ਚਰਨਜੀਤ ਸਿੰਘ ਚੰਨੀ ਭਦੌੜ ਤੋਂ ਅਪਣੀ ਜ਼ਮਾਨਤ ਜ਼ਬਤ ਕਰਵਾਉਣਗੇ : ਸੁਖਬੀਰ

ਏਜੰਸੀ

ਖ਼ਬਰਾਂ, ਪੰਜਾਬ

ਚਰਨਜੀਤ ਸਿੰਘ ਚੰਨੀ ਭਦੌੜ ਤੋਂ ਅਪਣੀ ਜ਼ਮਾਨਤ ਜ਼ਬਤ ਕਰਵਾਉਣਗੇ : ਸੁਖਬੀਰ

image

ਜੈਤੋ, 31 ਜਨਵਰੀ (ਗੁਰਿੰਦਰ ਸਿੰਘ/ਸੁਖਜਿੰਦਰ ਸਹੋਤਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਹਲਕੇ ਤੋਂ ਉਮੀਦਵਾਰ ਬਣਾ ਕੇ ਮਾਲਵਾ ਵਿਚ ਆਪਣੀ ਪਾਰਟੀ ਦੀ ਕਿਸਮਤ ਬਦਲਣ ਲਈ ਖੇਡਿਆ ਗਿਆ ਪੱਤਾ ਬੁਰੀ ਤਰ੍ਹਾਂ ਫਲਾਪ ਸਾਬਿਤ ਹੋਵੇਗਾ, ਕਿਉਂਕਿ ਸਾਰਾ ਐੱਸ.ਸੀ. ਭਾਈਚਾਰਾ ਕਾਂਗਰਸ ਪਾਰਟੀ ਵਲੋਂ ਉਹਨਾਂ ਲਈ ਬਣੀਆਂ ਸਮਾਜ ਭਲਾਈ ਸਕੀਮਾਂ ਬੰਦ ਕਰਨ ਤੋਂ ਭਾਰੀ ਨਾਰਾਜ਼ ਹੈ। 
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੁੰ ਗਰੀਬ ਲੋਕਾਂ ਨੂੰ ਦੱਸਣਾ ਪਵੇਗਾ ਕਿ ਉਹਨਾਂ ਨੇ ਇਕ ਕੈਬਨਿਟ ਮੰਤਰੀ ਹੁੰਦਿਆਂ ਕਾਂਗਰਸ ਸਰਕਾਰ ਵਲੋਂ ਚੁੱਕੇ ਗਏ ਗਰੀਬ ਵਿਰੋਧੀ ਕਦਮਾਂ ਦਾ ਵਿਰੋਧ ਕਿਉਂ ਨਾ ਕੀਤਾ? ਅਤੇ ਉਹਨਾਂ ਨੇ ਮੁੱਖ ਮੰਤਰੀ ਹੁੰਦਿਆਂ ਪਹਿਲਾਂ ਹੋਇਆ ਅਨਿਆਂ ਦਰੁਸਤ ਕਰਨ ਲਈ ਕਦਮ ਕਿਉਂ ਨਹੀਂ ਚੁੱਕੇ? ਉਹਨਾ ਕਿਹਾ ਕਿ ਜਦੋਂ ਐਸ.ਸੀ. ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਐਸ.ਸੀ. ਵਿਦਿਆਰਥੀਆਂ ਦੇ ਐਸ.ਸੀ. ਸਕਾਲਰਸ਼ਿਪ ਘੁਟਾਲਾ ਕੀਤਾ ਤਾਂ ਉਦੋਂ ਚਰਨਜੀਤ ਸਿੰਘ ਚੰਨੀ ਨੇ ਇਕ ਸ਼ਬਦ ਵੀ ਨਹੀਂ ਬੋਲਿਆ। 
ਉਨ੍ਹਾਂ ਕਿਹਾ ਕਿ ਜਦੋਂ ਗਰੀਬ ਲੋਕਾਂ ਦੇ ਲੱਖਾਂ ਨੀਲੇ ਕਾਰਡ ਰੱਦ ਕੀਤੇ ਗਏ, ਚੰਨੀ ਨੇ ਉਦੋਂ ਵੀ ਆਵਾਜ਼ ਨਹੀਂ ਚੁੱਕੀ। ਉਹਨਾਂ ਨੇ ਜਦੋਂ ਸ਼ਗਨ ਸਕੀਮ ਦੀ ਰਾਸ਼ੀ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਨਹੀਂ ਕੀਤੀ ਗਈ ਤੇ ਬੁਢਾਪਾ ਪੈਨਸ਼ਨ ’ਚ ਵਾਧਾ ਨਹੀਂ ਕੀਤਾ ਗਿਆ, ਉਦੋਂ ਵੀ ਕੁਝ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਭਦੌੜ ਤੋਂ ਆਪਣੀ ਜ਼ਮਾਨਤ ਜ਼ਬਤ ਕਰਵਾਉਣਗੇ। ਉਹਨਾਂ ਕਿਹਾ ਕਿ ਹਲਕੇ ’ਚ ਉਹਨਾਂ ਖਿਲਾਫ ਲੋਕ ਲਹਿਰ ਚੱਲ ਪਈ ਹੈ। ਇਸ ਦੌਰਾਨ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ, ਜਦੋਂ ਪੰਜ ਮੌਜੂਦਾ ਕੌਂਸਲਰਾਂ ਸਮੇਤ ਵੱਖ ਵੱਖ ਪਾਰਟੀਆਂ ਦੇ ਅਨੇਕਾਂ ਆਗੂਆਂ ਨੇ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਫੋਟੋ :- ਕੇ.ਕੇ.ਪੀ.-ਗੁਰਿੰਦਰ-31-12ਐੱਲ
ਫੋਟੋ: ਐਫਡੀਕੇ 31-1