ਗੁੱਤਾਂ ਕੱਟਣ ਦੇ ਮਾਨਸਕ ਰੋਗ ਦੀ ਹਵਾ ਪੰਜਾਬ 'ਚ ਵੀ ਪਹੁੰਚੀ
ਰਾਜਸਥਾਨ ਵਿਚ ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਪੰਜਾਬ ਦੇ ਬਠਿੰਡਾ ਸ਼ਹਿਰ ਦੀ ਚੰਦਸਰ ਬਸਤੀ ਵਿਚ ਵੀ ਇਸ ਤਰ੍ਹਾਂ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ।
ਬਠਿੰਡਾ, 3 ਅਗੱਸਤ (ਸੁਖਜਿੰਦਰ ਮਾਨ/ਦੀਪਕ ਸ਼ਰਮਾ) : ਰਾਜਸਥਾਨ ਵਿਚ ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਪੰਜਾਬ ਦੇ ਬਠਿੰਡਾ ਸ਼ਹਿਰ ਦੀ ਚੰਦਸਰ ਬਸਤੀ ਵਿਚ ਵੀ ਇਸ ਤਰ੍ਹਾਂ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਦਾਅਵਾ ਕੀਤਾ ਹੈ ਕਿ ਕੋਈ ਅਣਪਛਾਤੀ ਚੀਜ਼ ਉਸ ਦੇ ਸਿਰ ਦੇ ਵਾਲ ਕੱਟ ਕੇ ਲੈ ਗਈ। ਘਟਨਾ ਦਾ ਪਤਾ ਚਲਦਿਆਂ ਹੀ ਔਰਤ ਦੇ ਘਰ ਵਿਚ ਭਾਰੀ ਗਿਣਤੀ ਵਿਚ ਲੋਕਾਂ ਦਾ ਇਕੱਠ ਹੋ ਗਿਆ। ਵਹਿਮ 'ਚ ਫਸੇ ਪ੍ਰਵਾਰ ਨੇ ਔਰਤ ਦੇ ਤਿੰਨ ਦਿਨਾਂ 'ਚ ਮਰ ਜਾਣ ਦਾ ਡਰ ਪ੍ਰਗਟਾਉਂਦੇ ਹੋਏ ਉਸ ਦੇ ਸਿਰ ਦੇ ਬਾਕੀ ਵਾਲ ਵੀ ਕੱਟ ਦਿਤੇ।
ਔਰਤ ਘਰ ਦੇ ਅੰਦਰ ਬਣੇ ਪਖ਼ਾਨੇ 'ਚ ਬੈਠੀ ਹੋਈ ਸੀ ਕਿ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ ਕਿ ਕਿਸੇ ਨੇ ਉਸ ਦੇ ਸਿਰ ਦੇ ਵਾਲ ਕੱਟ ਲਏ ਹਨ। ਔਰਤ ਨੇ ਹੱਥ ਵਿਚ ਕੱਟੇ ਹੋਏ ਵਾਲ ਫੜੇ ਹੋਏ ਸਨ। ਸਪਨਾ ਪਤਨੀ ਸਤੀਸ਼ ਕੁਮਾਰ ਨੇ ਕਿਹਾ ਕਿ ਅੱਜ ਸਵੇਰੇ ਉਸ ਨੂੰ ਮਹਿਸੂਸ ਹੋਇਆ ਕਿ ਕੋਈ ਕਾਲੇ ਰੰਗ ਦਾ ਪ੍ਰਛਾਵਾਂ ਉਸ ਕੋਲ ਖੜਾ ਹੈ ਤੇ ਉਸ ਦੇ ਸਿਰ ਦੇ ਵਾਲ ਕੱਟ ਰਿਹਾ ਹੈ। ਉਹ ਬੇਹੋਸ਼ ਹੋ ਗਈ ਤੇ ਜਦ ਹੋਸ਼ ਵਿਚ ਆਈ ਤਾਂ ਉਸ ਦੇ ਸਿਰ ਦੇ ਵਾਲ ਕੱਟੇ ਹੋਏ ਸਨ। ਮਨੋਰੋਗ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਵਾਪਰਨਾ ਕਾਲਪਨਿਕ ਗੱਲ ਹੈ। ਇਸ ਤਰ੍ਹਾਂ ਦੇ ਲੋਕ ਕਿਸੇ ਨਾ ਕਿਸੇ ਮਾਨਸਿਕ ਰੋਗ ਦੇ ਸ਼ਿਕਾਰ ਹੁੰਦੇ ਹਨ ਤੇ ਲੋਕਾਂ ਦਾ ਧਿਆਨ ਅਪਣੇ ਵਲ ਖਿੱਚਣ ਲਈ ਇੰਜ ਕਰਦੇ ਹਨ। ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਕੁਲਦੀਪ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਮਿਲੀ ਹੈ ਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਲਈ ਸ਼ਿਕਾਇਤ ਨਹੀਂ ਦਿਤੀ ਗਈ।
ਗਿੱਦੜਬਾਹਾ ਤੋਂ ਅਮ੍ਰਿਤ ਗੋਇਲ ਅਨੁਸਾਰ : ਗਿੱਦੜਬਾਹਾ ਹਲਕੇ ਦੇ ਪਿੰਡ ਭਾਰੂ ਵਿਚ ਵੀ ਇਕ ਲੜਕੀ ਦੇ ਕਥਿਤ ਤੌਰ 'ਤੇ ਵਾਲ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੇ ਦੇ ਪਿਤਾ ਬਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਬੀਤੀ ਰਾਤ ਉਹ ਅਪਣੇ ਲੜਕੇ ਲਵਪ੍ਰੀਤ ਸਿੰਘ ਅਤੇ ਲੜਕੀ ਕੋਮਲਪੀ੍ਰਤ ਕੌਰ ਸਮੇਤ ਘਰ ਦੇ ਅੰਦਰ ਕਮਰੇ ਵਿਚ ਸੁੱਤੇ ਪਏ ਸਨ ਤੇ ਵਿਹੜੇ ਵਿਚ ਬਿੰਦਰ ਸਿੰਘ ਦੇ ਰਿਸ਼ਤੇਦਾਰ ਮੰਗਲ ਸਿੰਘ, ਰਵਿੰਦਰ ਕੌਰ, ਉਸ ਦੀ ਵੱਡੀ ਲੜਕੀ ਸੁਖਪ੍ਰੀਤ ਕੌਰ ਅਤੇ ਉਸ ਦੀ ਪਤਨੀ ਕਰਮਜੀਤ ਕੌਰ ਸੁੱਤੇ ਹੋਏ ਸਨ। ਅੱਜ ਸਵੇਰੇ ਉਸ ਨੇ ਵੇਖਿਆ ਤਾਂ ਉਸ ਦੀ ਬੇਟੀ ਕੋਮਲਪ੍ਰੀਤ ਕੌਰ ਦੇ ਸਿਰ ਦੇ ਵਾਲ ਕੱਟੇ ਹੋਏ ਸਨ। ਵਾਲੇ ਫ਼ਰਸ਼ 'ਤੇ ਪਏ ਸਨ ਅਤੇ ਵਾਲਾਂ ਦੇ ਆਸ-ਪਾਸ ਪਾਣੀ ਦਾ ਘੇਰਾ ਬਣਿਆ ਹੋਇਆ ਸੀ। ਲੜਕੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਕੁੱਝ ਨਾ ਬੋਲ ਸਕੀ। ਪੀੜਤ ਪਰਵਾਰ ਨੇ ਦੋਸ਼ੀ ਵਿਅਕਤੀ ਦੀ ਗ੍ਰਿਫ਼ਤਾਰੀ ਮੰਗੀ ਹੈ।