ਉਦਯੋਗ ਵਿਭਾਗ ਵੱਲੋਂ ਉਦਯੋਗਿਕ ਇਕਾਈਆਂ ਨੂੰ ਦਿੱਤਾ ਗਿਆ ਆਖਰੀ ਮੌਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਬਸਿਡੀ ਦੀ ਵੰਡ ਲਈ ਦਿਸ਼ਾ-ਨਿਰਦੇਸ਼ ਜਾਰੀ

Punjab Government

 ਚੰਡੀਗੜ੍ਹ : ਉਦਯੋਗ ਵਿਭਾਗ ਵੱਲੋਂ ਜਨਰਲ ਸ਼੍ਰੇਣੀ ਦੀਆਂ ਉਦਯੋਗਿਕ ਇਕਾਈਆਂ ਲਈ ਪ੍ਰਵਾਨਿਤ ਨਿਵੇਸ਼ ਪ੍ਰੋਤਸਾਹਨ/ਪੂੰਜੀ ਸਬਸਿਡੀ ਦੀ ਵੰਡ ਲਈ ਉਦਯੋਗਿਕ ਇਕਾਈਆਂ ਨੂੰ ਆਖਰੀ ਮੌਕਾ ਦਿੱਤਾ ਗਿਆ ਹੈ।

ਇਸ ਸਬੰਧੀ ਵੇਰਵੇ ਦਿੰਦਿਆਂ ਸੂਬਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਉਦਯੋਗਿਕ ਨੀਤੀਆਂ ਜਿਵੇਂ ਕਿ 1978, 1987, 1989, 1992, 1996 ਅਤੇ 2003 ਅਧੀਨ ਸਮੇਂ-ਸਮੇਂ 'ਤੇ ਜਨਰਲ ਸ਼੍ਰੇਣੀ ਦੀਆਂ ਉਦਯੋਗਿਕ ਇਕਾਈਆਂ ਨੂੰ ਨਿਵੇਸ਼ ਪ੍ਰੋਤਸਾਹਨ/ਪੂੰਜੀ ਸਬਸਿਡੀ ਦੀ ਵੰਡ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ।  ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਇਹ ਦਿਸ਼ਾ-ਨਿਰਦੇਸ਼ ਉਦਯੋਗ ਵਿਭਾਗ ਦੀ ਵੈੱਬਸਾਈਟ (www.pbindustries.gov.in) 'ਤੇ ਉਪਲਬਧ ਹਨ।

ਇਸ ਸਬੰਧੀ ਪੁਰਾਣੀਆਂ ਉਦਯੋਗਿਕ ਨੀਤੀਆਂ ਤਹਿਤ ਪ੍ਰਵਾਨਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੋਗ ਅਤੇ ਹੱਕਦਾਰ ਉਦਯੋਗਿਕ ਇਕਾਈਆਂ ਨੂੰ ਆਖਰੀ ਮੌਕਾ ਦਿੱਤਾ ਗਿਆ ਹੈ ਤਾਂ ਜੋ ਉਹ ਵਿਭਾਗੀ ਈ-ਮੇਲ (br.incentive@gmail.com) ਰਾਹੀਂ ਜਾਂ ਸਬੰਧਤ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਰਾਹੀਂ ਆਪਣੀ ਬੇਨਤੀ ਦਰਜ ਕਰ ਸਕਣ।

ਉਹਨਾਂ ਅੱਗੇ ਕਿਹਾ ਕਿ ਉਦਯੋਗਿਕ ਇਕਾਈਆਂ ਨੂੰ ਸੀਨੀਆਰਤਾ ਸੂਚੀ/ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਚਾਰਿਆ ਜਾਵੇਗਾ ਜੋ 28 ਫਰਵਰੀ, 2023 ਤੱਕ ਆਪਣੀ ਬੇਨਤੀ ਜਮ੍ਹਾਂ ਕਰਵਾ ਸਕਦੀਆਂ ਹਨ। ਇਸ ਉਪਰੰਤ ਪ੍ਰਾਪਤ ਹੋਈਆਂ ਬੇਨਤੀਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।