ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਡੇਟ ਸ਼ੀਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਟਸ਼ੀਟ ਅਤੇ ਹੋਰ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in 'ਤੇ ਉਪਲਬਧ

Punjab School Education Board releases date sheet for classes 8th, 10th and 12th

ਐਸ.ਏ.ਐਸ. ਨਗਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਬੋਰਡ ਪ੍ਰੀਖਿਆਵਾਂ ਫਰਵਰੀ/ਮਾਰਚ 2026 ਲਈ ਹੋਣ ਜਾ ਰਹੀਆਂ ਪ੍ਰਯੋਗੀ ਅਤੇ ਲਿਖਤੀ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕੀਤੀ ਗਈ। ਬੋਰਡ ਵੱਲੋਂ ਇਸ ਸਾਲ ਜਮਾਤ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਵਿੱਚ ਮਹੱਤਵਪੂਰਨ ਤਬਦੀਲੀ ਕਰਦੇ ਹੋਏ ਪ੍ਰਯੋਗੀ ਪ੍ਰੀਖਿਆਵਾਂ ਲਿਖਤੀ ਪ੍ਰੀਖਿਆਵਾਂ ਤੋਂ ਪਹਿਲਾਂ ਮਿਤੀ 02-02-2026 ਤੋਂ 12-02-2026 ਤੱਕ ਆਯੋਜਿਤ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਲਿਖਤੀ ਪ੍ਰੀਖਿਆਵਾਂ ਤੋਂ ਬਾਅਦ ਹੋਣ ਵਾਲੀਆਂ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਢੁਕਵਾਂ ਸਮਾਂ ਮਿਲ ਸਕੇ ਅਤੇ ਅਗਲੇਰੀਆਂ ਜਮਾਤਾਂ ਦੀ ਪੜ੍ਹਾਈ ਸਮੇਂ ਸਿਰ ਸ਼ੁਰੂ ਹੋ ਸਕੇ।

ਬੋਰਡ ਵੱਲੋ ਲਿਖਤੀ ਪ੍ਰੀਖਿਆਵਾਂ ਦੇ ਸ਼ਡਿਊਲ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸੈਸ਼ਨ 2025-26 ਲਈ ਜਮਾਤ ਅੱਠਵੀਂ ਦੀਆਂ ਲਿਖਤੀ ਪ੍ਰੀਖਿਆਵਾਂ ਮਿਤੀ 17-02-2026 ਤੋਂ 27-02-2026 ਤੱਕ ਸਵੇਰੇ 11:00 ਤੋਂ 2:15 ਤੱਕ ਆਯੋਜਿਤ ਕੀਤੀਆਂ ਜਾਣਗੀਆਂ ਜਿਹਨਾਂ ਵਿੱਚ ਲਗਭਗ 2 ਲੱਖ 77 ਹਜ਼ਾਰ ਪ੍ਰੀਖਿਆਰਥੀ 2300 ਤੋਂ ਵਧੇਰੇ ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਦੇਣਗੇ।

ਇਸੇ ਤਰ੍ਹਾਂ ਜਮਾਤ ਦਸਵੀਂ ਦੀਆਂ ਲਿਖਤੀ ਪ੍ਰੀਖਿਆਵਾਂ ਮਿਤੀ 06-03-2026 ਤੋਂ 01-04-2026 ਤੱਕ ਸਵੇਰੇ 11:00 ਤੋਂ 2:15 ਤੱਕ ਆਯੋਜਿਤ ਕੀਤੀਆਂ ਜਾਣਗੀਆਂ ਜਿਹਨਾਂ ਵਿੱਚ ਲਗਭਗ 2 ਲੱਖ 84 ਹਜ਼ਾਰ ਪ੍ਰੀਖਿਆਰਥੀ 2300 ਤੋਂ ਵਧੇਰੇ ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਦੇਣਗੇ।

ਇਸ ਤੋਂ ਇਲਾਵਾ ਜਮਾਤ ਬਾਰ੍ਹਵੀਂ ਦੀਆਂ ਲਿਖਤੀ ਪ੍ਰੀਖਿਆਵਾਂ ਮਿਤੀ 17-02-2026 ਤੋਂ 04-04-2026 ਤੱਕ ਸਵੇਰੇ 11:00 ਤੋਂ 2:15 ਤੱਕ ਆਯੋਜਿਤ ਕੀਤੀਆਂ ਜਾਣਗੀਆਂ ਜਿਹਨਾਂ ਵਿੱਚ ਲਗਭਗ 2 ਲੱਖ 84 ਹਜ਼ਾਰ ਪ੍ਰੀਖਿਆਰਥੀ ਲਗਭਗ 2200 ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਦੇਣਗੇ।

ਪ੍ਰੀਖਿਆਵਾਂ ਨਾਲ ਸਬੰਧਤ ਹਦਾਇਤਾਂ, ਡੇਟਸ਼ੀਟ ਅਤੇ ਹੋਰ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ਤੇ ਉਪਲਬਧ ਹੈ।