ਮਨਰੇਗਾ ਵਿਚ ਬਦਲਾਅ ਵਿਰੁਧ ਪੰਜਾਬ ਵਿਧਾਨ ਸਭਾ ਵਿਚ ਮਤਾ ਹੋਇਆ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਦੀ ਭਾਜਪਾ ਨੂੰ ਚੇਤਾਵਨੀ, ਪਿੰਡਾਂ ਵਿਚ ਵੜਨਾ ਬੰਦ ਕਰ ਦਿਆਂਗੇ

Resolution passed in Punjab Assembly against changes in MNREGA

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਅੱਜ ਭਰਵੀਂ ਬਹਿਸ ਬਾਅਦ ਕੇਂਦਰ ਸਰਕਾਰ ਵਲੋਂ ਮਨਰੇਗਾ ਵਿਚ ਬਦਲਾਅ ਕਰ ਕੇ ਲਿਆਂਦੇ ਗਏ ਵੀ.ਬੀ.ਜੀ.ਰਾਮ ਜੀ ਕਾਨੂੰਨ ਵਿਰੁਧ ਮਤਾ ਸਰਬਸੰਮਤੀ ਨਾਲ ਪਾਸ ਕਰ ਦਿਤਾ ਗਿਆ। ਇਸ ਮਤੇ ੈਉਪਰ ਬਹਿਸ ਸਮੇਂ ਭਾਵੇਂ ਸੱਤਾਧਿਰ ਅਤੇ ਵਿਰੋਧੀ ਮੈਂਬਰਾਂ ਵਿਚ ਨੋਕ ਝੋਕ ਵੀ ਚਲਦੀ ਰਹੀ ਪਰ ਇਸ ਮਤੇ ਨੂੰ ਭਾਜਪਾ ਦੇ ਦੋ ਮੈਂਬਰਾਂ ਨੂੰ ਛੱਡ ਕੇ ਬਾਕੀ ਸੱਭ ਪਾਰਟੀਆਂ ਨੇ ਹਮਾਇਤ ਦਿਤੀ। ਵਿਧਾਨ ਸਭਾ ਵਿਚ ਅੱਜ ਵਿਧਾਨਕ ਕੰਮਕਾਰ ਦੌਰਾਨ ਤਿੰਨ ਬਿਲ ਵੀ ਪਾਸ ਕਰ ਦਿਤੇ ਗਏ। ਮਨਰੇਗਾ ਵਿਚ ਬਦਲਾਅ ਵਿਰੁਧ ਪੇਂਡੂ ਵਿਕਾਸ ਅਤੇ ਪੰਚਾਇਤ ਸੰਮਤੀ ਤਰੁਣਪ੍ਰੀਤ ਸਿੰਘ ਸੌਂਦ ਵਲੋਂ ਪੇਸ਼ ਮਤੇ ਨੂੰ ਕਾਂਗਰਸ, ਅਕਾਲੀ ਦਲ, ਬਸਪਾ ਅਤੇ ਆਜ਼ਾਦ ਮੈਂਬਰ ਦਾ ਸਰਮਥਨ ਮਿਲਿਆ। ਮਤਾ ਪਾਸ ਹੋਣ ਤੋਂ ਪਹਿਲਾਂ ਇਸ ਬਾਰੇ ਸਦਨ ਵਿਚ ਅਪਣੇ ਵਿਚਾਰ ਪੇਸ਼ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਗ਼ਰੀਬਾਂ ਦੀ ਗਰਦਨ ਉਤੇ ਕੁਹਾੜੀ ਰੱਖਣੀ ਬੰਦ ਕਰੋ, ਨਹੀਂ ਤਾਂ ਪੰਜਾਬ ਵਿਚ ਭਾਜਪਾ ਦਾ ਪੰਜਾਬ ਦੇ ਪਿੰਡਾਂ ਵਿਚ ਵੜਨਾ ਬੰਦ ਕਰ ਦਿਆਂਗੇ। ਉਨ੍ਹਾਂ ਕਿਹਾ ਕਿ ਗ਼ਰੀਬਾਂ ਦੇ ਹੱਕਾਂ ਉਪਰ ਡਾਕਾ ਨਹੀਂ ਪੈਣ ਦਿਆਂਗੇ ਅਤੇ ਮਨਰੇਗਾ ਸਕੀਮ ਵਿਚ ਬਦਲਾਅ ਵਿਰੁਧ ਹਰ ਪੱਧਰ ’ਤੇ ਲੜਾਈ ਲੜਾਂਗੀ। ਉਨ੍ਹਾਂ ਭਾਜਪਾ ਨੂੰ ਸਵਾਲ ਕੀਤਾ ਕਿ ਕੀ ਗ਼ਰੀਬਾਂ ਦੇ ਹੱਕ ਮਾਰ ਕੇ ਬਣੇਗਾ ਵਿਕਸਤ ਭਾਰਤ?

ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਉਪਰ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਤਾਂ ਤਿੰਨ ਬੰਦਿਆਂ ਵਿਚ ਹੀ ਦੇਸ਼ ਦਿਖਦਾ ਹੈ ਅਤੇ ਉਹ ਹੀ ਮੋਦੀ ਨੂੰ ਵਿਦੇਸ਼ ਦੌਰੇ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਜਿੰਨੀ ਪੰਜਾਬ ਵਿਰੋਧੀ ਭਾਜਪਾ ਹੈ, ਉਨ੍ਹਾਂ ਹੋਰ ਕੋਈ ਨਹੀਂ। ਇਸ ਵਿਚ ਪੰਜਾਬ ਵਿਰੁਧ ਨਫ਼ਰਤ ਭਰੀ ਹੋਈ ਹੈ। ਇਹ ਕਦੇ ਯੂਨੀਵਰਸਿਟੀ, ਕਦੇ ਬੀ.ਬੀ.ਐਮ.ਬੀ. ਅਤੇ ਕਦੇ ਚੰਡੀਗੜ੍ਹ ਦਾ ਮੁੱਦਾ ਚੁੱਕਦੇ ਹਨ। ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਅਤੇ ਪਰਗਟ ਸਿੰਘ ਵਲੋਂ ਮਤਾ ਪਾਸ ਕਰਨ ਤੋਂ ਅੱਗੇ ਵਧ ਕੇ ਦਿੱਲੀ ਪ੍ਰਧਾਨ ਮੰਤਰੀ ਦੇ ਘਰ ਅੱਗੇ ਧਰਨਾ ਲਾਉਣ ਦੀ ਮੰਗ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸੋਨੀਆ ਤੇ ਰਾਹੁਲ ਗਾਂਧੀ ਨੂੰ ਤਾਂ ਕਹੋ, ਜੋ ਦਿੱਲੀ ਵਿਚ ਹੀ ਰਹਿੰਦੇ ਹਨ ਤਾਂ ਬਾਅਦ ਵਿਚ ਅਸੀ ਨਾਲ ਚਲ ਪਵਾਂਗੇ। ਉਨ੍ਹਾਂ ਮਨਰੇਗਾ ਵਿਚ ਬਦਲਾਅ ਬਾਰੇ ਕਿਹਾ ਕਿ ਇਹ ਸਿਰਫ਼ ਨਾਂ ਬਦਲਣ ਦਾ ਹੀ ਮਸਲਾ ਨਹੀਂ ਬਲਕਿ ਮਨਰੇਗਾ ਦੀ ਆਤਮਾ ਮਾਰ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਗ਼ਰੀਬਾਂ ਦੀ ਗਰੰਟੀ ਯੋਜਨਾ ਖ਼ਤਮ ਕਰਦੀ ਹੈ, ਉਸ ਤੋਂ ਕਿਸਾਨਾਂ ਦੀ ਐਮਐਸਪੀ ਦੀ ਗਰੰਟੀ ਦੀ ਮੰਗ ਪੂਰੀ ਹੋਣ ਦੀ ਆਸ ਵੀ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਕਿਹਾ ਕਿ ਅਸਲ ਨਵੀਂ ਸਕੀਮ ਵਿਚ 60:40 ਦੀ ਰੇਸ਼ੋ ਰੱਖ ਕੇ ਮਨਰੇਗਾ ਨੂੰ ਖ਼ਤਮ ਕਰਨ ਦੀ ਹੀ ਚਾਲ ਹੈ। ਅੱਜ ਤਿੰਨ ਬਿਲ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੇਸ਼ ਕੀਤੇ। ਇਨ੍ਹਾਂ ਵਿਚ ਪੰਜਾਬ ਅਬਾਦੀ ਦੇਹ (ਰਿਕਾਰਡ ਮਾਲਕੀ), ਭਾਰਤੀ ਸਟੈਂਪ ਡਿਊਟੀ ਅਤੇ ਪੰਜਾਬ ਲੈਂਡ ਰੈਵੇਨਿਊੁ ਸੋਧ ਬਿਲ ਸ਼ਾਮਲ ਹਨ। ਮਨਰੇਗਾ ਵਿਚ ਬਦਲਾਅ ਵਿਰੁਧ ਪਾਸ ਕੀਤੇ ਗਏ ਮਤੇ ਵਿਚ ਕੇਂਦਰ ਸਰਕਾਰ ਨੂੰ ਇਸ ਬਾਰੇ ਮੁੜ ਵਿਚਾਰ ਕਰਨ ਅਤੇ ਪਹਿਲਾਂ ਵਾਲੀ ਸਕੀਮ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। ਮਤੇ ਵਿਚ ਸਦਨ ਨੇ ਇਸ ਮਾਮਲੇ ਬਾਰੇ ਸਰਕਾਰ ਨੂੰ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਦਾ ਅਧਿਕਾਰ ਦਿਤਾ ਗਿਆ ਹੈ। ਇਸ ਮਤੇ ਵਿਚ ਨਵੇਂ ਕਾਨੂੰਨ ਦੇ ਮਾਰੂ ਨੁਕਤਿਆਂ ਦਾ ਜ਼ਿਕਰ ਕੀਤਾ ਗਿਆ ਹੈ।

