ਬੀ.ਡੀ.ਪੀ.ਓ. ਜ਼ਮੀਨ ਕਿਸੇ ਸ਼ਾਪਿੰਗ ਮਾਲ ਲਈ ਦੁਆ ਕੇ ਕਮਾਉਣਾ ਚਾਹੁੰਦਾ ਸੀ ਕਰੋੜਾਂ ਰੁਪਏ : ਸਰਪੰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨੀਂ ਬਲੌਂਗੀ ਪੁਲਿਸ ਸਟੇਸ਼ਨ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀ.ਡੀ.ਪੀ.ਓ.) ਖਰੜ ਜਤਿੰਦਰ ਸਿੰਘ ਢਿੱਲੋਂ ਨੇ ਅਪਣੀ ਪੰਚਾਇਤ ਸੈਕਟਰੀ ਰਿਪੋਰਟ ਵਿਚ..

Sarpanch

ਐਸ.ਏ.ਐਸ.ਨਗਰ, 2 ਅਗੱਸਤ (ਗੁਰਮੁਖ ਵਾਲੀਆ/ਸੁਖਦੀਪ ਸਿੰਘ ਸੋਈ) : ਬੀਤੇ ਦਿਨੀਂ ਬਲੌਂਗੀ ਪੁਲਿਸ ਸਟੇਸ਼ਨ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀ.ਡੀ.ਪੀ.ਓ.) ਖਰੜ ਜਤਿੰਦਰ ਸਿੰਘ ਢਿੱਲੋਂ ਨੇ ਅਪਣੀ ਪੰਚਾਇਤ ਸੈਕਟਰੀ ਰਿਪੋਰਟ ਵਿਚ ਪਿੰਡ ਬਲੌਂਗੀ ਦੀ ਸ਼ਾਮਲਾਤ ਜ਼ਮੀਨ ਉਤੇ ਫ਼ਰਜ਼ੀ ਬੋਲੀ ਕਰਵਾਉਣਾ ਦਰਸਾ ਕੇ ਸਰਪੰਚ ਬਲਵਿੰਦਰ ਕੌਰ ਸਮੇਤ 9 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਸੀ।
ਇਸ ਮਾਮਲੇ ਵਿਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਸਰਪੰਚ ਬਲਵਿੰਦਰ ਕੌਰ, ਉਸ ਦੇ ਪਤੀ ਬਹਾਦਰ ਸਿੰਘ ਪੰਚ ਨੇ ਬੀ.ਡੀ.ਪੀ.ਓ. ਖਰੜ ਦੀ ਪੁਲਿਸ ਨੂੰ ਦਿਤੀ ਰਿਪੋਰਟ ਨੂੰ ਝੁਠਲਾਇਆ ਅਤੇ ਦਸਿਆ ਕਿ ਸਰਪੰਚ ਨੇ ਬੀ.ਡੀ.ਪੀ.ਓ. ਦੇ ਕਹਿਣ 'ਤੇ ਕਿਸੇ ਪ੍ਰਾਈਵੇਟ ਸ਼ਾਪਿੰਗ ਮਾਲ ਨੂੰ ਜ਼ਮੀਨ ਦੇਣ ਲਈ ਸਹਿਮਤੀ ਨਹੀਂ ਦਿਤੀ ਤਾਂ ਝੂਠਾ ਪਰਚਾ ਦਰਜ ਕਰਵਾ ਦਿਤਾ ਗਿਆ। ਜਦਕਿ ਪੰਚਾਇਤੀ ਕਾਰਵਾਈ ਵਾਲੇ ਰਜਿਸਟਰ ਵਿਚ ਜ਼ਮੀਨ ਦੀ ਬੋਲੀ ਕਰਵਾਏ ਜਾਣ ਦੇ ਪੂਰੇ ਬਿਓਰੇ ਦਰਜ ਹਨ। ਅੱਜ ਇਥੇ ਜਾਣਕਾਰੀ ਦਿੰਦਿਆਂ ਬਲਵਿੰਦਰ ਕੌਰ ਸਰਪੰਚ ਅਤੇ ਬਹਾਦਰ ਸਿੰਘ ਪੰਚ ਨੇ ਦਸਿਆ ਕਿ ਅਸਲ ਵਿਚ ਬੀ.ਡੀ.ਪੀ.