ਅੱਧੀ ਰਾਤ ਵੇਲੇ ਤਰਨ ਤਾਰਨ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਊੜੀ ਨੂੰ ਢਾਹੁਣ ਦੀ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਾਰ ਸੇਵਾ ਵਾਲੇ ਬਾਬੇ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਉੂੜੀ ਮਲੀਆਮੇਟ ਕਰਨ ਦੀ ਕੋਸ਼ਿਸ਼।

Kaar Sewa Seminary Starts Demolishing Historic Darshani Deodi

ਤਰਨ ਤਾਰਨ- ਤਰਨ ਤਾਰਨ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਅੱਧੀ ਰਾਤ ਵੇਲੇ ਉਸ ਸਮੇਂ ਮਾਹੌਲ ਤਣਾਅ ਪੂਰਨ ਹੋ ਗਿਆ,ਜਦੋਂ ਗੁਰਦੁਆਰਾ ਸਾਹਿਬ ਦੀ ਮੁੱਖ ਇਤਿਹਾਸਕ ਦਰਸ਼ਨੀ ਡਿਉੂੜੀ ਨੂੰ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਦੇ ਚੇਲਿਆਂ ਵਲੋਂ ਢਾਹੁਣ ਦੀ ਕੋਸ਼ਿਸ਼ ਕੀਤੀ ਗਈ।

ਜਿਵੇਂ ਹੀ ਸੰਗਤ ਇਸ ਗੱਲ ਦਾ ਪਤਾ ਸੰਗਤ ਨੂੰ ਚੱਲਿਆ ਤਾਂ ਵੱਡੀ ਗਿਣਤੀ ਵਿਚ ਸਿੱਖ ਸੰਗਤ ਗੁਦਰੁਆਰਾ ਸਾਹਿਬ ਦੇ ਬਾਹਰ ਇਕੱਠੀ ਹੋ ਗਈ ਅਤੇ ਉਨ੍ਹਾਂ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਤਿਆਰ ਕੀਤੀ ਗਈ ਦਰਸ਼ਨੀ ਡਿਉੂੜੀ ਨੂੰ ਤੋੜੇ ਜਾਣ ਦਾ ਸਖ਼ਤ ਵਿਰੋਧ ਕਰਨਾ ਸ਼ੁਰੂ ਕਰ ਦਿਤਾ, ਪਰ ਇਸ ਦੇ ਬਾਵਜੂਦ ਜਗਤਾਰ ਸਿੰਘ ਦੇ ਚੇਲਿਆਂ ਨੇ ਅਪਣੇ ਨਾਲ ਆਏ ਕਥਿਤ ਤੌਰ 'ਤੇ ਹਥਿਆਰਬੰਦ ਵਿਅਕਤੀਆਂ ਦੇ ਜ਼ੋਰ 'ਤੇ ਦਰਸ਼ਨੀ ਡਿਉੜੀ ਦਾ ਕਾਫ਼ੀ ਹਿੱਸਾ ਢਾਹ ਦਿਤਾ।

ਅੱਧੀ ਰਾਤ ਨੂੰ ਦਰਸ਼ਨੀ ਡਿਊੜੀ ਨੂੰ ਢਾਹੁਣ ਦੀ ਕਾਰਵਾਈ ਆਪਣੇ ਆਪ ਵਿਚ ਵੱਡੇ ਸ਼ੱਕ ਪੈਦਾ ਕਰਦੀ ਹੈ। ਚਸ਼ਮਦੀਦਾਂ ਮੁਤਾਬਕ ਸਾਢੇ 11 ਵਜੇ ਤਕ ਕਿਸੇ ਤਰ੍ਹਾਂ ਦਾ ਕੋਈ ਸੰਕੇਤ ਵੀ ਨਹੀਂ ਸੀ ਕਿ ਅੱਜ ਦਰਸ਼ਨੀ ਡਿਊੜੀ ਢਾਹੀ ਜਾਣੀ ਹੈ, ਪਰ ਅੱਧੀ ਰਾਤ ਦੇ 12 ਵਜਦਿਆਂ ਹੀ ਤਿੰਨ-ਚਾਰ ਸੌ ਦੇ ਕਰੀਬ ਅਖੌਤੀ ਕਾਰ ਸੇਵਕਾਂ ਨੇ ਹਥੌੜਿਆਂ, ਗੈਂਤੀਆਂ ਅਤੇ ਹੋਰ ਸੰਦਾਂ ਨਾਲ ਦਰਸ਼ਨੀ ਡਿਊੜੀ ਨੂੰ ਇੰਝ ਢਾਹੁਣਾ ਸ਼ੁਰੂ ਕਰ ਦਿਤਾ, ਜਿਵੇਂ ਕਿਸੇ ਧਾੜਵੀ ਨੇ ਹਮਲਾ ਕੀਤਾ ਹੋਵੇ,ਵੇਖਦਿਆਂ ਹੀ ਵੇਖਦਿਆਂ ਡਿਊੜੀ ਦੇ ਉਪਰਲੇ ਮੁਨਾਰੇ ਤੋੜ ਕੇ ਜ਼ਮੀਨ 'ਤੇ ਸੁੱਟ ਦਿਤੇ ਗਏ।

ਸਥਿਤੀ ਤਣਾਅਪੂਰਨ ਹੁੰਦਿਆਂ ਦੇਖ ਡੀਐੱਸਪੀ ਕੰਵਲਜੀਤ ਸਿੰਘ ਦੀ ਨਿਗਰਾਨੀ ਹੇਠ ਵੱਡੀ ਗਿਣਤੀ ਵਿਚ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਹਾਲਾਤ 'ਤੇ ਕਾਬੂ ਪਾਇਆ। ਇਤਿਹਾਸਕ ਦਰਸ਼ਨੀ ਡਿਉੂੜੀ ਨੂੰ ਰਾਤ ਦੇ ਹਨ੍ਹੇਰੇ ਵਿਚ ਢਾਹੇ ਜਾਣ ਦੀ ਕਾਰਵਾਈ 'ਤੇ ਸੰਗਤ ਵਿਚ ਜਿੱਥੇ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉੱਥੇ ਹੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿਚ ਅਣਗਹਿਲੀ ਵਰਤਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਬੰਧਤ ਮੁਲਾਜ਼ਮਾਂ ਅਤੇ ਕਾਰ ਸੇਵਾ ਵਾਲੇ ਬਾਬਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਜ਼ਿਕਰਯੋਗ ਹੈ ਕਿ ਇਹ ਦਰਸ਼ਨੀ ਡਿਊੜੀ ਕੰਵਰ ਨੌਨਿਹਾਲ ਸਿੰਘ ਦੇ ਸਮੇਂ ਹੋਂਦ ਵਿਚ ਆਈ ਸੀ। ਇਸ ਦੇ ਵਜੂਦ ਕਰੀਬ ਡੇਢ ਸੌ ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਠੰਡਾ ਬੁਰਜ, ਕੱਚੀ ਗੜ੍ਹੀ, ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਅਤੇ ਹੋਰ ਕਈ ਪੁਰਾਤਨ ਇਮਾਰਤਾਂ ਨੂੰ ਵੀ ਕਾਰ ਸੇਵਾ ਦੇ ਨਾਂ 'ਤੇ ਮਲੀਆਮੇਟ ਕੀਤਾ ਜਾ ਚੁੱਕਿਆ ਹੈ। ਕੁੱਝ ਸਮਾਂ ਪਹਿਲਾਂ ਸੁਲਤਾਨਪੁਰ ਲੋਧੀ ਵਿਖੇ ਸਥਿਤ ਬੇਬੇ ਨਾਨਕੀ ਦਾ ਜੱਦੀ ਘਰ ਵੀ ਢਾਹ ਦਿਤਾ ਗਿਆ ਸੀ। ਦੁੱਖ ਦੀ ਗੱਲ ਇਹ ਹੈ ਕਿ ਇਹ ਮੰਦਭਾਗਾ ਸਿਲਸਿਲਾ ਹਾਲੇ ਵੀ ਜਾਰੀ ਹੈ ਅਤੇ ਇਸ ਦੀ ਤਾਜ਼ਾ ਮਿਸਾਲ ਤਰਨ ਤਾਰਨ ਦੀ ਦਰਸ਼ਨੀ ਡਿਊੜੀ ਦਾ ਮਾਮਲਾ ਹੈ।