ਫਾਜ਼ਿਲਕਾ 'ਚ ਡਿਜ਼ੀਟਲ ਅੱਖਾਂ ਕਰਨਗੀਆਂ ਰੇਤ ਖੱਡਾਂ ਦੀ ਨਿਗ੍ਹਾਬਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰੇਤ ਮਾਫ਼ੀਆ 'ਤੇ ਨਕੇਲ ਕਸਣ ਦੇ ਸਖ਼ਤ ਆਦੇਸ਼ ਤੋਂ ਬਾਅਦ ਨਾਜਾਇਜ਼ ਮਾਈਨਿੰਗ ਰੋਕਣ ਲਈ ਸਖ਼ਤ ਕਦਮ ਉਠਾਏ ਜਾ ਰਹੇ

Digital Eyes will monitor sand mines Fazilka

ਫਾਜ਼ਿਲਕਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰੇਤ ਮਾਫ਼ੀਆ 'ਤੇ ਨਕੇਲ ਕਸਣ ਦੇ ਸਖ਼ਤ ਆਦੇਸ਼ ਤੋਂ ਬਾਅਦ ਨਾਜਾਇਜ਼ ਮਾਈਨਿੰਗ ਰੋਕਣ ਲਈ ਸਖ਼ਤ ਕਦਮ ਉਠਾਏ ਜਾ ਰਹੇ ਹਨ। ਜਿੱਥੇ ਸੂਬੇ ਵਿਚ ਕਈ ਥਾਵਾਂ 'ਤੇ ਪੁਲਿਸ ਵਲੋਂ ਰੇਤ ਖੱਡਾਂ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ, ਉਥੇ ਹੀ ਫ਼ਾਜ਼ਿਲਕਾ ਦੀਆਂ ਰੇਤ ਖੱਡਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਤਾਂ ਜੋ ਇੱਥੇ ਆਉਣ ਜਾਣ ਵਾਲਿਆਂ ਦੀ ਵੀਡੀਓ ਰਿਕਾਰਡਿੰਗ ਹੁੰਦੀ ਰਹੀ। 

ਇਸ ਤੋਂ ਇਲਾਵਾ ਰੇਤ ਮਾਈਨਿੰਗ ਵਾਲੀ ਜ਼ਮੀਨ ਦੀ ਪੀਲੇ ਰੰਗ ਦੇ ਪਿੱਲਰ ਲਗਾ ਕੇ ਨਿਸ਼ਾਨਦੇਹੀ ਵੀ ਕੀਤੀ ਗਈ ਹੈ ਤਾਂ ਜੋ ਇਹ ਪਤਾ ਚੱਲ ਸਕੇ ਕਿ ਰੇਤ ਦਾ ਕਾਰੋਬਾਰ ਕਿੰਨੀ ਜ਼ਮੀਨ ਵਿਚ ਚਲਾਇਆ ਜਾ ਰਿਹਾ ਹੈ। ਰੇਤ ਦੇ ਠੇਕੇਦਾਰ ਇਸ ਨਿਸ਼ਾਨਦੇਹੀ ਤੋਂ ਬਾਹਰ ਮਾਈਨਿੰਗ ਨਹੀਂ ਕਰ ਸਕੇਗਾ। ਅਜਿਹਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਇਸ ਮਾਮਲੇ 'ਤੇ ਬੋਲਦਿਆਂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਈਸ਼ਾ ਕਾਲੀਆ ਨੇ ਕਿਹਾ ਕਿ ਰੇਤ ਖੱਡਾਂ 'ਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਕਾਰਵਾਈ ਨਾਜਾਇਜ਼ ਰੇਤ ਮਾਈਨਿੰਗ ਨੂੰ ਰੋਕਣ ਲਈ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਨਾਲ ਹੀ ਰੇਤ ਖੱਡਾਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ ਤਾਂ ਜੋ ਪ੍ਰਸ਼ਾਸਨ ਨੂੰ ਕਿਸੇ ਕਾਰਵਾਈ ਸਮੇਂ ਅਸਾਨੀ ਹੋ ਸਕੇ। 

ਕਾਂਗਰਸੀਆਂ ਨੇ ਅਪਣੀ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਕਾਂਗਰਸੀ ਆਗੂ ਗੋਲਡੀ ਕੰਬੋਜ਼ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਰੇਤ ਮਾਫ਼ੀਆ 'ਤੇ ਨਕੇਲ ਕਸਣ ਦਾ ਜਨਤਾ ਨਾਲ ਕੀਤਾ ਅਪਣਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਆਖਿਆ ਕਿ ਰੇਤ ਦੀਆਂ ਕੀਮਤਾਂ ਨੂੰ ਲੈ ਕੇ ਜੋ ਸਮੱਸਿਆ ਚੱਲ ਰਹੀ ਹੈ, ਉਸ ਨੂੰ ਵੀ ਜਲਦੀ ਹੀ ਸਰਕਾਰ ਹੱਲ ਕਰਨ ਜਾ ਰਹੀ ਹੈ।  

ਉਧਰ ਅਕਾਲੀ ਦਲ ਨੇ ਵੀ ਕੈਪਟਨ ਸਰਕਾਰ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਹੈ ਅਤੇ ਇਨ੍ਹਾਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਹਰ ਰੋਜ਼ ਚੈੱਕ ਕਰਨ ਦੀ ਗੱਲ ਆਖੀ ਹੈ। ਅਕਾਲੀ ਆਗੂ ਅਸ਼ੋਕ ਅਨੇਜਾ ਨੇ ਕਿਹਾ ਕਿ ਚੋਰਾਂ ਕੋਲ ਚੋਰੀ ਕਰਨ ਦੇ ਬਹੁਤ ਤਰੀਕੇ ਹੁੰਦੇ ਹਨ, ਇਸ ਲਈ ਇਨ੍ਹਾਂ ਫੁਟੇਜ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ।

ਦਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਹਵਾਈ ਦੌਰੇ ਦੌਰਾਨ ਮਾਈਨਿੰਗ ਦੇਖੇ ਜਾਣ ਤੋਂ ਬਾਅਦ ਰੇਤ ਮਾਫ਼ੀਆ ਨੂੰ ਨਕੇਲ ਕਸਣ ਦੇ ਸਖ਼ਤੀ ਭਰੇ ਆਦੇਸ਼ ਦਿਤੇ ਸਨ, ਜਿਸ ਤੋਂ ਬਾਅਦ ਹੀ ਇਸ ਤਰ੍ਹਾਂ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਸੀਸੀਟੀਵੀ ਕੈਮਰਿਆਂ ਦਾ ਸਰਕਾਰ ਨੂੰ ਕਿੰਨਾ ਕੁ ਫ਼ਾਇਦਾ ਹੋਵੇਗਾ?