ਫਿ਼ਲਮ 'ਨਾਨਕ ਸ਼ਾਹ ਫ਼ਕੀਰ' ਦੇ ਵਿਵਾਦ 'ਤੇ ਜਥੇਦਾਰ ਅਕਾਲ ਤਖ਼ਤ ਜ਼ਿੰਮੇਵਾਰ : ਜਥੇਦਾਰ ਸੁਖਦੇਵ ਸਿੰਘ ਭੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਿ਼ਲਮ 'ਨਾਨਕ ਸ਼ਾਹ ਫ਼ਕੀਰ' ਨੂੰ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿਤੀ ਪਰ ਬਾਅਦ ਵਿਚ ਇਸ ਦੀ ਰਿਲੀਜ਼ 'ਤੇ...

sukhdev singh bhor

ਅੰਮ੍ਰਿਤਸਰ : ਫਿ਼ਲਮ 'ਨਾਨਕ ਸ਼ਾਹ ਫ਼ਕੀਰ' ਨੂੰ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿਤੀ ਪਰ ਬਾਅਦ ਵਿਚ ਇਸ ਦੀ ਰਿਲੀਜ਼ 'ਤੇ ਰੋਕ ਲਗਾ ਦਿਤੀ। ਅਸਲ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਕੁੱਝ ਹੋਰ ਪੰਥਕ ਆਗੂਆਂ ਨੇ ਫਿ਼ਲਮ ਨੂੰ ਦੇਖੇ ਤੋਂ ਬਿਨਾਂ ਹੀ ਮਨਜ਼ੂਰੀ ਦੇ ਦਿਤੀ। ਇਹੀ ਨਹੀਂ, ਅਕਾਲ ਤਖ਼ਤ ਦੇ ਜਥੇਦਾਰ ਨੇ ਤਾਂ ਫਿ਼ਲਮ ਨਿਰਮਾਤਾ ਨੂੰ ਪ੍ਰਸ਼ੰਸਾ ਪੱਤਰ ਵੀ ਦੇ ਦਿਤਾ। ਹੁਣ ਇਸ ਫਿ਼ਲਮ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ। ਇਸ ਸਬੰਧੀ ਬੋਲਦਿਆਂ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਇਸ ਫਿ਼ਲਮ ਵਿਚ ਕਾਫ਼ੀ ਕੁੱਝ ਇਤਰਾਜ਼ਯੋਗ ਹੈ, ਜਿਸ ਕਰ ਕੇ ਇਸ ਫਿ਼ਲਮ 'ਤੇ ਰੋਕ ਲਗਾਈ ਗਈ ਹੈ ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਫਿ਼ਲਮ ਨੂੰ ਬਿਨਾਂ ਦੇਖੇ ਮਨਜ਼ੂਰੀ ਦੇ ਦਿਤੀ।

