ਆਵਾਜਾਈ ਨਿਯਮਾਂ ਦੀ ਉਲਘਣਾ ਨੌਜਵਾਨਾਂ ਨੂੰ ਜਾਨ ਦੇ ਕੇ ਚੁਕਾਣੀ ਪਈ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਵਾਜਾਈ ਨਿਯਮਾਂ ਦੀ ਉਲਘਣਾ ਕਾਰਨ 3 ਨੌਜਵਾਨਾਂ ਨੂੰ ਅਪਣੀ ਜਾਨ ਗਵਾਉਣੀ ਪਈ ਜਦ ਕਿ ਸੜਕ ਹਾਦਸੇ ਦੇ ਪ੍ਰਤੱਖ ਦਰਸ਼ੀਆਂ ਅਨੁਸਾਰ...

road accident

ਅਬੋਹਰ (ਤੇਜਿੰਦਰ ਸਿੰਘ ਖ਼ਾਲਸਾ) : ਆਵਾਜਾਈ ਨਿਯਮਾਂ ਦੀ ਉਲਘਣਾ ਕਾਰਨ 3 ਨੌਜਵਾਨਾਂ ਨੂੰ ਅਪਣੀ ਜਾਨ ਗਵਾਉਣੀ ਪਈ ਜਦ ਕਿ ਸੜਕ ਹਾਦਸੇ ਦੇ ਪ੍ਰਤੱਖ ਦਰਸ਼ੀਆਂ ਅਨੁਸਾਰ ਮੋਟਰਸਾਇਕਲ ਦੀ ਤੇਜ਼ ਰਫ਼ਤਾਰ, ਟਰਿੰਪਲ ਰਾਇੰਡਗ ਤੇ ਬਿਨਾਂ ਹੈਲਮੈਟ ਸਵਾਰ ਤਿੰਨੋਂ ਨੌਜਵਾਨ ਮੌਤ ਦੇ ਕਾਲ ਜਾ ਪਏ। ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਸੜਕ ਹਾਦਸੇ ਵਿਚ ਮਾਰੇ ਗਏ 3 ਨੌਜਵਾਨਾਂ ਦੀਆਂ ਲਾਸ਼ਾਂ ਦਾ ਅੱਜ ਸਵੇਰੇ ਪੋਸਟਮਾਰਟਮ ਕਰਨ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿਤੀਆਂ ਗਈਆ। ਪੁਲਿਸ ਨੇ ਉਕਤ ਮਾਮਲੇ ਵਿਚ ਧਾਰਾ 174  ਦੀ ਕਾਰਵਾਈ ਕੀਤੀ ਹੈ। 

ਘਟਨਾ ਵਾਲੀ ਥਾਂ ਤੇ ਬੀਤੀ ਰਾਤ ਕਰੀਬ 11 ਵਜੇ ਹਾਦਸੇ ਵਾਲੀ ਥਾਂ ਪੁੱਜੇ ਸਹਾਇਕ ਸਬ ਇੰਸਪੈਕਟਰ ਨੇ ਦਸਿਆ ਕਿ ਮੁਕਤਸਰ ਜਿਲੇ ਦੇ ਪਿੰਡ ਪੱਕੀ ਟਿੱਬੀ ਵਾਸੀ ਰਾਮ ਕ੍ਰਿਸ਼ਨ ਦੇ 2 ਨੌਜਵਾਨ ਬੇਟੇ ਸੁਰਿੰਦਰ ਅਤੇ ਸ਼ਸੀ ਅਪਣੇ ਪਿੰਡ ਦੇ ਰਹਿਣ ਵਾਲੇ ਜੱਗੂ ਪੁੱਤਰ ਗੁਰਨਾਮ ਸਿੰਘ ਨਾਲ ਮੋਟਰਸਾਇਕਲ ਤੇ ਸਵਾਰ ਹੋ ਕੇ ਅਬੋਹਰ ਤੋਂ ਪਿੰਡ ਨੂੰ ਜਾ ਰਹੇ ਸਨ। ਕੌਮੀ ਰਾਜ ਮਾਰਗ ਅਬੋਹਰ ਮਲੋਟ ਰੋਡ ਤੇ ਕਰੀਬ 10 ਕਿਲੋਮੀਟਰ ਦੂਰ ਇਨਾਂ ਦਾ ਮੋਟਰਸਾਇਕਲ ਤੇਜ਼ ਰਫ਼ਤਾਰ ਕਾਰਨ ਬੇਕਾਬੂ ਹੋ ਕੇ ਇਕ ਦਰਖੱਤ ਵਿਚ ਜਾ ਵਜਿਆ।

 ਜਿਸ ਕਾਰਨ 2 ਨੌਜਵਾਨਾਂ ਦੀ ਮੋਕੇ 'ਤੇ ਹੀ ਮੌਤ ਹੋ ਗਈ ਜਦ ਕਿ ਤੀਜਾ ਦਰਖੱਤ ਨਾਲ ਟਕਰਾਉਣ ਉਪਰੰਤ ਨਾਲ ਵੱਗਦੇ ਪਾਣੀ ਦੇ ਖਾਲੇ ਵਿਚ ਜਾ ਡਿੱਗਾ 'ਤੇ ਮੌਤ ਦਾ ਸ਼ਿਕਾਰ ਹੋ ਗਿਆ। ਰਣਜੀਤ ਸਿੰਘ ਅਨੁਸਾਰ ਬੀਤੀ ਰਾਤ ਤਿੰਨਾਂ ਨੂੰ 108 ਐਬੂਲੈਂਸ ਰਾਹੀ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿਤਾ। ਇਸ ਭਿਆਨਕ ਸੜਕ ਹਾਦਸੇ ਦਾ ਦਿਲ ਕੰਬਾਊ ਪਹਿਲੂ ਇਹ ਹੈ ਕਿ ਮ੍ਰਿਤਕਾਂ ਵਿਚ ਇਕ ਜੱਗੂ ਚਾਰ ਭੈਣਾਂ ਦਾ ਇੱਕਲਾ ਭਰਾ ਹੋਣ ਦੇ ਨਾਤੇ ਪਰਿਵਾਰ ਦਾ ਇਕ ਮਾਤਰ ਕਮਾਊ ਪੁੱਤਰ ਸੀ ਜਦ ਕਿ ਸ਼ਸੀ ਅਤੇ ਸੁਰਿੰਦਰ ਦੋਨੋ ਸਕੇ ਭਰਾ ਸਨ।