ਦਿੱਲੀ ਦੀ ਤਰਜ਼ 'ਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਮਿਲੇਗਾ ਮੁਆਵਜ਼ਾ - ਭਗਵੰਤ ਮਾਨ
ਕਿਹਾ, ਕਾਂਗਰਸ ਦਾ ਜਿਹੜਾ ਵੀ ਮੁੱਖ ਮੰਤਰੀ ਚਿਹਰਾ ਹੋਵੇਗਾ, ਉਸ ਨੂੰ ਮੇਰੇ ਵਲੋਂ ਸ਼ੁੱਭਕਾਮਨਾਵਾਂ
ਮੁਹਾਲੀ : ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਮੁਹਾਲੀ ’ਚ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਪੰਜਾਬ ਦੀ ਜਨਤਾ ਨੂੰ ਵਿਸ਼ਵਾਸ ਜਤਾਇਆ ਕਿ ਸੂਬੇ ਵਿਚ ਉਨ੍ਹਾਂ ਦੀ ਸਰਕਾਰ ਬਣਨ 'ਤੇ ਕਿਸਾਨਾਂ ਨੂੰ ਮੁਆਵਜ਼ਾ ਦਿਤਾ ਜਾਵੇਗਾ।
ਮਾਨ ਨੇ ਕਿਹਾ,''ਅੱਜ ਅਰਵਿੰਦ ਕੇਜਰੀਵਾਲ ਜੀ ਵਲੋਂ ਦਿੱਲੀ ਦੇ ਕਿਸਾਨਾਂ ਨੂੰ ਬੇਮੌਸਮੀ ਬਰਸਾਤ ਨਾਲ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦਿਤਾ ਗਿਆ ਹੈ। ਸੂਬੇ ਵਿਚ 'ਆਪ' ਦੀ ਸਰਕਾਰ ਬਣਨ 'ਤੇ ਦਿੱਲੀ ਦੀ ਤਰਜ਼ 'ਤੇ ਹੀ ਪੰਜਾਬ ਦੇ ਕਿਸਾਨਾਂ ਨੂੰ ਵੀ ਮੁਆਵਜ਼ਾ ਦਿਤਾ ਜਾਵੇਗਾ।''
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਦਿੱਲੀ ਵਾਂਗ ਪੰਜਾਬ ਦੇ ਕਿਸਾਨਾਂ ਨੂੰ ਵੀ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਕਾਂਗਰਸ ਵਲੋਂ ਮੁੱਖ ਮੰਤਰੀ ਦੇ ਚਿਹਰਾ ਦਾ ਫ਼ੈਸਲਾ ਕਰਨ ਲਈ ਇਕ ਐਪ ਬਣਾਈ ਗਈ ਹੈ, ਜਿਸ ’ਤੇ ਭਗਵੰਤ ਮਾਨ ਵਲੋਂ ਤੰਜ਼ ਕੱਸਿਆ ਗਿਆ ਹੈ। ਭਗਵੰਤ ਮਾਨ ਨੇ ਕਾਂਗਰਸ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਸਾਡੀ ਨਕਲ ਕਰ ਰਹੇ ਹਨ ਅਤੇ ਮੁੱਖ ਮੰਤਰੀ ਦੇ ਚਿਹਰੇ ਲਈ ਵੋਟਿੰਗ ਕਰਵਾ ਰਹੇ ਨੇ।
ਭਗਵੰਤ ਮਾਨ ਨੇ ਕਿਹਾ ਕਿ ਉਹ ਲੋਕ ਹਨ, ਜੋ ਬੀਤੇ ਕੁਝ ਦਿਨ ਪਹਿਲਾਂ ਸਾਡੇ ਵਲੋਂ ਕਰਵਾਈ ਗਈ ਵੋਟਿੰਗ ਦੀ ਜਾਂਚ ਕਰਵਾਉਣਾ ਚਾਹੁੰਦੇ ਸਨ। ਉਨ੍ਹ ਕਿਹਾ ਕਿ 'ਆਪ' ਵਲੋਂ CM ਚਿਹਰੇ ਦੀ ਚੋਣ ਲਈ ਕਰਵਾਏ ਸਰਵੇਖਣ 'ਤੇ ਕਾਂਗਰਸ ਨੇ ਸਵਾਲ ਚੁੱਕੇ ਸਨ ਪਰ ਹੁਣ ਉਹ ਵੀ ਆਪਣੇ CM ਚਿਹਰੇ ਦੀ ਚੋਣ ਲਈ ਜਨਤਾ ਤੋਂ ਸਲਾਹ ਲੈ ਰਹੇ ਹਨ। ਜਿਹੜਾ ਵੀ ਮੁੱਖ ਮੰਤਰੀ ਚਿਹਰਾ ਹੋਵੇਗਾ, ਉਸ ਨੂੰ ਮੇਰੇ ਵਲੋਂ ਸ਼ੁੱਭਕਾਮਨਾਵਾਂ।