ਗੈਂਗਸਟਰ ਨੂੰ ਪਨਾਹ ਦੇਣ ਦੇ ਦੋਸ਼ ਹੇਠ ਪਰਵਾਰਕ ਜੀਆਂ ਤੇ ਰਿਸ਼ਤੇਦਾਰਾਂ ਵਿਰੁਧ ਪਰਚੇ ਦਰਜ
ਗੈਂਗਸਟਰਾਂ ਉਪਰ ਨਕੇਲ ਕਸਣ ਲਈ ਪੁਲਿਸ ਨੇ ਉਨ੍ਹਾਂ ਨੂੰ ਪਨਾਹ ਦੇਣ ਵਾਲਿਆਂ ਉਪਰ ਸ਼ਿਕੰਜਾ ਕਸਣਾ ਸ਼ੁਰੂ ਕਰ ਦਿਤਾ ਹੈ, ਜਿਸ ਤਹਿਤ ਜ਼ਿਲ੍ਹੇ ਦੀ ਪੁਲਿਸ ਨੇ...
ਬਠਿੰਡਾ, 2 ਅਗੱਸਤ (ਦੀਪਕ ਸ਼ਰਮਾ) : ਗੈਂਗਸਟਰਾਂ ਉਪਰ ਨਕੇਲ ਕਸਣ ਲਈ ਪੁਲਿਸ ਨੇ ਉਨ੍ਹਾਂ ਨੂੰ ਪਨਾਹ ਦੇਣ ਵਾਲਿਆਂ ਉਪਰ ਸ਼ਿਕੰਜਾ ਕਸਣਾ ਸ਼ੁਰੂ ਕਰ ਦਿਤਾ ਹੈ, ਜਿਸ ਤਹਿਤ ਜ਼ਿਲ੍ਹੇ ਦੀ ਪੁਲਿਸ ਨੇ ਗੈਂਗਸਟਰ ਰਾਮ ਸਿੰਘ ਦੇ ਪਰਵਾਰਕ ਮੈਂਬਰਾਂ ਉਪਰ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਵੱਖ-ਵੱਖ ਥਾਣਿਆਂ ਵਿਚ ਪਰਚੇ ਦਰਜ ਕੀਤੇ ਹਨ।
ਦਸਣਯੋਗ ਹੈ ਕਿ ਗੈਂਗਸਟਰ ਰਾਮ ਸਿੰਘ ਪਿੰਡ ਲਹਿਰਾਖਾਨਾ ਨਾਲ ਸਬੰਧਤ ਹੈ ਤੇ ਉਹ ਖ਼ਤਰਨਾਕ ਗੈਂਗਸਟਰ ਜਗਸੀਰ ਸੀਰਾ ਵਾਸੀ ਪਿੰਡ ਸਿਧਾਣਾ ਦੇ ਗਰੋਹ ਦਾ ਸਰਗਰਮ ਮੈਂਬਰ ਹੈ।
ਜਾਣਕਾਰੀ ਅਨੁਸਾਰ ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਉਸ ਉਪਰ ਖ਼ਤਰਨਾਕ ਗੈਂਗਸਟਰ ਨੂੰ ਪਨਾਹ ਦੇਣ ਦੇ ਦੋਸ਼ ਹੇਠ ਪਰਚਾ ਦਰਜ ਕਰ ਕੇ ਕਾਬੂ ਕੀਤਾ ਹੈ। ਫੜਿਆ ਗਿਆ ਵਿਅਕਤੀ ਪੁਲਿਸ ਨੂੰ ਕਈ ਮਾਮਲਿਆਂ ਵਿਚ ਲੋੜੀਂਦੇ ਗੈਂਗਸਟਰ ਦਾ ਸਾਲਾ ਲਗਦਾ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਨੇਹੀਆਂਵਾਲਾ ਵਿਚ ਤੈਨਾਤ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦਸਿਆ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਨਥਾਣਾ ਅਧੀਨ ਪੈਂਦੇ ਪਿੰਡ ਲਹਿਰਾਖਾਨਾ ਦਾ ਗੈਂਗਸਟਰ ਰਾਮ ਸਿੰਘ ਗੋਨਿਆਣਾ ਕਲਾਂ ਵਿਖੇ ਅਮਨਦੀਪ ਸਿੰਘ ਦੇ ਘਰ ਆ ਕੇ ਲੁਕਦਾ ਹੈ ਕਿਉਂਕਿ ਗੈਂਗਸਟਰ ਰਾਮ ਸਿੰਘ ਰਿਸ਼ਤੇ ਵਿਚ ਅਮਨਦੀਪ ਦਾ ਜੀਜਾ ਲਗਦਾ ਹੈ।
ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਕਥਿਤ ਦੋਸ਼ੀ ਅਮਨਦੀਪ ਨੂੰ ਹਿਰਾਸਤ ਵਿਚ ਲੈ ਕੇ ਉਸ ਉਪਰ ਪਰਚਾ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਨਥਾਣਾ ਦੀ ਪੁਲਿਸ ਨੇ ਵੱਖ-ਵੱਖ ਦਰਜ ਕੀਤੇ ਮੁਕੱਦਮਿਆਂ ਵਿਚ ਦੋ ਉਕਤ ਗੈਂਗਸਟਰ ਰਾਮ ਸਿੰਘ ਦੇ ਪਿਉ ਅਤੇ ਉਸ ਦੇ ਇਕ ਰਿਸ਼ਤੇਦਾਰ ਵਿਰੁਧ ਗੈਂਗਸਟਰਾਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਪਰਚੇ ਦਰਜ ਕੀਤੇ ਹਨ।
ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਵੱਖ-ਵੱਖ ਵਾਰਦਾਤਾਂ ਵਿਚ ਲੋੜੀਂਦਾ ਗੈਂਗਸਟਰ ਰਾਮ ਸਿੰਘ ਜਿਹੜਾ ਕਿ ਜਗਸੀਰ ਸਿੰਘ ਸੀਰਾ ਵਾਸੀ ਸਿਧਾਣਾ ਦੇ ਗਰੋਹ ਦਾ ਮੈਂਬਰ ਹੈ। ਅਕਸਰ ਆਪ ਅਤੇ ਅਪਣੇ ਸਾਥੀਆਂ ਸਮੇਤ ਪੁਲਿਸ ਤੋਂ ਬਚਣ ਲਈ ਅਪਣੇ ਘਰ ਵਿਚ ਪਨਾਹ ਲਂੈਦਾ ਹੈ। ਉਕਤ ਗੈਂਗਸਟਰ ਨੂੰ ਪਨਾਹ ਦੇਣ ਦੇ ਦੋਸ਼ ਹੇਠ ਪੁਲਿਸ ਨੇ ਉਸ ਦੇ ਪਿਤਾ ਨੈਬ ਸਿੰਘ ਵਾਸੀ ਲਹਿਰਾਖਾਨਾ ਉਪਰ ਪਰਚਾ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਨਥਾਣਾ ਦੀ ਪੁਲਿਸ ਨੇ ਗੈਂਗਸਟਰ ਜਗਸੀਰ ਸੀਰਾ ਸਿਧਾਣਾ ਵਾਲਾ ਅਤੇ ਉਸ ਦੇ ਸਾਥੀਆਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਇਕ ਵਿਅਕਤੀ ਉਪਰ ਪਰਚਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਨੇ ਦਸਿਆ ਪੁਲਿਸ ਨੂੰ ਸੂਚਨਾ ਮਿਲੀ ਸੀ ਕੀਰਤ ਸਿੰਘ ਵਾਸੀ ਲਹਿਰਾਖਾਨਾ ਖ਼ਤਰਨਾਕ ਗੈਂਗਸਟਰ ਜਗਸੀਰ ਸਿੰਘ ਸੀਰਾ ਅਤੇ ਉਸ ਦੇ ਸਾਥੀਆਂ ਨੂੰ ਪਨਾਹ ਦਿੰਦਾ ਹੈ। ਪੁਲੀਸ ਅਧਿਕਾਰੀ ਦੇ ਦਸÎਣ ਅਨੁਸਾਰ ਮਿਲੀ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਕਥਿਤ ਦੋਸ਼ੀ ਕੀਰਤ ਸਿੰਘ ਵਿਰੁਧ ਪਰਚਾ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਇਕ ਵਿਅਕਤੀ ਵਿਰੁਧ ਅਪਣੇ ਗੈਂਗਸਟਰ ਭਤੀਜੇ ਨੂੰ ਪਨਾਹ ਦੇਣ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਕੈਨਾਲ ਦੇ ਮੁੱਖ ਅਫ਼ਸਰ ਨੇ ਦਸਿਆ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪ੍ਰੀਤਮ ਸਿੰਘ ਵਾਸੀ ਪ੍ਰਤਾਪ ਨਗਰ ਅਪਣੇ ਭਤੀਜੇ ਰਾਮ ਸਿੰਘ ਜਿਹੜਾ ਕਿ ਇਕ ਖ਼ਤਰਨਾਕ ਅਪਰਾਧੀ ਹੈ, ਨੂੰ ਅਤੇ ਉਸ ਦੇ ਸਾਥੀਆਂ ਨੂੰ ਅਪਣੇ ਘਰ ਵਿਚ ਪਨਾਹ ਦਿੰਦਾ ਹੈ। ਮਿਲੀ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਕਥਿਤ ਦੋਸ਼ੀ ਪ੍ਰੀਤਮ ਸਿੰਘ ਉਪਰ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।