ਉਨ੍ਹਾਂ ਦਸਿਆ ਕਿ ਇਸ ਫਿ਼ਲਮ ਨੂੰ ਦੇਖਣ ਲਈ ਇਕ ਸਬ ਕਮੇਟੀ ਬਣਾਈ ਗਈ ਸੀ ਜੋ ਫਿ਼ਲਮ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਦੇ ਘਰ ਗਈ ਸੀ, ਜਿਥੇ ਉਨ੍ਹਾਂ ਨੇ ਅਪਣੇ ਘਰ ਵਿਚ ਬਣੇ ਥੀਏਟਰ ਵਿਚ ਕਮੇਟੀ ਨੂੰ ਇਹ ਫਿ਼ਲਮ ਦਿਖਾਈ। ਫਿ਼ਲਮ ਦੇਖਣ ਤੋਂ ਪਹਿਲਾਂ ਹੀ ਸਿੱਕਾ ਨੇ ਕਮੇਟੀ ਮੈਂਬਰਾਂ ਨੂੰ ਇਹ ਆਖਿਆ ਸੀ ਕਿ ਇਹ ਫਿ਼ਲਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਘੱਟ ਗਿਣਤੀ ਕਮਿਸ਼ਨ ਦੇ ਤਰਲੋਚਨ ਸਿੰਘ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਬਾਬਾ ਹਰਨਾਮ ਸਿੰਘ ਧੁੰਮਾ, ਜਸਵੀਰ ਸਿੰਘ ਰੋਡੇ ਆਦਿ ਨੇ ਦੇਖ ਲਈ ਹੈ ਅਤੇ ਉਨ੍ਹਾਂ ਨੇ ਇਸ ਨੂੰ ਓਕੇ ਕਰ ਦਿਤਾ ਹੈ। ਇਸ 'ਤੇ ਕਮੇਟੀ ਨੇ ਹਰਿੰਦਰ ਸਿੰਘ ਸਿੱਕਾ ਨੂੰ ਕਿਹਾ ਕਿ ਜਦੋਂ ਵੱਡੇ ਸਿੱਖ ਆਗੂਆਂ ਨੇ ਫਿ਼ਲਮ ਦੇਖ ਕੇ ਓਕੇ ਕਰ ਦਿਤੀ ਹੈ ਤਾਂ ਫਿਰ ਕਮੇਟੀ ਨੂੰ ਫਿ਼ਲਮ ਕਿਸ ਲਈ ਦਿਖਾਈ ਜਾ ਰਹੀ ਹੈ? ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੇ ਆਖਿਆ ਕਿ ਕਮੇਟੀ ਨੂੰ ਵੀ ਇਹ ਫਿ਼ਲਮ ਦਿਖਾਈ ਜਾਵੇ। ਜਥੇਦਾਰ ਭੌਰ ਨੇ ਕਿਹਾ ਕਿ ਜਦੋਂ ਅਸੀਂ ਫਿ਼ਲਮ ਦੇਖੀ ਤਾਂ ਉਸ ਵਿਚ ਕਾਫ਼ੀ ਕੁੱਝ ਇਤਰਾਜ਼ਯੋਗ ਸੀ।

ਜਦੋਂ ਫਿ਼ਲਮ ਡਾਇਰੈਕਟਰ ਨੂੰ ਇਹ ਪੁੱਛਿਆ ਗਿਆ ਕਿ ਫਿ਼ਲਮ ਦੇਖ ਕੇ ਜਥੇਦਾਰ ਸਾਹਿਬ ਨੇ ਤੁਹਾਨੂੰ ਕਿਸੇ ਗੱਲ 'ਤੇ ਟੋਕਿਆ ਨਹੀਂ, ਤਾਂ ਉਨ੍ਹਾਂ ਨਾਂਹ ਵਿਚ ਜਵਾਬ ਦਿਤਾ। ਜਥੇਦਾਰ ਭੌਰ ਨੇ ਅੱਗੇ ਬੋਲਦਿਆਂ ਕਿਹਾ ਕਿ ਫਿ਼ਲਮ ਨਿਰਮਾਤਾ ਨੂੰ ਇਹ ਵੀ ਨਹੀਂ ਪਤਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਲੋਂ ਇਹ ਫ਼ੈਸਲਾ ਕੀਤਾ ਜਾ ਚੁੱਕਿਆ ਹੈ ਕਿ ਕਿਸੇ ਵੀ ਫਿ਼ਲਮ ਵਿਚ ਕਿਸੇ ਵਿਅਕਤੀ ਵਲੋਂ ਗੁਰੂ ਸਾਹਿਬਾਨ ਜਾਂ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦਾ ਰੋਲ ਅਦਾ ਨਹੀਂ ਕੀਤਾ ਸਕਦਾ। ਜਥੇਦਾਰ ਭੌਰ ਨੇ ਕਿਹਾ ਕਿ ਜਦਕਿ ਫਿ਼ਲਮ ਨਿਰਮਾਤਾ ਨੇ ਫਿ਼ਲਮ ਵਿਚ ਇਸ ਤਰ੍ਹਾਂ ਦੇ ਬਹੁਤ ਸਾਰੇ ਰੋਲ ਕਰਵਾਏ ਹੋਏ ਹਨ। ਫਿ਼ਲਮ ਦੇ ਸ਼ੁਰੂ 'ਚ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਦਿਤਾ ਪ੍ਰਸ਼ੰਸਾ ਪੱਤਰ ਵੀ ਦਿਖਾਇਆ ਗਿਆ ਹੈ। ਜਥੇਦਾਰ ਭੌਰ ਨੇ ਕਿਹਾ ਕਿ ਇਸ ਤੋਂ ਬਾਅਦ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਫ਼ੋਨ ਕਰ ਕੇ ਆਖਿਆ ਕਿ ਜਥੇਦਾਰ ਸਾਹਿਬ ਤੁਸੀਂ ਫਿ਼ਲਮ ਦੇਖੀ ਨਹੀਂ, ਫਿ਼ਰ ਪ੍ਰਸ਼ੰਸਾ ਕਿਸ ਦੀ ਕਰੀ ਜਾ ਰਹੇ ਹੋ ਤਾਂ ਉਨ੍ਹਾਂ ਜਵਾਬ ਦਿਤਾ ਕਿ ਇਹ ਪ੍ਰਸ਼ੰਸਾ ਤਾਂ ਉਨ੍ਹਾਂ ਨੇ ਹਰਿੰਦਰ ਸਿੱਕਾ ਦੇ ਕੰਮ ਦੀ ਕੀਤੀ ਹੈ, ਪਰ ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਕਿ ਫਿ਼ਲਮ ਤੋਂ ਇਲਾਵਾ ਨਿਰਮਾਤਾ ਨੇ ਕਿਹੜਾ ਪੰਥ ਦਾ ਕਿਹੜਾ ਕੰਮ ਕੀਤਾ ਹੈ ਤਾਂ ਉਹ ਚੁੱਪ ਕਰ ਗਏ। 

