ਵਿੱਕੀ ਮਿੱਡੂਖੇੜਾ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਦਵਿੰਦਰ ਬੰਬੀਹਾ ਗਰੁੱਪ ਦੇ 3 ਸ਼ਾਰਪ ਸ਼ੂਟਰਾਂ ਨੇ ਕੀਤਾ ਸੀ ਕਤਲ!

ਏਜੰਸੀ

ਖ਼ਬਰਾਂ, ਪੰਜਾਬ

ਤਿੰਨ ਸ਼ਾਰਪ ਸ਼ੂਟਰ ਸੱਜਣ, ਅਨਿਲ ਅਤੇ ਅਜੈ ਸ਼ਾਮਲ ਸਨ, ਜੋ ਇਸ ਸਮੇਂ ਦਿੱਲੀ ਪੁਲਿਸ ਦੀ ਹਿਰਾਸਤ ਵਿਚ ਹਨ

Vicky Middukhera murder Case

 

ਚੰਡੀਗੜ੍ਹ - ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ (33) ਦੇ ਕਤਲ ਕੇਸ ਵਿਚ ਦਵਿੰਦਰ ਬੰਬੀਹਾ ਗਰੁੱਪ ਦੇ ਤਿੰਨ ਸ਼ਾਰਪ ਸ਼ੂਟਰ ਸੱਜਣ, ਅਨਿਲ ਅਤੇ ਅਜੈ ਸ਼ਾਮਲ ਸਨ, ਜੋ ਇਸ ਸਮੇਂ ਦਿੱਲੀ ਪੁਲਿਸ ਦੀ ਹਿਰਾਸਤ ਵਿਚ ਹਨ। ਸੂਤਰਾਂ ਅਨੁਸਾਰ ਉਹਨਾਂ ਨੇ ਕਤਲ ਵਿਚ ਸ਼ਾਮਲ ਹੋਣ ਦੀ ਗੱਲ ਕਬੂਲੀ ਹੈ। ਹਾਲਾਂਕਿ ਮੁਹਾਲੀ ਪੁਲਿਸ ਵੱਲੋਂ ਇਸ ਦੀ ਜਨਤਕ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।

ਇਸ ਦੇ ਲਈ ਮੁਹਾਲੀ ਪੁਲਿਸ ਪ੍ਰੈੱਸ ਕਾਨਫਰੰਸ ਵੀ ਕਰ ਸਕਦੀ ਹੈ। ਮੁਹਾਲੀ ਪੁਲਿਸ ਦਾ ਇੱਕ ਅਧਿਕਾਰੀ ਇਸ ਮਾਮਲੇ ਵਿਚ ਦਿੱਲੀ ਵਿੱਚ ਹੈ ਅਤੇ ਦਿੱਲੀ ਪੁਲਿਸ ਦੇ ਸੰਪਰਕ ਵਿਚ ਹੈ। ਵਿੱਕੀ ਦਾ ਅਗਸਤ 2021 ਵਿਚ ਸ਼ਾਰਪ ਸ਼ੂਟਰਾਂ ਦੁਆਰਾ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਮੋਹਾਲੀ ਦੇ ਸੈਕਟਰ 71 ਵਿਚ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਤੋਂ ਬਾਹਰ ਨਿਕਲਿਆ ਸੀ। ਕਤਲ ਵਿਚ ਸ਼ਾਮਲ ਚੌਥੇ ਮੁਲਜ਼ਮ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।

