ ਕੀ ਤਿਆਰੀ ਹੈ ਇਸ ਸਬੰਧੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। 

ਲੇਬਰ ਟੀਕਾਕਰਨ ਤੋਂ ਸੱਖਣੀ
35 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਲੁਧਿਆਣਾ ਦੇ ਵਿਚ ਮਹਿਜ਼ 2 ਲੱਖ 11 ਹਜ਼ਾਰ 801 ਲੋਕਾਂ ਨੇ ਵੀ ਹਾਲੇ ਤੱਕ ਬੂਸਟਰ ਡੋਜ਼ ਲਗਵਾਈ ਹੈ। ਇਸ ਤੋਂ ਇਲਾਵਾ ਕੁਲ ਆਬਾਦੀ ਚੋਂ 26 ਲੱਖ ਦੇ ਕਰੀਬ ਲੋਕਾਂ ਨੇ ਦੋਵੇਂ ਟੀਕਾਕਰਨ ਹੁਣ ਤੱਕ ਲਗਵਾਏ ਨੇ। 7 ਲੱਖ 80 ਹਜ਼ਾਰ ਦੇ ਕਰੀਬ ਲੋਕ ਹਾਲੇ ਵੀ  ਦੂਜੀ ਡੋਜ਼ ਤੋਂ ਸੱਖਣੇ ਨੇ ਇਸ ਤੋਂ ਇਲਾਵਾ 1 ਲੱਖ 11 ਹਜ਼ਾਰ ਦੇ ਕਰੀਬ ਅਜਿਹੇ ਲੋਕ ਲੁਧਿਆਣਾ 'ਚ ਰਹਿ ਰਹੇ ਨੇ ਜਿਨ੍ਹਾਂ ਨੇ ਹਾਲੇ ਤੱਕ ਕੋਈ ਟੀਕਾਕਰਨ ਨਹੀਂ ਕਰਵਾਇਆ। ਇਸ ਵਿੱਚ ਵੱਡੀ ਤਾਦਾਦ ਲੇਬਰ ਦੀ ਹੈ। ਇਸ ਸਬੰਧੀ ਜਦੋਂ ਅਸੀਂ ਲੁਧਿਆਣਾ ਸਿਹਤ ਮਹਿਕਮੇ ਦੇ ਨੋਡਲ ਅਫਸਰ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਵਿਚ ਟੀਕਾਕਰਨ ਹੋ ਰਿਹਾ ਹੈ। ਇਸ ਤੋਂ ਇਲਾਵਾ ਅਸੀਂ ਜਿਨ੍ਹਾਂ ਇਲਾਕਿਆਂ ਵਿੱਚ ਲੇਬਰ ਰਹਿੰਦੀ ਹੈ ਉੱਥੇ ਵੀ ਕੈਂਪ ਲਗਾ ਕੇ ਹੁਣ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਣ ਕਰਾਵਾਂਗੇ।

ਸਰਕਾਰ ਦਾ ਭਰੋਸਾ
ਲੁਧਿਆਣਾ ਵਿੱਚ ਲਗਭਗ ਹਰ ਵਿਧਾਨ ਸਭਾ ਹਲਕੇ ਦੇ ਅੰਦਰ ਲੇਬਰ ਰਹਿੰਦੀ ਹੈ, ਇਸ ਸਬੰਧੀ ਜਦੋਂ ਅਸੀਂ ਲੁਧਿਆਣਾ ਕੇਂਦਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਖੁਦ ਵੀ ਜਾਗਰੂਕ ਹੋਣਾ ਚਾਹੀਦਾ ਹੈ ਜਿੰਨਾ ਉਹ ਬਚਾਅ ਰੱਖਣਗੇ ਓਨਾ ਹੀ ਬਿਮਾਰੀ ਨਾਲ ਅਸੀਂ ਲੜ ਸਕਣਗੇ। ਉਨ੍ਹਾਂ ਕਿਹਾ ਕਿ ਲੇਬਰ ਨੂੰ ਸਾਨੂੰ ਪਤਾ ਹੈ ਕਿ ਬਹੁਤ ਸਮੱਸਿਆਵਾਂ ਦੋ ਸਾਲ ਪਹਿਲਾਂ ਆਈਆਂ ਸਨ ਪਰ ਹੁਣ ਅਸੀਂ ਅਜਿਹੀ ਸਮੱਸਿਆਵਾਂ ਨਹੀਂ ਆਉਣਗੇ ਕਿਉਂਕਿ ਉਹਨਾਂ ਦੇ ਸਿਰ ਤੇ ਹੀ ਲੁਧਿਆਣਾ ਦੀਆਂ ਫੈਕਟਰੀਆਂ ਚ ਮਸ਼ੀਨਾਂ ਚੱਲਦੀਆਂ ਹਨ।