ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਭਾਜਪਾ ਨੇ ਰਚੀ ਸੀ ਹਿੰਸਾ ਦੀ ਸਾਜ਼ਸ਼ : ਆਪ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਭਾਜਪਾ ਨੇ ਰਚੀ ਸੀ ਹਿੰਸਾ ਦੀ ਸਾਜ਼ਸ਼ : ਆਪ

image

ਦੀਪ ਸਿੱਧੂ ਨੂੰ ਦਸਿਆ ‘ਭਾਜਪਾ ਏਜੰਟ’

ਨਵੀਂ ਦਿੱਲੀ, 30 ਜਨਵਰੀ : ਆਮ ਆਦਮੀ ਪਾਰਟੀ ਨੇ ਸਨਿਚਰਵਾਰ ਨੂੰ ਦੇਸ਼ ਲਗਾਇਆ ਕਿ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀ ਸਾਜ਼ਸ਼ ਭਾਜਪਾ ਲੇ ਦਿੱਲੀ ਪੁਲਿਸ ਦੀ ਮਦਦ ਨਾਲ ਰਚੀ ਸੀ ਤਾਕਿ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ। ਆਪ ਬੁਲਾਰਾ ਸੌਰਭ ਭਾਰਦਵਾਜ ਨੇ ਪੈ੍ਰਸ ਕਾਨਫਰੰਸ ’ਚ ਭਾਜਪਾ ਆਗੂਆਂ ਨੂੰ ‘ਸੱਭ ਤੋਂ ਵੱਡਾ ਰਾਸ਼ਟਰ ਵਿਰੋਧੀ’ ਕਰਾਰ ਦਿੰਦੇ ਹੋਏ ਮੰਗ ਕੀਤੀ ਕਿ ਉਨ੍ਹਾਂ ਵਿਰੁਧ ਦੇਸ਼ਧਰੋਹ ਦੇ ਮਾਮਲੇ ਦਰਜ ਕੀਤੇ ਜਾਣੇ ਚਾਹੀਦੇ  ਅਤੇ ਐਨਆਈਏ ਤੋਂ ਇਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਭਾਜਪਾ ਵਲੋਂ ਇਨ੍ਹਾਂ ਦੋਸ਼ਾਂ ’ਤੇ ਤੁਰਤ ਕੋਈ ਪ੍ਰਤੀਕਿਰਿਆ ਨਹੀਂ ਮਿਲੀ। ਆਪ ਆਗੂ ਭਾਰਦਵਾਜ ਨੇ ਦਾਅਵਾ ਕੀਤਾ, ‘‘ਪੁਲਿਸ ਅਤੇ ਭਾਜਪਾ ਨੇ ਮਿਲ ਕੇ 26 ਜਨਵਰੀ ਅਤੇ ਉਸ ਦੇ ਬਾਅਦ ਹਿੰਸਾ ਦੀ ਕਹਾਣੀ ਲਿਖੀ ਸੀ। ਭਾਜਪਾ ਨੇ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਲਈ ਦਿੱਲੀ ਪੁਲਿਸ ਦੀ ਮਦਦ ਨਾਲ ਕਹਾਣੀ ਤਿਆਰ ਕੀਤੀ ਸੀ।’’ ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ‘ਭਾਜਪਾ ਏਜੰਟ’ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਨੇ ਕਿਸਾਨਾਂ ਤੋਂ ਬਹੁਤ ਪਹਿਲਾਂ ਦਿੱਲੀ ’ਚ ਦਾਖ਼ਲ ਹੋਣ ਲਈ ਮਾਰਚ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿਤੀ ਸੀ।  ਭਾਰਦਵਾਜ ਨੇ ਦਾਅਵਾ ਕੀਤਾ, ‘‘ਭਾਜਪਾ ਦੇ ਨਿਰਦੇਸ਼ਾਂ ’ਤੇ ਦਿੱਲੀ ਪੁਲਿਸ ਨੇ ਇਸ ਸਖ਼ਸ਼ ਨੂੰ ਲਾਲ ਕਿਲ੍ਹੇ ’ਚ ਪਹੁੰਚਣ ਅਤੇ ਨੁਕਸਾਨ ਪਹੁੰਚਾਉਣ ਦਿਤਾ। ਭਾਜਪਾ ਅਤੇ ਦਿੱਲੀ ਪੁਲਿਸ ਨੇ ਇਸ ਵਿਅਕਤੀ ਨੂੰ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਦਾ ਝੰਡਾ ਵੀ ਲਾਉਣ ਦਿਤਾ।’’ (ਪੀਟੀਆਈ)