ਵਿੱਕੀ ਮਿੱਡੂਖੇੜਾ ਦੇ ਕਤਲ ਦਾ ਕਾਰਨ ਵੀ ਤਿੰਨਾਂ ਦੇ ਪ੍ਰੋਡਕਸ਼ਨ ਵਾਰੰਟ 'ਤੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਗਰੋਹ ਦੇ ਤਿੰਨੋਂ ਮੈਂਬਰ ਹਰਿਆਣਾ ਵਿਚ ਜ਼ਿਆਦਾ ਸਰਗਰਮ ਸਨ ਅਤੇ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਲੱਕੀ ਪਟਿਆਲ ਇਨ੍ਹਾਂ ਨੂੰ ਸੰਭਾਲਦਾ ਸੀ। ਉਹ ਮੋਹਾਲੀ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿਚ ਫਿਰੌਤੀ ਮੰਗਦਾ ਸੀ। ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਮਿੱਡੂਖੇੜਾ ਨੇ ਕਿਹਾ ਹੈ ਕਿ ਉਸ ਦੇ ਛੋਟੇ ਭਰਾ ਦੇ ਕਤਲ ਦੇ ਦੋਸ਼ੀਆਂ ਨੂੰ 7 ਮਹੀਨਿਆਂ ਬਾਅਦ ਪੁਲਿਸ ਨੇ ਫੜ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁਝ ਸਕੂਨ ਮਿਲਿਆ ਹੈ ਪਰ ਜਦੋਂ ਤੱਕ ਮੁੱਖ ਦੋਸ਼ੀ ਫੜੇ ਨਹੀਂ ਜਾਂਦੇ, ਉਦੋਂ ਤੱਕ ਇਨਸਾਫ਼ ਅਧੂਰਾ ਹੈ। ਅਜਿਹੇ ਵਿਚ ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਸਮੇਤ ਪੰਜਾਬ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।

ਇਹ ਪਤਾ ਲੱਗਣਾ ਚਾਹੀਦਾ ਹੈ ਕਿ ਗੋਲੀਬਾਰੀ ਕਰਨ ਵਾਲੇ ਇਸ ਕਤਲ ਨੂੰ ਕਿਸ ਨੇ ਅੰਜਾਮ ਦਿੱਤਾ ਹੈ। ਅਜੈਪਾਲ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਹੈ। ਤਿੰਨ ਸ਼ੱਕੀਆਂ ਵਿਚੋਂ ਝੱਜਰ ਵਾਸੀ ਸੱਜਣ ਉਰਫ਼ ਭੋਲੂ (37) ਅਤੇ ਦਿੱਲੀ ਵਾਸੀ ਅਨਿਲ ਕੁਮਾਰ ਉਰਫ਼ ਲਠ (32) ਫਰੀਦਾਬਾਦ ਵਿਚ ਕਾਂਗਰਸੀ ਆਗੂ ਵਿਕਾਸ ਚੌਧਰੀ ਦੀ ਹੱਤਿਆ ਵਿਚ ਸ਼ਾਮਲ ਦੱਸੇ ਜਾਂਦੇ ਹਨ। ਇਸ ਦੇ ਨਾਲ ਹੀ ਉਹ ਪਿਛਲੇ ਸਾਲ ਅੰਬਾਲਾ ਵਿਚ ਹੋਏ ਦੋਹਰੇ ਕਤਲ ਕਾਂਡ ਵਿਚ ਵੀ ਭੂਮਿਕਾ ਨਿਭਾ ਚੁੱਕਾ ਹੈ। ਇਸ ਦੇ ਨਾਲ ਹੀ ਹਰਿਆਣਾ ਪੁਲਿਸ ਇਨ੍ਹਾਂ ਤੋਂ ਗੁਰੂਗ੍ਰਾਮ ਵਿਚ ਹੋਏ ਕਈ ਕਤਲਾਂ ਵਿਚ ਪੁੱਛਗਿੱਛ ਕਰ ਸਕਦੀ ਹੈ। ਕੁਰੂਕਸ਼ੇਤਰ ਦੇ ਅਜੈ ਉਰਫ਼ ਸੰਨੀ (20) ਤੋਂ ਹੋਰ ਜੁਰਮਾਂ ਵਿੱਚ ਸ਼ਮੂਲੀਅਤ ਦੇ ਦੋਸ਼ ਹੇਠ ਪੁੱਛਗਿੱਛ ਕੀਤੀ ਜਾ ਰਹੀ ਹੈ।