ਓ. ਖਰੜ ਸਰਪੰਚ ਉਤੇ ਦਬਾਅ ਬਣਾ ਕੇ ਬਲੌਂਗੀ ਪਿੰਡ ਦੀ ਕਰੀਬ 15 ਏਕੜ ਪੰਚਾਇਤੀ ਜ਼ਮੀਨ ਕਿਸੇ ਸ਼ਾਪਿੰਗ ਮਾਲ ਨੂੰ ਦੁਆਉਣਾ ਚਾਹੁੰਦਾ ਸੀ ਤਾਂ ਜੋ ਕਿ ਪੰਚਾਇਤ ਨੂੰ ਬਹੁਤ ਥੋੜ੍ਹਾ ਕਿਰਾਇਆ ਦੁਆ ਕੇ ਖ਼ੁਦ ਸ਼ਾਪਿੰਗ ਮਾਲ ਵਾਲਿਆਂ ਕੋਲੋਂ ਕਰੋੜਾਂ ਰੁਪਏ ਵਸੂਲੇ ਜਾ ਸਕਣ। ਬੀ.ਡੀ.ਪੀ.ਓ. ਨੇ ਸਰਪੰਚ ਦੇ ਪਤੀ ਬਲਵਿੰਦਰ ਸਿੰਘ ਨੂੰ ਫੋਨ ਉਤੇ ਇਸ ਗੱਲ ਦੀ ਆਫ਼ਰ ਵੀ ਕੀਤੀ, ਜਿਸ ਵਿਚ ਕਿਹਾ ਗਿਆ ਕਿ ਉਹ ਦੋਵੇਂ (ਸਰਪੰਚ ਤੇ ਬੀ.ਡੀ.ਪੀ.ਓ.) ਰਲ ਕੇ ਮੋਟਾ ਪੈਸਾ ਕਮਾ ਸਕਦੇ ਹਨ। ਇਸ ਗੱਲ ਦੀ ਮੋਬਾਈਲ ਫੋਨ ਦੀ ਰਿਕਾਰਡਿੰਗ ਵੀ ਪੰਚ ਬਹਾਦਰ ਸਿੰਘ ਕੋਲ ਮੌਜੂਦ ਹੈ। ਉਨ੍ਹਾਂ ਕਿਹਾ ਕਿ ਐਫ.ਆਈ.ਆਰ. ਵਿਚ ਤਿੰਨ ਵਿਅਕਤੀਆਂ ਕੁਲਵਿੰਦਰ ਸ਼ਰਮਾ, ਦਲੀਪ ਕੁਮਾਰ ਅਤੇ ਹਰਜਿੰਦਰ ਸਿੰਘ ਦੇ ਨਾਂ ਵੀ ਦਰਜ ਕੀਤੇ ਗਏ ਹਨ, ਜਦਕਿ ਉਨ੍ਹਾਂ ਵਿਅਕਤੀਆਂ ਨੇ ਪੰਚਾਇਤੀ ਜ਼ਮੀਨ ਵਿਚ ਜਗ੍ਹਾ ਕਿਰਾਏ ਉਤੇ ਲਈ ਵੀ ਨਹੀਂ।
ਪੰਚ ਬਹਾਦਰ ਸਿੰਘ ਨੇ ਕਿਹਾ ਕਿ ਇਸੇ ਸ਼ਾਮਲਾਤ ਜ਼ਮੀਨ ਨੂੰ ਕਿਸੇ ਢੰਗ ਨਾਲ ਹੜੱਪਣ ਲਈ ਕੋਈ ਨਾ ਕੋਈ ਯੋਜਨਾ ਬਣਾਉਣ ਦੇ ਮਕਸਦ ਨਾਲ ਬੀ.ਡੀ.ਪੀ.ਓ. ਨੇ ਉਸ ਨੂੰ ਕਈ ਵਾਰ ਖਰੜ ਦਫ਼ਤਰ ਵਿਖੇ ਬੁਲਾਇਆ ਅਤੇ ਮੋਟੇ ਪੈਸੇ ਕਮਾਉਣ ਦੀ ਗੱਲ ਕੀਤੀ, ਪਰ ਜਦੋਂ ਪੰਚ ਤੇ ਉਸ ਦੀ ਪਤਨੀ ਸਰਪੰਚ ਨੇ ਇਨਕਾਰ ਕਰ ਦਿਤਾ ਤਾਂ ਉਸ ਨੇ ਸਰਪੰਚ ਅਤੇ ਉਸ ਜ਼ਮੀਨ ਨੂੰ ਪੰਚਾਇਤ ਕੋਲੋਂ ਕਿਰਾਏ ਉਤੇ ਲੈਣ ਵਾਲੇ ਵਿਅਕਤੀਆਂ ਖਿਲਾਫ਼ ਫ਼ਰਜ਼ੀ ਬੋਲੀ ਦਾ ਝੂਠਾ ਕੇਸ ਦਰਜ ਕਰਵਾ ਕੇ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਪਿੰਡ ਵਿਚ ਪ੍ਰਬੰਧਕ ਲਗਾ ਕੇ ਉਸ ਜ਼ਮੀਨ ਤੋਂ ਕਰੋੜਾਂ ਰੁਪਇਆਂ ਕਮਾਇਆ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਲੋਕਤੰਤਰ ਦੀ ਮੁਢਲੀ ਇਕਾਈ ਪੰਚਾਇਤ ਦੇ ਸਰਪੰਚ ਨੂੰ ਅਪਣੇ ਨਿਜੀ ਹਿੱਤਾਂ ਲਈ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਅਤੇ ਝੂਠਾ ਕੇਸ ਦਰਜ ਕਰਵਾਉਣ ਵਾਲੇ ਬੀ.