ਜਸਟਿਸ ਨਾਰੰਗ ਕਮਿਸ਼ਨ ਦੀ ਰਿਪੋਰਟ ਨੂੰ ਹਾਈ ਕੋਰਟ 'ਚ ਚਣੌਤੀ ਦੇਣਗੇ ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਰੋਧੀ ਪਾਰਟੀ ਦੇ ਨੇਤਾ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰੇਤ ਖੱਡ ਨਿਲਾਮੀ ਮਾਮਲੇ 'ਚ ਜਸਟਿਸ ਨਾਰੰਗ ਦੀ ਰਿਪੋਰਟ ਨੂੰ ਲੈ ਪੰਜਾਬ ਸਰਕਾਰ...

sukhpal khaira

ਐਸ.ਏ.ਐਸ ਨਗਰ : ਵਿਰੋਧੀ ਪਾਰਟੀ ਦੇ ਨੇਤਾ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰੇਤ ਖੱਡ ਨਿਲਾਮੀ ਮਾਮਲੇ 'ਚ ਜਸਟਿਸ ਨਾਰੰਗ ਦੀ ਰਿਪੋਰਟ ਨੂੰ ਲੈ ਪੰਜਾਬ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਕਮਿਸ਼ਨ ਦੀ ਰਿਪੋਰਟ ਨੂੰ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਚਣੌਤੀ ਦੇਣਗੇ। ਖਹਿਰਾ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਾਣਬੁੱਝ ਕੇ ਇਸ ਰਿਪੋਰਟ ਨੂੰ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਅੰਤਮ ਦਿਨ ਪੇਸ਼ ਕੀਤਾ ਤਾਕਿ ਇਸ 'ਤੇ ਬਹਿਸ ਨਾ ਹੋ ਸਕੇ।ਖਹਿਰਾ ਨੇ ਕਿਹਾ ਹੈ ਕਿ ਨਾਰੰਗ ਕਮਿਸ਼ਨ ਦਾ ਗਠਨ ਹੀ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦੇਣ ਲਈ ਕੀਤਾ ਗਿਆ ਹੈ। ਇਸ ਆਯੋਗ ਦੀ ਰਿਪੋਰਟ ਨੂੰ ਉਹ ਹਾਈਕੋਰਟ ‘ਚ ਚਣੌਤੀ ਦੇਣਗੇ ਤੇ ਸੀਬੀਆਈ ਜਾਂਚ ਦੀ ਮੰਗ ਕਰਨਗੇ। 

ਖਹਿਰਾ ਨੇ ਕਿਹਾ ਹੈ ਕਿ ਜਸਟਿਸ ਨਾਰੰਗ ਨੇ 10 ਅਗੱਸਤ 2017 ਨੂੰ ਪੰਜਾਬ ਸਰਕਾਰ ਨੂੰ ਅਪਣੀ ਰਿਪੋਰਟ ਦਿਤੀ ਸੀ। ਖਹਿਰਾ ਨੇ ਕਿਹਾ ਹੈ ਕਿ ਰਿਪੋਰਟ ‘ਤੇ ਕਾਰਵਾਈ ਕਰਨ ਦੀ ਥਾਂ ਸਿਆਸੀ ਦਬਾਅ ‘ਚ ਮੁੱਖ ਸਕੱਤਰ ਨੇ ਲਗਭਗ ਅੱਠ ਮਹੀਨੇ ਤਕ ਰਿਪੋਰਟ ਨੂੰ ਦਬਾਈ ਰਖਿਆ।ਇਸ ਤੋਂ ਪਹਿਲਾਂ ਜਸਟਿਸ ਨਾਰੰਗ ਕਮਿਸ਼ਨ ਦੀ ਰਿਪੋਰਟ ‘ਚ ਸਾਬਕਾ ਕਾਂਗਰਸ ਮੰਤਰੀ ਰਾਣਾ ਗੁਰਜੀਤ ਨੂੰ ਕਲੀਨ ਚਿੱਟ ਦੇ ਦਿਤੀ ਗਈ ਸੀ। ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ‘ਚ ਇਹ ਰਿਪੋਰਟ ਪੇਸ਼ ਕੀਤੀ ਗਈ। ਦਸਣਯੋਗ ਹੈ ਕਿ ਜਸਟਿਸ ਨਾਰੰਗ ਦੀ ਇਸ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ ਪਰ ਖ਼ਬਰਾਂ ਅਨੁਸਾਰ ਰਾਣਾ ਗੁਰਜੀਤ ਨੂੰ ਕਲੀਨ ਚਿੱਟ ਦੇ ਦਿਤੀ ਗਈ। 

ਜ਼ਿਕਰਯੋਗ ਹੈ ਕਿ ਰਾਣਾ ਗੁਰਜੀਤ ਦਾ ਨਾਂ ਰੇਤ ਖੱਡਾਂ ਦੀ ਨਿਲਾਮੀ ‘ਚ ਆਉਣ ਤੋਂ ਬਾਅਦ ਜਸਟਿਸ ਨਾਰੰਗ ਦੀ ਪ੍ਰਧਾਨਗੀ ‘ਚ ਇਸ ਕਮਿਸ਼ਨ ਦਾ ਗਠਨ ਮੁੱਖ ਮੰਤਰੀ ਨੇ ਕੀਤਾ ਸੀ। ਸੱਤ ਮਹੀਨਿਆਂ ਤੋਂ ਬਾਅਦ ਇਸ ਕਮਿਸ਼ਨ ‘ਚ ਰਾਣਾ ਗੁਰਜੀਤ ਨੂੰ ਕਲੀਨ ਚਿੱਟ ਦੇ ਦਿਤੀ ਗਈ ਹੈ। ਰਾਣਾ ਗੁਰਜੀਤ ਦਾ ਨਾਂ ਇਸ ਮਾਮਲੇ ‘ਚ ਆਉਣ ਤੋਂ ਬਾਅਦ ਕਾਫ਼ੀ ਸਿਆਸਤ ਹੋਈ ਸੀ ਜਦੋਂ ਤਕ ਉਨ੍ਹਾਂ ਨੇ ਅਸਤੀਫ਼ਾ ਨਹੀਂ ਦਿਤਾ ਸੀ। ਜਸਟਿਸ ਨਾਰੰਗ ਕਮਿਸ਼ਨ ਨੇ ਰਾਣਾ ਗੁਰਜੀਤ ਦੇ ਨਾਂ ਨਾਲ ਜੁੜੀਆਂ ਰੇਤ ਖੱਡਾਂ ਦੀ ਨਿਲਾਮੀ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਹੈ।