ਨਾਬਾਲਗ਼ਾ ਦੀ ਪੱਤ ਲੁੱਟਣ ਵਾਲੇ ਨੂੰ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ
ਨਾਬਾਲਗ਼ਾ ਦੀ ਪੱਤ ਲੁੱਟਣ ਵਾਲੇ ਨੂੰ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ
ਮੋਗਾ, 30 ਮਾਰਚ (ਔਲਖ) : ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ 3 ਸਾਲ ਪਹਿਲਾਂ ਥਾਣਾ ਮਹਿਣਾ ਪੁਲਿਸ ਵਲੋਂ ਅਪਣੇ ਹੀ ਨਜ਼ਦੀਕੀ ਰਿਸ਼ਤੇਦਾਰ ਨਾਬਾਲਗ਼ ਲੜਕੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਸ਼ਾਮਲ ਮੁਲਜ਼ਮ ਨੂੰ ਦੋਸ਼ੀ ਕਰਾਰ ਦੇ ਦਿਤਾ ