Joginder Pal Bhoa ਪਠਾਨਕੋਟ ਦੀ ਅਦਾਲਤ 'ਚ ਪੇਸ਼, 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜਿਆ
ਨਾਜਾਇਜ਼ ਮਾਈਨਿੰਗ ਕਰਦੇ ਹੋਏ ਕੀਤਾ ਗਿਆ ਸੀ ਗ੍ਰਿਫ਼ਤਾਰ
ਪਠਾਨਕੋਟ - ਕੱਲ੍ਹ ਦੇਰ ਸ਼ਾਮ ਹਲਕਾ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਪਠਾਨਕੋਟ ਦੀ ਪੁਲਿਸ ਨੇ ਨਾਜਾਇਜ਼ ਮਾਈਨਿੰਗ ਅਤੇ ਪੁਲਿਸ ਨਾਲ ਦੁਰਵਿਵਹਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਉਹ ਬੀਤੀ ਦੇਰ ਰਾਤ ਤੋਂ ਪੁਲਿਸ ਹਿਰਾਸਤ ਵਿਚ ਹਸਪਤਾਲ ਦੇ ਬੈੱਡ ’ਤੇ ਪਏ ਸਨ ਅਤੇ ਅੱਜ ਬਾਅਦ ਦੁਪਹਿਰ ਉਹਨਾਂ ਨੂੰ ਮਾਣਯੋਗ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ।
ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਦਾਲਤ ਦੇ ਬਾਹਰ ਜੋਗਿੰਦਰ ਪਾਲ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ, ਉਥੇ ਹੀ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਾਏ ਗਏ। ਸਮਰਥਕਾਂ ਨੇ ਕਿਹਾ ਕਿ ਜੋਗਿੰਦਰ ਪਾਲ ਸਿਰਫ਼ ਸਿਆਸਤ ਦਾ ਸ਼ਿਕਾਰ ਹੋ ਰਿਹਾ ਹੈ। ਭੋਆ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਪਠਾਨਕੋਟ ਜ਼ਿਲ੍ਹੇ ਵਿਚ ਰਾਵੀ ਨਦੀ ਦੇ ਨੇੜੇ ਇੱਕ ਕਰੱਸ਼ਰ ਸਾਈਟ ਦਾ ਮਾਲਕ ਹੈ।
ਇਹ ਸਾਈਟ ਜੋਗਿੰਦਰ ਪਾਲ ਦੀ ਪਤਨੀ ਦੇ ਨਾਂ 'ਤੇ ਹੈ। ਸ਼ੁੱਕਰਵਾਰ ਨੂੰ ਮਾਈਨਿੰਗ ਵਿਭਾਗ ਨੂੰ ਇਸ ਜਗ੍ਹਾ 'ਤੇ ਨਾਜਾਇਜ਼ ਮਾਈਨਿੰਗ ਹੋਣ ਦੀ ਸੂਚਨਾ ਮਿਲੀ ਸੀ। ਮਾਈਨਿੰਗ ਵਿਭਾਗ ਦੇ ਅਧਿਕਾਰੀ ਐਸ.ਡੀ.ਓ ਦੀ ਅਗਵਾਈ ਵਿਚ ਮੌਕੇ ’ਤੇ ਪੁੱਜੇ ਤਾਂ ਜੋਗਿੰਦਰ ਪਾਲ ਪਹਿਲਾਂ ਹੀ ਉਥੇ ਮੌਜੂਦ ਸਨ। ਮੌਕੇ 'ਤੇ ਨਜਾਇਜ਼ ਮਾਈਨਿੰਗ ਹੁੰਦੀ ਦੇਖ ਕੇ ਐਸ.ਡੀ.ਓ ਨੇ ਪੋਕਲੇਨ ਮਸ਼ੀਨ ਅਤੇ ਟਿੱਪਰ ਜ਼ਬਤ ਕਰ ਲਿਆ ਤੇ ਜੋਗਿੰਦਰਪਾਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।
(For more news apart from Congress ex-MLA Joginder Pal Bhoa, stay tuned to Rozana Spokesman)