ਫਗਵਾੜਾ ਦੇ ਹੁਸ਼ਿਆਰਪੁਰ ਰੋਡ 'ਤੇ ਬੱਸ ਦੀ ਲਪੇਟ 'ਚ ਆਉਣ ਨਾਲ ਪੁਲਿਸ ਇੰਸਪੈਕਟਰ ਦੀ ਮੌਤ
ਰਾਜਵਿੰਦਰ ਸਿੰਘ ਵਾਸੀ ਖੁਸ਼ਹਾਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਮ੍ਰਿਤਕ ਦੀ ਪਛਾਣ
ਕਪੂਰਥਲਾ : ਫਗਵਾੜਾ ਸ਼ਹਿਰ ਦੇ ਹੁਸ਼ਿਆਰਪੁਰ ਰੋਡ ’ਤੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਬੱਸ ਦੀ ਲਪੇਟ ਵਿੱਚ ਆਉਣ ਨਾਲ ਇੱਕ ਪੁਲਿਸ ਇੰਸਪੈਕਟਰ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਕੁਝ ਸਮੇਂ ਲਈ ਟ੍ਰੈਫ਼ਿਕ ਪ੍ਰਭਾਵਿਤ ਹੋਇਆ ਅਤੇ ਮੌਕੇ ’ਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਨਿਰਮਲਜੀਤ ਵਾਸੀ ਲਖਪੁਰ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਵੱਲ ਵਾਪਸ ਜਾ ਰਹੇ ਸਨ ਤਾਂ ਹੁਸ਼ਿਆਰਪੁਰ ਰੋਡ ’ਤੇ ਕਾਫ਼ੀ ਜ਼ਿਆਦਾ ਟ੍ਰੈਫ਼ਿਕ ਜਾਮ ਲੱਗਿਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਸੜਕ ’ਤੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਪਿਆ ਹੋਇਆ ਦੇਖਿਆ। ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ।
ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰਾਂ ਨੇ ਜਾਂਚ ਉਪਰੰਤ ਦੱਸਿਆ ਕਿ ਉਕਤ ਵਿਅਕਤੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਜਿਸ ਕਾਰਨ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਡਾਕਟਰਾਂ ਮੁਤਾਬਕ ਮ੍ਰਿਤਕ ਦੀ ਪਹਿਚਾਣ ਪੁਲਿਸ ਇੰਸਪੈਕਟਰ ਰਾਜਵਿੰਦਰ ਸਿੰਘ ਵਾਸੀ ਖੁਸ਼ਹਾਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਸਿਵਲ ਹਸਪਤਾਲ ਪ੍ਰਬੰਧਨ ਵੱਲੋਂ ਇਸ ਸਾਰੇ ਮਾਮਲੇ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ।