ਨਸ਼ੇ ਬਾਰੇ ਬਿਆਨ ਤੋਂ ਕੈਪਟਨ ਖ਼ਫ਼ਾ, ਵਿਧਾਇਕ ਸੁਰਜੀਤ ਧੀਮਾਨ ਨਾਲ ਕੀਤੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਨਸ਼ਿਆਂ ਦੀ ਵਿਕਰੀ ਜਾਰੀ ਹੋਣ ਦਾ ਬਿਆਨ ਦੇ ਕੇ ਸਰਕਾਰ ਲਈ ਵੱਡੀ ਮੁਸੀਬਤ ਅਤੇ ਵਿਰੋਧੀਆਂ ਨੂੰ ਮੁੱਦਾ ਦੇਣ ਵਾਲੇ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ...

Capt. Amarinder Singh

ਚੰਡੀਗੜ੍ਹ, 2 ਅਗੱਸਤ (ਜੈ ਸਿੰਘ ਛਿੱਬਰ) : ਪੰਜਾਬ 'ਚ ਨਸ਼ਿਆਂ ਦੀ ਵਿਕਰੀ ਜਾਰੀ ਹੋਣ ਦਾ ਬਿਆਨ ਦੇ ਕੇ ਸਰਕਾਰ ਲਈ ਵੱਡੀ ਮੁਸੀਬਤ ਅਤੇ ਵਿਰੋਧੀਆਂ ਨੂੰ ਮੁੱਦਾ ਦੇਣ ਵਾਲੇ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰੀਬ ਪੰਦਰਾਂ ਮਿੰਟ ਇਕੱਲਿਆਂ ਮੁਲਾਕਾਤ ਕੀਤੀ।
ਧੀਮਾਨ ਨੇ ਮੁੱਖ ਮੰਤਰੀ ਨੂੰ ਸਪੱਸ਼ਟ ਦੱਸ ਦਿਤਾ ਹੈ ਕਿ ਉਹ ਅਗਲੀ ਚੋਣ ਨਹੀਂ ਲੜਨਗੇ ਅਤੇ ਜ਼ਮੀਰ ਦੀ ਆਵਾਜ਼ ਉਠਾਉਂਦੇ ਰਹਿਣਗੇ। ਸੂਤਰ ਦਸਦੇ ਹਨ ਕਿ ਧੀਮਾਨ ਵਲੋਂ ਨਸ਼ਿਆਂ ਬਾਰੇ ਦਿਤੇ ਬਿਆਨ ਤੋਂ ਮੁੱਖ ਮੰਤਰੀ ਖਫ਼ਾ ਹਨ, ਜਦਕਿ ਧੀਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨਾਲ ਖ਼ੁਸ਼ਗਵਾਰ ਮਾਹੌਲ ਵਿਚ ਗੱਲਬਾਤ ਹੋਈ ਹੈ। ਹਾਲਾਂਕਿ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਹੋਈ ਗੱਲਬਾਤ ਦਾ ਵੇਰਵਾ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ ਹੈ। ਪਰ, ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਦੇ ਮਨ, ਜਿਹਨ ਵਿਚੋਂ ਜ਼ਮੀਰ ਦੀ ਆਵਾਜ਼ ਉਠੀ ਤਾਂ ਉਹ ਉਠਾਉਾਂਦੇ ਰਹਿਣਗੇ।
ਧੀਮਾਨ ਨੇ ਦਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਗਲੀ ਚੋਣ ਨਾ ਲੜਨ ਬਾਰੇ ਆਖ ਦਿਤਾ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਇਕੱਲਿਆਂ ਦੀ ਆਵਾਜ਼ ਨਹੀਂ ਬਲਕਿ ਪੂਰੇ ਪੰਜਾਬ ਦੀ ਆਵਾਜ਼  ਹੈ ਕਿ ਸਰਕਾਰ ਬਣਨ ਦੇ ਸ਼ੁਰੂਆਤੀ ਦਿਨਾਂ ਵਿਚ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸ਼ਲਾਘਾਯੋਗ ਕਾਰਵਾਈ ਕੀਤੀ ਹੈ, ਪਰ ਹੁਣ ਪੁਲਿਸ ਦਾ ਰੋਲ ਪਹਿਲਾਂ ਵਾਲਾ ਨਹੀਂ ਰਿਹਾ। ਇਕ ਸਵਾਲ ਦੇ ਜਵਾਬ ਵਿਚ ਧੀਮਾਨ ਨੇ ਕਿਹਾ ਕਿ ਉਨ੍ਹਾਂ ਦੀ ਐਸ.ਐਸ.ਪੀ. ਨਾਲ ਕੋਈ ਰੰਜਿਸ਼ ਜਾਂ ਨਰਾਜਗੀ ਨਹੀਂ ਹੈ। ਮੁੱਖ ਮੰਤਰੀ 'ਤੇ ਮੰਤਰੀ ਬਣਨ ਲਈ ਦਬਾਅ ਪਾਉਣ ਵਜੋਂ ਅਜਿਹਾ ਬਿਆਨ ਦੇਣ ਦੇ ਸਵਾਲ 'ਤੇ ਸੁਰਜੀਤ ਧੀਮਾਨ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਸਤੁੰਸ਼ਟ ਹਨ ਕਿਉਂਕਿ ਕਈ ਮੰਤਰੀ ਬਣ ਕੇ ਵੀ ਅਪਣਾ ਕੰਮ ਨਹੀਂ ਕਰਵਾ ਸਕਦੇ ਜਦਕਿ ਇਕ ਵਿਧਾਇਕ ਵੀ ਅਪਣੇ ਹਲਕੇ ਦਾ ਕੰਮ ਕਰਵਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਤਕ ਉਨ੍ਹਾਂ ਨਿਜੀ ਤੌਰ 'ਤੇ ਅਪਣੇ ਲਈ ਕੁੱਝ ਨਹੀਂ ਮੰਗਿਆਂ ਪਰ ਹਲਕੇ ਦੇ ਲੋਕਾਂ ਲਈ ਹਮੇਸ਼ਾ ਆਵਾਜ਼ ਉਠਾਉਾਂਦੇਰਹਿਣਗੇ।
ਸੂਤਰ ਦੱਸਦੇ ਹਨ ਕਿ ਧੀਮਾਨ ਨੇ ਉਨ੍ਹਾਂ ਵਲੋਂ ਤਿਆਰ ਕੀਤੀ ਵੀਡੀਉ ਕੈਪਟਨ ਅਮਰਿੰਦਰ ਸਿੰਘ ਨੂੰ ਵਿਖਾਉਾਂਦਿਆਂਕਿਹਾ ਕਿ ਸਿਪਾਹੀ ਤੋਂ ਲੈ ਕੇ ਥਾਣੇਦਾਰ ਤਕ ਦੀ ਨਸ਼ਾ ਤਸਕਰਾਂ ਨਾਲ ਸਾਂਝ ਹੈ। ਅਜਿਹੇ ਮੁਲਾਜ਼ਮਾਂ ਨੂੰ ਬਦਲਣਾ ਜ਼ਰੂਰੀ ਹੈ।
ਵਰਨਣਯੋਗ ਹੈ ਕਿ ਸ਼ਹੀਦ ਊਧਮ ਸਿੰਘ ਦੀ ਯਾਦ 'ਚ ਰਾਜ ਪਧਰੀ ਸਮਾਗਮ ਦੌਰਾਨ ਵਿਧਾਇਕ ਸੁਰਜੀਤ ਧੀਮਾਨ ਨੇ ਸੂਬੇ ਵਿਚ ਨਸ਼ੇ ਦੀ ਵਿਕਰੀ ਹੋਣ ਦਾ ਮੁੱਦਾ ਚੁੱਕ ਕੇ ਸਰਕਾਰ ਲਈ ਵੱਡੀ ਮੁਸੀਬਤ ਖੜੀ ਕਰ ਦਿਤੀ ਸੀ।
ਉਧਰ ਕਾਂਗਰਸ ਨੇ ਕਲ ਦੇਰ ਸ਼ਾਮ ਸੁਰਜੀਤ ਧੀਮਾਨ ਦੇ ਨਾਮ 'ਤੇ ਇਕ ਬਿਆਨ ਜਾਰੀ ਕੀਤਾ ਸੀ। ਜਾਰੀ ਬਿਆਨ ਵਿਚ ਧੀਮਾਨ ਨੇ ਕਿਹਾ ਕਿ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸੁਨਾਮ ਵਿਖੇ ਇਕ ਰਾਜ ਪਧਰੀ ਸਮਾਗਮ ਦੌਰਾਨ ਨਸ਼ਿਆਂ ਦਾ ਮੁੱਦਾ ਉਠਾਇਆ ਸੀ ਪਰ ਉਨ੍ਹਾਂ ਦੀ ਟਿਪਣੀ ਦੀ ਸੰਦਰਭ ਤੋਂ ਵੱਖ ਕਰ ਕੇ ਵਿਆਖਿਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਇੰਨੀ ਵੱਡੀ ਹੈ ਕਿ ਇਕੱਲੀ ਸਰਕਾਰ ਤੋਂ ਇਸ ਦੇ ਹੱਲ ਕੀਤੇ ਜਾਣ ਦੀ ਉਮੀਦ ਰਖਣਾ ਤਰਕਸੰਗਤ ਨਹੀਂ ਹੈ।
ਪਰ ਅੱਜ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਤੋਂ ਬਾਅਦ ਸਕੱਤਰੇਤ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਵੇਂ ਉਹ ਅਪਣੀ ਕਹੀ ਗੱਲ ਤੋਂ ਮੁਕਰੇ ਨਹੀਂ ਬਲਕਿ ਕਿਹਾ ਕਿ ਇਹ ਗੱਲ ਤਾਂ ਹਰ ਕੋਈ ਕਹਿ ਰਿਹਾ ਹੈ।