ਫੂਡ ਸੇਫਟੀ ਵਿਭਾਗ ਦੀ ਟੀਮ ਨੇ ਭਬਾਤ ’ਚ ਚੱਲ ਰਹੀ ਦੁੱਧ,ਪਨੀਰ, ਦਹੀਂ ਤੇ ਘਿਓ ਦੀ ਫੈਕਟਰੀ ’ਤੇ ਮਾਰਿਆ ਛਾਪਾ
ਸੈਂਪਲ ਭਰ ਕੇ ਜਾਂਚ ਲਈ ਭੇਜੇ, ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ ਕਾਰਵਾਈ
ਜ਼ੀਰਕਪੁਰ : ਫੂਡ ਸੇਫਟੀ ਵਿਭਾਗ ਅਤੇ ਜ਼ੀਰਕਪੁਰ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਪ੍ਰਭਾਤ ਗੋਦਾਮ ਖੇਤਰ ਵਿੱਚ ਚੱਲ ਰਹੀ ਇੱਕ ਗੈਰਕਾਨੂੰਨੀ ਡੇਅਰੀ ਉਤਪਾਦ ਫੈਕਟਰੀ ਉੱਤੇ ਛਾਪਾ ਮਾਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਫੈਕਟਰੀ ਵਿੱਚ ਦੁੱਧ, ਪਨੀਰ, ਦਹੀ ਅਤੇ ਘਿਓ ਵਰਗੇ ਖਾਣ ਵਾਲੇ ਪਦਾਰਥ ਤਿਆਰ ਕੀਤੇ ਜਾ ਰਹੇ ਸਨ, ਜਿਨ੍ਹਾਂ ਦੀ ਸਪਲਾਈ ਪੂਰੇ ਜ਼ੀਰਕਪੁਰ ਖੇਤਰ ਵਿੱਚ ਕੀਤੀ ਜਾ ਰਹੀ ਸੀ।
ਸ਼ਿਕਾਇਤ ਮਿਲਣ ਤੋਂ ਬਾਅਦ ਫੂਡ ਸੇਫਟੀ ਅਧਿਕਾਰੀਆਂ ਨੇ ਪੁਲਿਸ ਨਾਲ ਮਿਲ ਕੇ ਮੌਕੇ ਉੱਤੇ ਪਹੁੰਚ ਕੇ ਫੈਕਟਰੀ ਦਾ ਨਿਰੀਖਣ ਕੀਤਾ। ਇਸ ਮੌਕੇ ਦੁੱਧ ਅਤੇ ਦੁੱਧ ਉਤਪਾਦਾਂ ਦੇ ਕਈ ਸੈਂਪਲ ਭਰੇ ਗਏ, ਜਿਨ੍ਹਾਂ ਨੂੰ ਜਾਂਚ ਲਈ ਲੈਬ ਵਿੱਚ ਭੇਜ ਦਿੱਤਾ ਗਿਆ ਹੈ।
ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੈਂਪਲ ਰਿਪੋਰਟ ਆਉਣ ਤੋਂ ਬਾਅਦ ਨਿਯਮਾਂ ਦੀ ਉਲੰਘਣਾ ਪਾਈ ਜਾਣ ਉੱਤੇ ਫੈਕਟਰੀ ਸੰਚਾਲਕ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਕਾਰਵਾਈ ਤੋਂ ਬਾਅਦ ਖੇਤਰ ਵਿੱਚ ਖਾਣ ਵਾਲੀਆਂ ਵਸਤੂਆਂ ਦੀ ਸੁਰੱਖਿਆ ਨੂੰ ਲੈ ਕੇ ਹੜਕੰਪ ਮਚ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਗੈਰਕਾਨੂੰਨੀ ਕਾਰੋਬਾਰੀਆਂ ਵਿਰੁੱਧ ਅੱਗੇ ਵੀ ਕਾਰਵਾਈ ਜਾਰੀ ਰਹੇਗੀ।