ਇਤਰਾਜ਼ਯੋਗ ਗੱਲਾਂ ਦੇ ਬਾਵਜੂਦ ਫਿ਼ਲਮ ਨੂੰ ਮਨਜ਼ੂਰੀ ਦੇਣਾ ਤੇ ਵਿਵਾਦ ਹੋਣ 'ਤੇ ਫਿਰ ਰੋਕ ਲਗਾਉਣਾ ਸਿੱਖਾਂ ਨਾਲ ਧੋਖਾ ਹੈ, ਸਬੰਧੀ ਪੁੱਛੇ ਸਵਾਲ 'ਤੇ ਜਥੇਦਾਰ ਭੌਰ ਨੇ ਆਖਿਆ ਕਿ ਕੋਈ ਵੀ ਸੱਚਾ ਸਿੱਖ ਇਸ ਗੱਲ ਨੂੰ ਕਦੇ ਵੀ ਪਸੰਦ ਨਹੀਂ ਕਰੇਗਾ ਕਿ ਗੁਰੂ ਸਾਹਿਬ ਜਾਂ ਉਨ੍ਹਾਂ ਦੇ ਪਰਵਾਰ ਦੇ ਕਿਰਦਾਰ ਨੂੰ ਕੋਈ ਨਹੀਂ ਨਿਭਾਅ ਸਕਦਾ। ਉਨ੍ਹਾਂ ਆਖਿਆ ਕਿ ਭਾਵੇਂ ਫਿ਼ਲਮ ਨਿਰਮਾਤਾ ਦਾ ਕਹਿਣਾ ਹੈ ਕਿ ਵਾਰ-ਵਾਰ ਦਿਖਾਇਆ ਜਾਣ ਵਾਲਾ ਚਿਹਰਾ ਐਨੀਮੇਸ਼ਨ ਹੈ, ਪਰ ਸਾਨੂੰ ਇਹ ਜਾਪਦਾ ਹੈ ਕਿ ਉਹ ਕਿਸੇ ਵਿਅਕਤੀ ਦਾ ਪਰਛਾਵਾਂ ਹੈ।ਜਥੇਦਾਰ ਭੌਰ ਨੇ ਆਖਿਆ ਕਿ ਇਸ ਫਿ਼ਲਮ ਵਿਚ ਮਾਤਾ ਤ੍ਰਿਪਤਾ ਜੀ ਦਾ ਰੋਲ ਕਰਵਾਇਆ ਗਿਆ ਹੈ, ਫਿਰ ਉਨ੍ਹਾਂ ਦੀ ਗੋਦ ਵਿਚਲੇ ਬੱਚੇ ਨੂੰ ਬੱਚਾ ਦਿਖਾਇਆ ਗਿਆ ਹੈ, ਉਸ ਵਿਚ ਵੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਬੇਬੇ ਨਾਨਕੀ ਜੀ, ਮਾਤਾ ਸੁਲੱਖਣੀ ਜੀ ਅਤੇ ਭਾਈ ਜੈਰਾਮ ਜੀ ਦਾ ਰੋਲ ਵੀ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਇਸ ਫਿ਼ਲਮ ਨੂੰ ਪ੍ਰਮੋਟ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਸਕੂਲਾਂ- ਕਾਲਜਾਂ ਵਿਚ ਇਸ ਫਿਲਮ ਨੂੰ ਦਿਖਾਉਣ ਦੀ ਗੱਲ ਵੀ ਆਖ ਦਿਤੀ ਸੀ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਕੋਈ ਫਿ਼ਲਮਾਂ ਦੀ ਪ੍ਰਮੋਟਰ ਨਹੀਂ, ਉਸ ਦੇ ਆਪਣੇ ਧਾਰਮਕ ਵਿੰਗ ਹਨ, ਰਾਗੀ ਢਾਡੀ ਹਨ, ਜਿਨ੍ਹਾਂ ਰਾਹੀਂ ਉਹ ਧਰਮ ਪ੍ਰਚਾਰ ਕਰ ਸਕਦੀ ਹੈ। 

