ਕਾਂਗਰਸ ਨੇ ਵੱਡੇ ਲਾਰੇ ਲਾਏ, ਇਕ ਵੀ ਵਾਅਦਾ ਪੂਰਾ ਨਹੀਂ ਹੋਵੇਗਾ : ਬਾਦਲ
ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪੈਟਰਨ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ 4 ਮਹੀਨੇ ਪੁਰਾਣੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ 'ਤੇ ਟਿਪਣੀ ਕਰਦਿਆਂ ਕਿਹਾ
ਚੰਡੀਗੜ੍ਹ, 1 ਅਗੱਸਤ (ਜੀ.ਸੀ. ਭਾਰਦਵਾਜ) : ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪੈਟਰਨ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ 4 ਮਹੀਨੇ ਪੁਰਾਣੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ 'ਤੇ ਟਿਪਣੀ ਕਰਦਿਆਂ ਕਿਹਾ ਕਿ ਹੁਣ ਤਕ ਦੀ ਪ੍ਰਾਪਤੀ 'ਬਿਗ ਜ਼ੀਰੋ' ਰਹੀ ਹੈ।
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੈਕਟਰ 28 ਵਾਲੇ ਦਫ਼ਤਰ ਵਿਚ 100 ਤੋਂ ਵੱਧ ਅਕਾਲੀ ਵਰਕਰਾਂ ਤੇ ਅਹੁਦੇਦਾਰਾਂ ਦੀਆਂ ਸ਼ਿਕਾਇਤਾਂ ਸੁਣਨ, ਪੀੜਤ ਲੀਡਰਾਂ ਦੀ ਵਿਥਿਆ ਸੁਣਨ ਮੌਕੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਨੇ ਚੋਣ ਮੈਨੀਫ਼ੈਸਟੋ ਵਿਚ ਵੱਡੇ ਵੱਡੇ ਵਾਅਦੇ ਕਰ ਕੇ ਸਰਕਾਰ ਤਾਂ ਬਣਾ ਲਈ ਹੁਣ ਕੰਮ ਇਕ ਵੀ ਪੂਰਾ ਨਹੀਂ ਹੋਇਆ ਨਾ ਹੀ ਸਿਰੇ ਚੜ੍ਹਨ ਦੀ ਕੋਈ ਆਸ ਹੈ। ਵੱਡੇ ਬਾਦਲ ਨੇ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਲਈ ਅਧਿਕਾਰੀਆਂ ਤੇ ਮੰਤਰੀਆਂ ਦੀਆਂ ਸਿਰਫ਼ ਬੈਠਕਾਂ ਹੀ ਪਿਛਲੇ 5 ਮਹੀਨਿਆਂ ਤੋਂ ਹੋ ਰਹੀਆਂ ਹਨ ਨਾ ਤਾਂ ਖ਼ੁਦਕੁਸ਼ੀਆਂ ਰੁਕੀਆਂ ਹਨ ਅਤੇ ਨਾ ਹੀ ਬੈਂਕਾਂ ਨੂੰ ਕੋਈ ਸਰਕਾਰੀ ਹੁਕਮ ਜਾਰੀ ਹੋਇਆ ਹੈ।
ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਬਣਾ ਕੇ ਪਛਤਾਅ ਰਹੇ ਹਨ, ਗ਼ਰੀਬਾਂ ਤੇ ਵਿਧਵਾਵਾਂ, ਬਜ਼ੁਰਗਾਂ ਨੂੰ ਪੈਨਸ਼ਨ ਵਧਾ ਕੇ ਦੇਣੀ ਤਾਂ ਦੂਰ ਦੀ ਗੱਲ ਪਹਿਲੀ ਬਕਾਇਆ ਵੀ ਨਹੀਂ ਮਿਲੀ। ਮੋਗਾ, ਜ਼ੀਰਾ, ਪਾਇਲ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਹੋਰ ਥਾਵਾਂ ਤੋਂ ਆਏ ਅਕਾਲੀ ਸ਼ਿਕਾਇਤ ਕਰਤਾਵਾਂ ਅਤੇ ਸਿਆਸੀ ਬਦਲਾਖੋਰੀ ਤੇ ਕਤਲਾਂ ਦੇ ਪੀੜਤਾਂ ਪਰਵਾਰਾਂ ਨਾਲ ਗੱਲ ਕਰਨ ਉਪਰੰਤ ਅੱਜ ਸਾਬਕਾ ਮੁੱਖ ਮੰਤਰੀ ਨੇ ਡੀ.ਜੀ.ਪੀ. ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਦਰਜ ਪਰਚਿਆਂ ਦੀ ਅਸਲੀਅਤ ਦਾ ਪਤਾ ਲਾਇਆ। ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ, ਝੂਠੇ ਪਰਚੇ ਦਰਜ ਕਰਨ ਅਤੇ ਹੋ ਰਹੀਆਂ ਵਧੀਕੀਆਂ ਬਾਰੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਮਹੀਨੇ ਵਿਚ 4 ਦਿਨ ਯਾਨੀ ਇਕ ਤੇ 2 ਤਰੀਕ, 16 ਤੇ 17 ਤਰੀਕ ਨੂੰ ਚੰਡੀਗੜ੍ਹ 'ਚ ਸ਼ਿਕਾਇਤਾਂ ਸੁਣਨਗੇ ਅਤੇ ਕੁੱਝ ਦਿਨ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਵੀ ਜਾਣਗੇ।
ਨਸ਼ਿਆਂ 'ਤੇ ਕੰਟਰੋਲ ਕਰਨ ਸਬੰਧੀ ਕਾਂਗਰਸ ਸਰਕਾਰ ਦੀ ਅਸਫ਼ਲਤਾ 'ਤੇ ਸੱਤਾਧਾਰੀ ਪਾਰਟੀ ਦੇ ਹੀ ਵਿਧਾਇਕ ਸੁਰਜੀਤ ਧੀਮਾਨ ਦੀ ਕੀਤੀ ਟਿਪਣੀ 'ਤੇ ਵੱਡੇ ਬਾਦਲ ਨੇ ਕਿਹਾ ਕਿ (ਬਾਕੀ ਸਫ਼ਾ 11 'ਤੇ)
ਕਾਂਗਰਸ ਸਰਕਾਰ ਫ਼ੇਲ੍ਹ ਹੋ ਗਈ ਹੈ, ਇਹ ਪਾਰਟੀ ਅਕਾਲੀ ਬੀਜੇਪੀ ਨੂੰ ਐਵੇਂ ਨਿੰਦ ਰਹੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਅਤਿਆਚਾਰ, ਧੱਕੇਸ਼ਾਹੀ, ਸਿਆਸੀ ਬਦਲਾਖੋਰੀ ਤੋਂ ਨਾ ਅਕਾਲੀ ਕਦੇ ਡਰੇ ਹਨ, ਨਾ ਹੀ ਡਰਨਗੇ ਅਤੇ ਨਾ ਹੀ ਸਾਡੀ ਪਾਰਟੀ ਕਿਸੇ ਨੂੰ ਡਰਾਉਂਦੀ ਹੈ। ਸ. ਬਾਦਲ ਨੇ ਕਿਹਾ ਕਿ ਸਾਡੀ ਪਾਰਟੀ ਕਾਨੂੰਨੀ ਤੇ ਅਦਾਲਤੀ ਲੜਾਈ ਵੀ ਲੜੇਗੀ। ਕੇਂਦਰ ਵਿਚ ਮੋਦੀ ਸਰਕਾਰ, ਪ੍ਰਧਾਨ ਮੰਤਰੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਬੀਜੇਪੀ ਨਾਲ ਸਬੰਧਾਂ ਬਾਰੇ ਅਕਾਲੀ ਵੈਟਰਨ ਨੇ ਕਿਹਾ ਕਿ ਅਕਾਲੀ ਦਲ ਦਾ ਬੀਜੇਪੀ ਨਾਲ ਚੋਣ ਸਮਝੌਤਾ ਸਰਕਾਰ ਚਲਾਉਣ ਦਾ ਸਹਿਯੋਗ ਇਕ ਪਵਿੱਤਰ ਰਿਸ਼ਤਾ ਹੈ, ਅਟੁੱਟ ਸਬੰਧ ਹੈ, ਪੰਜਾਬ ਤੇ ਕੇਂਦਰ ਵਿਚ ਚਲਦਾ ਰਹੇਗਾ।
ਪੰਜਾਬ ਵਿਚ ਕਾਂਗਰਸ ਵਲੋਂ ਸਿੱਖ ਧਾਰਮਕ ਮਸਲਿਆਂ ਵਿਚ ਦਖ਼ਲਅੰਦਾਜ਼ੀ ਤੇ ਸ਼੍ਰੋਮਣੀ ਕਮੇਟੀ ਕਾਰਗੁਜ਼ਾਰੀ ਦੀ ਨਿੰਦਿਆ ਬਾਰੇ ਵੱਡੇ ਬਾਦਲ ਨੇ ਕਿਹਾ ਕਿ ਸਿੱਖ ਮਸਲਿਆਂ ਵਿਚ ਕਾਂਗਰਸ ਦੀ ਆਲੋਚਨਾ ਜਾਂ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਵਿਚ ਕਾਂਗਰਸ ਦੀ ਕੋਈ ਵੀ ਮਨਮਾਨੀ ਨਹੀਂ ਹੋਣ ਦਿਆਂਗੇ।