ਵਿੱਤ ਮੰਤਰੀ ਹਰਪਾਲ ਚੀਮਾ ਨੇ ਮਾਰਿਆ ਤਹਿਸੀਲ ਦਫ਼ਤਰ 'ਚ ਛਾਪਾ, ਗ਼ੈਰ ਹਾਜ਼ਰ ਮਿਲੇ ਤਹਿਸੀਲਦਾਰ

ਏਜੰਸੀ

ਖ਼ਬਰਾਂ, ਪੰਜਾਬ

ਵਿੱਤ ਮੰਤਰੀ ਹਰਪਾਲ ਚੀਮਾ ਨੇ ਮਾਰਿਆ ਤਹਿਸੀਲ ਦਫ਼ਤਰ 'ਚ ਛਾਪਾ, ਗ਼ੈਰ ਹਾਜ਼ਰ ਮਿਲੇ ਤਹਿਸੀਲਦਾਰ

image

ਦਿੜ੍ਹਬਾ, 30 ਮਾਰਚ (ਚਮਕੌਰ ਸਿੰਘ ਖਾਨਪੁਰ ਫਕੀਰਾਂ) :  ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀ ਲਗਾਤਾਰ ਐਕਸ਼ਨ ਵਿਚ ਹਨ | ਅੱਜ ਸਵੇਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕਾ ਦਿੜ੍ਹਬਾ ਦੇ ਤਹਿਸੀਲ ਦਫ਼ਤਰ ਵਿਚ ਅਚਨਚੇਤ ਦੌਰਾ ਕੀਤਾ ਅਤੇ ਇੰਡੀਆ ਸੈਂਟਰ ਵਿਖੇ ਸੁਵਿਧਾ ਕੇਂਦਰ ਦੀ ਜਾਂਚ ਕੀਤੀ | ਚੈਕਿੰਗ ਦੌਰਾਨ ਨਾਇਬ ਤਹਿਸੀਲਦਾਰ ਗ਼ੈਰ ਹਾਜ਼ਰ ਸਨ, ਜਿਸ ਦੇ ਮੱਦੇਨਜ਼ਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਤੁਰਤ ਕਾਰਵਾਈ ਦੇ ਹੁਕਮ ਦਿਤੇ ਹਨ |
ਦਸਣਯੋਗ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾਂ ਅਤੇ ਸਬ-ਖ਼ਜ਼ਾਨਾ ਦਫ਼ਤਰਾਂ ਦੇ ਕੰਮ ਨੂੰ  ਸੁਚੱਜੇ ਢੰਗ ਨਾਲ ਚਲਾਉਣ ਲਈ ਪਾਰਦਰਸ਼ੀ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਅਨੁਸਾਰ ਸਮੂਹ ਅਧਿਕਾਰੀ, ਕਰਮਚਾਰੀ ਸਮੇਂ ਸਿਰ ਦਫ਼ਤਰ ਆਉਣ ਅਤੇ ਦਫ਼ਤਰੀ ਸਮੇਂ ਦੌਰਾਨ ਅਪਣੀ ਸੀਟ 'ਤੇ ਹਾਜ਼ਰ ਰਹਿਣ ਤਾਂ ਜੋ ਆਮ ਜਨਤਾ, ਪੈਨਸ਼ਨਰਜ਼, ਸਰਕਾਰੀ ਮੁਲਾਜ਼ਮਾਂ ਨੂੰ  ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ | ਕਿਸੇ ਵੀ ਅਧਿਕਾਰੀ ਤੇ ਕਰਮਚਾਰੀ ਦੀ ਛੁੱਟੀ ਦੌਰਾਨ ਉਸ ਦੀ ਥਾਂ ਕੋਈ ਜ਼ਰੂਰ ਹੋਵੇ | ਆਮ ਪਬਲਿਕ, ਸੀਨੀਅਰ ਸਿਟੀਜ਼ਨ, ਪੈਨਸ਼ਨਰਜ਼ ਆਦਿ ਨਾਲ ਨਰਮੀ ਭਰਿਆ ਵਤੀਰਾ ਵਰਤਿਆ ਜਾਵੇ ਅਤੇ ਉਨ੍ਹਾਂ ਦੀ ਸਮੱਸਿਆ ਨੂੰ  ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ ਅਤੇ ਲੋੜ ਅਨੁਸਾਰ ਉਨ੍ਹਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਜਾਵੇ | ਇਸ ਸਬੰਧੀ ਕਿਸੇ ਕਿਸਮ ਦੀ ਚੂਕ ਦੀ ਸੂਰਤ ਵਿਚ ਸਬੰਧਤ ਅਧਿਕਾਰੀ ਅਤੇ ਕਰਮਚਾਰੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਫ਼ੋਟੋ : ਦਿੜਬਾ 1