ਜਥੇਦਾਰ ਭੌਰ ਨੇ ਕਿਹਾ ਕਿ ਇਕ ਪਾਸੇ ਤਾਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵਲੋਂ ਗੁਰੂ ਸਾਹਿਬ ਦੀ ਪੋਸ਼ਾਕ ਵਰਗੀ ਪੋਸ਼ਾਕ ਪਾਉਣ ਵਿਰੁਧ ਪੰਥ ਅਪਣੀ ਲੜਾਈ ਲੜ ਰਿਹਾ ਹੈ ਪਰ ਦੂਜੇ ਪਾਸੇ ਫਿ਼ਲਮ ਵਿਚ ਤਾਂ ਗੁਰੂ ਸਾਹਿਬ ਦਾ ਸਰੂਪ ਹੀ ਧਾਰਨ ਕੀਤਾ ਜਾ ਰਿਹਾ ਹੈ, ਇਸ ਨੂੰ ਕਿਵੇਂ ਸਹੀ ਠਹਿਰਾਇਆ ਜਾ ਸਕਦਾ ਹੈ? ਜਦੋਂ ਸੌਦਾ ਸਾਧ ਨੂੰ ਸਿੱਖਾਂ ਨੇ ਮੁਆਫ਼ ਨਹੀਂ ਕੀਤਾ ਤਾਂ ਫਿ਼ਲਮ ਵਿਚ ਗੁਰੂ ਸਾਹਿਬ ਜਾਂ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦਾ ਰੋਲ ਕਰਨ ਵਾਲਿਆਂ ਨੂੰ ਸਿੱਖ ਕੌਮ ਕਿਵੇਂ ਮੁਆਫ਼ ਕਰ ਸਕਦੀ ਹੈ।

ਗੁਰੂ ਸਾਹਿਬਾਨ ਦੀਆਂ ਬਜ਼ਾਰਾਂ ਵਿਚ ਵਿਕ ਰਹੀਆਂ ਤਸਵੀਰਾਂ ਸਬੰਧੀ ਪੁੱਛੇ ਗਏ ਸਵਾਲ 'ਤੇ ਬੋਲਦਿਆਂ ਜਥੇਦਾਰ ਭੌਰ ਨੇ ਸਾਰਾ ਨਜ਼ਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ 'ਤੇ ਝਾੜ ਦਿਤਾ। ਉਨ੍ਹਾਂ ਆਖਿਆ ਕਿ ਇਹ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਨਹੀਂ ਬਲਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਜ਼ਿੰਮੇਵਾਰੀ ਬਣਦੀ ਹੈ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਜਿਥੇ ਵੀ ਕਿਤੇ ਸਿੱਖੀ ਦਾ ਅਪਮਾਨ ਹੁੰਦਾ ਹੈ ਜਾਂ ਸਿੱਖੀ ਨੂੰ ਚੁਣੌਤੀ ਦਿਤੀ ਜਾਂਦੀ ਹੈ ਤਾਂ ਉਸ ਵਿਰੁਧ ਆਵਾਜ਼ ਬੁਲੰਦ ਕਰਨ।