ਮਜੀਠਾ ਹਲਕੇ ਤੋਂ ਬਿਕਰਮ ਮਜੀਠੀਆ ਦੀ ਪਤਨੀ ਗੁਨੀਵ ਕੌਰ ਲੜਨਗੇ ਚੋਣ, ਅੱਜ ਭਰਿਆ ਨਾਮਜ਼ਦਗੀ ਪੱਤਰ
ਅੰਮ੍ਰਿਤਸਰ ਪੂਰਬੀ ਤੋਂ ਚੋਣ ਮੈਦਾਨ ਵਿਚ ਉਤਰਨਗੇ ਬਿਕਰਮ ਮਜੀਠੀਆ
ਚੰਡੀਗੜ੍ਹ : ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਾਮਜ਼ਦਗੀਆਂ ਭਰਨ ਦਾ ਸਿਲਸਲਾ ਲਗਾਤਾਰ ਜਾਰੀ ਹੈ ਇਸ ਦੇ ਚਲਦਿਆਂ ਹੀ ਅੱਜ ਵਿਧਾਨ ਸਭਾ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗੁਨੀਵ ਕੌਰ ਨੇ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਕਮ ਐੱਸਡੀਐੱਮ ਮਜੀਠਾ ਅਮਨਦੀਪ ਕੌਰ ਘੁੰਮਣ ਕੋਲ ਦਾਖਲ ਕਰਾਏ।
ਇਸ ਨਾਮਜ਼ਦਗੀ ਤੋਂ ਬਾਅਦ ਲੱਗ ਰਹੀਆਂ ਕਿਆਸਰਾਈਆਂ 'ਤੇ ਵਿਰਾਮ ਲੱਗ ਗਿਆ ਹੈ ਕਿ ਕਿਉਂਕਿ ਚਰਚਾ ਸੀ ਕਿ ਬਿਕਰਮ ਸਿੰਘ ਮਜੀਠੀਆ ਮਜੀਠਾ ਜਾਂ ਅੰਮ੍ਰਿਤਸਰ ਪੂਰਬੀ ਦੋਹਾਂ ਵਿੱਚੋਂ ਇੱਕ ਸੀਟ ਛੱਡ ਸਕਦੇ ਹਨ। ਹੁਣ ਉਨ੍ਹਾਂ ਦੀ ਪਤਨੀ ਵੱਲੋਂ ਪੇਪਰ ਦਾਖਲ ਕਰਵਾ ਦਿੱਤੇ ਗਏ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਗੁਨੀਵ ਕੌਰ ਨੇ ਮੁੱਖ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਾਏ ਹਨ।
ਇਸ ਦੇ ਨਾਲ ਹੀ ਹੁਣ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਹੁਣ ਸਿਰਫ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਮੈਦਾਨ ਵਿਚ ਉਤਰਨਗੇ ਜਿਥੇ ਉਨ੍ਹਾਂ ਦੀ ਟੱਕਰ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨਾਲ ਹੋਵੇਗੀ।