ਖਹਿਰਾ ਤੇ ਢਿੱਲੋਂ ਨੂੰ ਮਾਰਸ਼ਲਾਂ ਨੇ ਚੁਕ ਕੇ ਸਦਨ ਵਿਚੋਂ ਬਾਹਰ ਕਢਿਆ

ਅੱਜ ਮਨਰੇਗਾ ਵਿਚ ਬਦਲਾਅ ਵਿਰੁਧ ਮਤੇ ’ਤੇ ਬੋਲਣ ਲਈ ਜਦੋਂ ਮੁੱਖ ਮੰਤਰੀ ਖੜੇ ਹੋਏ ਤਾਂ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਹੰਗਾਮਾ ਕਰ ਦਿਤਾ। ਉਹ ਇਸ ਗੱਲ ’ਤੇ ਰੋਸ ਪ੍ਰਗਟ ਕਰ ਰਹੇ ਸਨ ਕਿ ਉਨ੍ਹਾਂ ਨੂੰ ਸ਼ਰਧਾਂਜਲੀ ਸਮੇਂ ਬੋਲਣ ਦਾ ਸਮਾਂ ਨਹੀਂ ਦਿਤਾ ਜਾ ਰਿਹਾ। ਉਹ ਸਪੀਕਰ ਦੇ ਆਸਨ ਸਾਹਮਣੇ ਜਾ ਕੇ ਜ਼ੋਰਦਾਰ ਸ਼ੋਰ ਸ਼ਰਾਬਾ ਕਰਨ ਲੱਗੇ। ਇਸ ਨਾਲ ਹੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਮੈਂਬਰ ਵੀ ਖਹਿਰਾ ਦੇ ਸਮਰਥਨ ਵਿਚ ਖੜੇ ਹੋ ਗਏ। ਮੁੱਖ ਮੰਤਰੀ ਨੇ ਕਿਹਾ ਕਿ ਇਹ ਅਸਲ ਵਿਚ ਕਾਂਗਰਸ ਦਾ ਦਲਿਤ ਵਿਰੋਧੀ ਵਿਵਹਾਰ ਹੈ ਅਤੇ ਯੋਜਨਾ ਬਣਾ ਕੇ ਆਏ ਹਨ ਕਿ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਣਾ। ਉਨ੍ਹਾਂ ਸਪੀਕਰ ਨੂੰ ਕਿਹਾ ਕਿ ਇਸ ਖੁਰਾਫਾਤੀ ਨੂੰ ਬਾਹਰ ਕੱਢੋ ਤਾਂ ਜੋ ਕਾਰਵਾਈ ਚਲੇ। ਸਪੀਕਰ ਨੇ ਮਾਰਸ਼ਲਾਂ ਨੂੰ ਹੁਕਮ ਦਿਤਾ ਕਿ ਖਹਿਰਾ ਨੂੰ ਚੁਕ ਕੇ ਬਾਹਰ ਕੀਤਾ ਜਾਵੇ। ਪਹਿਲਾਂ ਸਪੀਕਰ ਨੇ ਖਹਿਰਾ ਨੂੰ ਚੇਤਾਵਨੀ ਵੀ ਦਿਤੀ ਸੀ। ਮਾਰਸ਼ਲਾਂ ਵਲੋਂ ਖਹਿਰਾ ਨੂੰ ਫੜ ਕੇ ਬਾਹਰ ਕਰਨ ਸਮੇਂ ਉਨ੍ਹਾਂ ਦਾ ਸਾਥ ਦੇ ਰਹੇ ਵਿਧਾਇਕ ਕੁਲਦੀਪ ਢਿੱਲੋਂ ਸਮੇਤ ਦੋਹਾਂ ਨੂੰ ਧੂਹ ਘੜੀਸ ਕੇ ਚੁਕਣ ਬਾਅਦ ਬਾਹਰ ਕੱਢ ਦਿਤਾ।

ਪੰਜਾਬ ਵਿਧਾਨ ਸਭਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ

ਮੁੱਖ ਮੰਤਰੀ ਸਮੇਤ ਸਾਰੀਆਂ ਪਾਰਟੀਆਂ ਨੇ ਵਿਚਾਰ ਪੇਸ਼ ਕੀਤੇ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ 16ਵੀਂ ਪੰਜਾਬ ਵਿਧਾਨ ਸਭਾ ਦੇ 11ਵੇਂ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਜ਼ਾਲਮ ਮੁਗ਼ਲ ਸ਼ਾਸਕਾਂ ਦੇ ਜ਼ੁਲਮ ਤੋਂ ਸਿੱਖ ਭਾਈਚਾਰੇ ਨੂੰ ਬਚਾਉਣ ਲਈ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪੁੱਤਰਾਂ ਵਲੋਂ ਦਿਤੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਗੁਰੂ ਸਾਹਿਬ ਨੇ ਆਲਮੀ ਪੱਧਰ ’ਤੇ ਭਾਈਚਾਰੇ ਤੇ ਧਰਮ ਨਿਰਪੱਖਤਾ ਨੂੰ ਉਤਸ਼ਾਹਤ ਕੀਤਾ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ। ਉਨ੍ਹਾਂ ਦੀ ਬੇਮਿਸਾਲ ਕੁਰਬਾਨੀ ਨੂੰ ਦੁਨੀਆਂ ਭਰ ਵਿਚ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਇਤਿਹਾਸ ਵਿਚ ਅਜਿਹੀ ਲਾਸਾਨੀ ਸ਼ਹਾਦਤ ਦੀ ਕੋਈ ਮਿਸਾਲ ਨਹੀਂ ਮਿਲਦੀ।

