ਵਕੀਲ ਪ੍ਰਦੀਪ ਵਿਰਕ ਵੱਲੋਂ ਵੱਡਾ ਦਾਅਵਾ, '328 ਨਹੀਂ 800 ਤੋਂ ਵੱਧ ਸਰੂਪ ਲਾਪਤਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸਰਕਾਰ ਨੇ ਸਟੇਟਸ ਰਿਪੋਰਟ ਕੀਤੀ ਸੀ ਦਾਖ਼ਲ

Lawyer Pradeep Virk makes a big claim, 'Not 328 but more than 800 Saroops missing'

ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਗਾਇਬ ਹੋਣ ਨਾਲ ਸੰਬੰਧਿਤ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ‘ਤੇ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਣਵਾਈ ਦੌਰਾਨ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਇਸ ਦਰਮਿਆਨ ਸ਼ਿਕਾਇਤਕਰਤਾ ਬਲਦੇਵ ਸਿੰਘ ਵਡਾਲਾ ਦੇ ਵਕੀਲ ਪ੍ਰਦੀਪ ਵਿਰਕ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ ਕਿ ਗਾਇਬ ਸਰੂਪਾਂ ਦੀ ਗਿਣਤੀ 328 ਨਹੀਂ, ਸਗੋਂ 800 ਤੋਂ ਵੀ ਵੱਧ ਹੋ ਸਕਦੀ ਹੈ।ਜਾਣਕਾਰੀ ਮੁਤਾਬਕ ਹੈ ਕਿ ਸਰਕਾਰ ਵੱਲੋਂ ਹਾਈਕੋਰਟ ਵਿੱਚ ਦਿੱਤੀ ਗਈ ਸਟੇਟਸ ਰਿਪੋਰਟ ਵਿੱਚ ਦਰਜ ਕੀਤਾ ਗਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ 12 ਲੱਖ 67 ਹਜ਼ਾਰ 478 ਪੰਨੇ ਪ੍ਰਿੰਟਿੰਗ ਲਈ ਦਿੱਤੇ ਗਏ ਸਨ।

ਵਕੀਲ ਦਾ ਦਾਅਵਾ ਹੈ ਕਿ ਇਹ ਪੰਨੇ ਬਿਨਾਂ ਕਿਸੇ ਲਿਖਤੀ ਮਨਜ਼ੂਰੀ ਦੇ ਪ੍ਰਿੰਟਿੰਗ ਲਈ ਭੇਜੇ ਗਏ ਸਨ, ਜੋ ਕਿ ਗੰਭੀਰ ਗੜਬੜ ਵੱਲ ਇਸ਼ਾਰਾ ਕਰਦਾ ਹੈ। ਸਟੇਟਸ ਰਿਪੋਰਟ ਵਿੱਚ ਇਹ ਵੀ ਦਰਜ ਹੈ ਕਿ ਇਨ੍ਹਾਂ ਵੱਡੀ ਗਿਣਤੀ ਵਿੱਚ ਦਿੱਤੇ ਗਏ ਪੰਨਿਆਂ ਬਾਰੇ ਪ੍ਰਿੰਟਿੰਗ ਵਿਭਾਗ ਕੋਲ ਕੋਈ ਰਿਕਾਰਡ ਮੌਜੂਦ ਨਹੀਂ ਹੈ ਅਤੇ ਨਾ ਹੀ ਇਸ ਸਬੰਧੀ ਕੋਈ ਸਰਕਾਰੀ ਦਰਜ ਹੈ। ਇਸ ਖੁਲਾਸੇ ਤੋਂ ਬਾਅਦ ਪੂਰੇ ਮਾਮਲੇ ‘ਚ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਅਤੇ ਜਾਂਚ ਪ੍ਰਕਿਰਿਆ ‘ਤੇ ਵੀ ਸਵਾਲ ਖੜੇ ਹੋ ਰਹੇ ਹਨ।  ਹੁਣ ਸਭ ਦੀਆਂ ਨਿਗਾਹਾਂ ਹਾਈਕੋਰਟ ਦੇ ਆਉਣ ਵਾਲੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ, ਜਿਸ ਨਾਲ ਮਾਮਲੇ ਦੀ ਅਗਲੀ ਦਿਸ਼ਾ ਤੈਅ ਹੋਵੇਗੀ।