ਡੀ.ਪੀ.ਓ. ਖਰੜ ਖਿਲਾਫ਼ ਤੁਰਤ ਕੇਸ ਦਰਜ ਕਰਕੇ ਇਨਸਾਫ਼ ਦਿਤਾ ਜਾਵੇ। ਸਰਪੰਚ ਅਤੇ ਪੰਚ ਨੇ ਮਦਦ ਲਈ ਪੰਚਾਇਤ ਯੂਨੀਅਨ ਪੰਜਾਬ ਤੋਂ ਮਦਦ ਦੀ ਗੁਹਾਰ ਵੀ ਲਗਾਈ, ਜਿਸ 'ਤੇ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਬਲੌਂਗੀ ਦੀ ਜਿਸ ਜ਼ਮੀਨ ਬਾਰੇ ਸਰਪੰਚ ਤੇ ਹੋਰਨਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਸ ਜ਼ਮੀਨ ਬਾਰੇ ਬਕਾਇਦਾ ਰਿਕਾਰਡ ਪੰਚਾਇਤ ਕੋਲ ਮੌਜੂਦ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪੰਚ-ਸਰਪੰਚ ਨਾਲ ਕਿਸੇ ਬੀ.ਡੀ.ਪੀ.ਓ. ਜਾਂ ਹੋਰ ਅਧਿਕਾਰੀ ਵਲੋਂ ਧੱਕੇਸ਼ਾਹੀ ਨਹੀਂ ਹੋਣ ਦਿਤੀ ਜਾਵੇਗੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਕੇਸ ਦੀ ਜਾਂਚ ਕਰਕੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਬੀ.ਡੀ.ਪੀ.ਓ. ਖਿਲਾਫ਼ ਤੁਰਤ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਬਲੌਂਗੀ ਦੇ ਸਰਪੰਚ ਅਤੇ ਹੋਰਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਇਸ ਸਬੰਧੀ ਸੰਪਰਕ ਕਰਨ 'ਤੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਜਤਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਉੱਪਰ ਲਗਾਏ ਗਏ ਇਲਜ਼ਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਸਰਪੰਚ ਅਤੇ ਉਸ ਦੇ ਸਾਥੀਆਂ ਦੇ ਖਿਲਾਫ ਡਿਪਟੀ ਕਮਿਸ਼ਨਰ ਮੋਹਾਲੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਹੋਇਆ ਹੈ ਅਤੇ ਹੁਣ ਇਹ ਲੋਕ ਅਧਿਕਾਰੀਆਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।