ਪੰਜਾਬ ਵਿਧਾਨ ਸਭਾ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਅਮਨ ਅਰੋੜਾ, ਆਪ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਬਸਪਾ ਵਿਧਾਇਕ ਨਛੱਤਰ ਪਾਲ, ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਸ਼੍ਰੋਮਣੀ ਅਕਾਲੀ ਦਲ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮਹਾਨ ਕੁਰਬਾਨੀਆਂ ਨੇ ਸਾਨੂੰ ਜਬਰ-ਜ਼ੁਲਮ ਅੱਗੇ ਕਦੇ ਵੀ ਈਨ ਨਾ ਮੰਨਣ ਅਤੇ ਹਮੇਸ਼ਾ ਅਪਣੇ ਅਸੂਲਾਂ ’ਤੇ ਪਹਿਰਾ ਦੇਣ ਦਾ ਸੰਦੇਸ਼ ਦਿਤਾ। ਅਪਣੇ ਵਿਚਾਰ ਸਾਂਝੇ ਕਰਦਿਆਂ ਮੁਖ ਮੰਤਰੀ ਨੇ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੀਆਂ ਮਹਾਨ ਕੁਰਬਾਨੀਆਂ ਸਮੁੱਚੀ ਮਨੁੱਖਤਾ ਦੇ ਇਤਿਹਾਸ ਵਿਚ ਵਿਲੱਖਣ ਸਥਾਨ ਰੱਖਦੀਆਂ ਹਨ ਜਿਨ੍ਹਾਂ ਨੂੰ ਛੋਟੀ ਉਮਰ ਵਿਚ ਸ਼ਹੀਦ ਤਾਂ ਕਰ ਦਿਤਾ ਗਿਆ ਪਰ ਸਦੀਆਂ ਬਾਅਦ ਅੱਜ ਵੀ ਉਨ੍ਹਾਂ ਦੀ ਵਿਚਾਰਧਾਰਾ ਸਾਨੂੰ ਅਸੂਲਾਂ ਖਾਤਰ ਮਰ ਮਿਟਣ ਅਤੇ ਹਕੂਮਤਾਂ ਦੇ ਜ਼ੁਲਮ ਅੱਗੇ ਨਾ ਝੁਕਣ ਦਾ ਸੰਦੇਸ਼ ਦਿੰਦੀ ਹੈ। 

ਵਿਛੜੀਆਂ ਸ਼ਖ਼ਸੀਅਤਾਂ ਨੂੰ ਵੀ ਸ਼ਰਧਾਂਜਲੀ

ਇਸੇ ਦੌਰਾਨ 16ਵੀਂ ਪੰਜਾਬ ਵਿਧਾਨ ਸਭਾ ਦੇ 11ਵੇਂ (ਵਿਸ਼ੇਸ਼) ਸੈਸ਼ਨ ਦੌਰਾਨ ਸਦਨ ਵਲੋਂ ਸਾਬਕਾ ਰਾਜਪਾਲ, ਪੰਜਾਬ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਿਵਰਾਜ ਪਾਟਿਲ, ਸਾਬਕਾ ਮੰਤਰੀ ਜਗਤਾਰ ਸਿੰਘ ਮੁਲਤਾਨੀ, ਸਾਬਕਾ ਰਾਜ ਮੰਤਰੀ ਤਾਰਾ ਸਿੰਘ ਲਾਡਲ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ, ਬਾਲੀਵੁਡ ਦੇ ਮਸ਼ਹੂਰ ਸਟਾਰ ਅਤੇ ਲੋਕ ਸਭਾ ਦੇ ਸਾਬਕਾ ਮੈਂਬਰ ਧਰਮਿੰਦਰ ਸਿੰਘ ਦਿਓਲ, ਗਾਇਕ ਰਾਜਵੀਰ ਸਿੰਘ ਜਵੰਦਾ, ਕੌਮਾਂਤਰੀ ਪੱਧਰ ’ਤੇ ਉੱਘੇ ਚਿੱਤਰਕਾਰ ਗੋਬਿੰਦਰ ਸਿੰਘ ਸੋਹਲ, ਪ੍ਰਸਿੱਧ ਪੰਜਾਬੀ ਸੰਗੀਤਕਾਰ ਅਤੇ ਉਸਤਾਦ ਪੂਰਨ ਸ਼ਾਹ ਕੋਟੀ ਅਤੇ ਵਿਧਾਇਕ ਦਲਜੀਤ ਸਿੰਘ ਭੋਲਾ ਦੇ ਪਿਤਾ ਬਲਬੀਰ ਸਿੰਘ ਗਰੇਵਾਲ ਦੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮੁੱਚੇ ਸਦਨ ਨੇ ਸ਼ਰਧਾਂਜਲੀ ਦਿੰਦਿਆਂ ਸਤਿਕਾਰ ਵਜੋਂ ਵਿਛੜੀਆਂ ਰੂਹਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਵੀ ਰਖਿਆ।