ਪੈਸੇ ਚੋਰੀ ਕਰਨ ਦੇ ਸ਼ੱਕ ’ਚ ਦੋ ਨੌਜਵਾਨਾਂ ਨੂੰ ਅਗ਼ਵਾ ਕਰ ਕੇ ਕੀਤੀ ਕੁੱਟਮਾਰ

ਏਜੰਸੀ

ਖ਼ਬਰਾਂ, ਪੰਜਾਬ

ਪੈਸੇ ਚੋਰੀ ਕਰਨ ਦੇ ਸ਼ੱਕ ’ਚ ਦੋ ਨੌਜਵਾਨਾਂ ਨੂੰ ਅਗ਼ਵਾ ਕਰ ਕੇ ਕੀਤੀ ਕੁੱਟਮਾਰ

image

ਮੋਗਾ, 31 ਜਨਵਰੀ (ਅਰੁਣ ਗੁਲਾਟੀ) : ਕਸਬਾ ਧਰਮਕੋਟ ਅਧੀਨ ਪੈਂਦੇ ਪਿੰਡ ਜਲਾਲਾਬਾਦ ਵਿਖੇ ਇਕ ਟਰੱਕ ਮਾਲਕ ਵਲੋਂ 30 ਹਜ਼ਾਰ ਰੁਪਏ ਦੀ ਚੋਰੀ ਦੇ ਸ਼ੱਕ ਨੂੰ ਲੈ ਕੇ ਅਪਣੇ ਸਾਥੀਆਂ ਨਾਲ ਮਿਲ ਕੇ ਦੋ ਨੌਜਵਾਨਾਂ ਨੂੰ ਅਗ਼ਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਥਾਣਾ ਧਰਮਕੋਟ ਦੇ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦਸਿਆ ਕਿ ਕਸਬਾ ਧਰਮਕੋਟ ਵਿਖੇ ਰਹਿਣ ਵਾਲੇ ਲੜਕੇ ਕਰਨ ਸਿੰਘ ਨੇ ਸ਼ਿਕਾਇਤ ਦਿਤੀ ਕਿ ਉਹ ਟਰੱਕ ਮਾਲਕ ਗੁਰਵਿੰਦਰ ਸਿੰਘ ਨਾਲ ਬਤੌਰ ਹੈਲਪਰ ਵਜੋਂ ਕੰਮ ਕਰਦਾ ਹੈ। ਉਸ ਨੇ ਕਿਹਾ ਕਿ  ਮਿਤੀ 21 ਜਨਵਰੀ 2022 ਨੂੰ ਉਹ ਪਿੰਡ ਜਲਾਲਾਬਾਦ ਪੂਰਬੀ ਤੋਂ ਇੱਟਾਂ ਵਾਲੀ ਗੱਡੀ ਭਰ ਕੇ ਪਠਾਨਕੋਟ ਵਿਖੇ ਗਿਆ ਸੀ। ਉਸ ਨੇ ਕਿਹਾ ਕਿ ਉਹ ਪਠਾਨਕੋਟ ਤੋਂ ਬਿਨਾ ਪੁੱਛੇ-ਦੱਸੇ ਵਾਪਸ ਅਪਣੇ ਪਿੰਡ ਆ ਗਿਆ। 
ਉਸ ਨੇ ਕਿਹਾ ਕਿ ਮਿਤੀ 22 ਜਨਵਰੀ 2022 ਨੂੰ ਉਹ ਅਪਣੇ ਦੋਸਤ ਸਤਨਾਮ ਸਿੰਘ ਨਾਲ ਕੰਮਕਾਰ ਸਬੰਧੀ ਪਿੰਡ ਫ਼ਤਿਹਗੜ੍ਹ ਕੋਰੋਟਾਣਾ ਵਿਖੇ ਗਿਆ ਸੀ। ਜਿਥੇ ਇਕ ਸਕਾਰਪੀਓ ਗੱਡੀ ਸਵਾਰ ਜਗਜੀਤ ਸਿੰਘ ਪੁੱਤਰ ਬਖਤੋਰ ਸਿੰਘ ਵਾਸੀ ਪਿੰਡ ਕੜਿਆਲ, ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਜਲਾਲਾਬਾਦ ਪੂਰਬੀ, ਗੁਰਵਿੰਦਰ ਸਿੰਘ ਉਰਫ ਬੱਬੂ ਪੁੱਤਰ ਦਲਜੀਤ ਸਿੰਘ ਵਾਸੀ ਧਰਮਕੋਟ, ਹਰਮਨਜੀਤ ਸਿੰਘ ਉਰਫ ਬਿੱਲਾ ਪੁੱਤਰ ਬਲਵੀਰ ਸਿੰਘ ਵਾਸੀ ਧਰਮਕੋਟ, ਲਖਵੀਰ ਸਿੰਘ ਉਰਫ ਸੋਨੂੰ ਪੁੱਤਰ ਚਰਨਜੀਤ ਸਿੰਘ ਵਾਸੀ ਜਲਾਲਾਬਾਦ ਪੂਰਬੀ ਅਤੇ ਜਗਸੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਜਲਾਲਾਬਾਦ ਪੂਰਬੀ ਅਤੇ 4 ਹੋਰ ਅਣਪਛਾਤੇ ਵਿਅਕਤੀ ਗੱਡੀ ਵਿਚ ਸਵਾਰ ਹੋ ਕੇ ਆਏ ਜੋ ਕਿ ਉਸ ਨੂੰ ਅਤੇ ਉਸ ਦੇ ਦੋਸਤ ਸਤਨਾਮ ਸਿੰਘ ਨੂੰ ਗੱਡੀ ਵਿਚ ਸੁਟ ਕੇ ਜਲਾਲਾਬਾਦ ਵਿਖੇ ਇਕ ਦੁਕਾਨ ਵਿਚ ਲੈ ਗਏ ਜਿਥੇ ਮੁਲਜ਼ਮਾਂ ਨੇ ਉਸ ਨੂੰ ਅਤੇ ਉਸ ਦੇ ਦੋਸਤ ਸਤਨਾਮ ਸਿੰਘ ਨੂੰ ਨੰਗੇ ਕਰ ਕੇ ਉਨ੍ਹਾਂ ਦੀ ਕੁਟਮਾਰ ਕੀਤੀ, ਸਤਨਾਮ ਸਿੰਘ ਤੋਂ ਉਸ ਨਾਲ ਗ਼ੈਰ ਕੁਦਰਤੀ ਸੰਭੋਗ ਕਰਵਾਇਆ ਅਤੇ ਮੁਲਜ਼ਮ ਗੁਰਵਿੰਦਰ ਸਿੰਘ ਨੇ ਇਸ ਦੀ ਅਸ਼ਲੀਲ ਵੀਡੀਉ ਅਪਣੇ ਮੋਬਾਈਲ ਵਿਚ ਬਨਾਈ ਅਤੇ ਉਸ ਨੂੰ 25 ਜਨਵਰੀ ਤਕ ਉਸੇ ਦੁਕਾਨ ਵਿਚ ਬੰਦੀ ਬਣਾ ਕੇ ਰਖਿਆ ਗਿਆ ਤੇ ਉਸ ਦੀ ਕੁਟਮਾਰ ਕਰਦੇ ਰਹੇ ਅਤੇ ਪਿੰਡ ਕੜਿਆਲ ਦੇ ਸਰਪੰਚ ਜਗਰੂਪ ਸਿੰਘ ਸਰਪੰਚ ਨੇ ਉਸ ਨੂੰ ਮੁਲਜ਼ਮਾਂ ਦੀ ਚੁੰਗਲ ’ਚੋਂ ਛੁਡਾਇਆ। 
ਉਸ ਨੇ ਕਿਹਾ ਕਿ ਉਸ ਦੀ ਆਰੋਪੀਆਂ ਨਾਲ ਹੁਣ ਤਕ ਰਾਜ਼ੀਨਾਮੇ ਦੀ ਗੱਲ ਚਲਦੀ ਰਹੀ ਜੋ ਕਿ ਸਿਰੇ ਨਹੀਂ ਚੜ੍ਹ ਸਕੀ।
ਉਸ ਨੇ ਕਿਹਾ ਕਿ ਵਜ੍ਹਾ ਰੰਜਸ਼ ਇਹ ਹੈ ਕਿ ਉਕਤ ਅਰੋਪੀਆਂ ਨੂੰ ਸ਼ੱਕ ਹੈ ਕਿ ਉਸ ਨੇ ਉਨ੍ਹਾਂ ਦੇ ਟਰੱਕ ਵਿਚੋਂ 30 ਹਜ਼ਾਰ ਰੁਪਏ ਚੋਰੀ ਕੀਤੇ ਹਨ। ਪੁਲਿਸ ਨੇ ਪੀੜਤ 
ਨੌਜਵਾਨ ਦੇ ਬਿਆਨ ਲੈ ਕੇ 10 ਲੋਕਾਂ ਵਿਰੁਧ ਮਾਮਲਾ ਦਰਜ ਕਰ ਕੇ 6 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ।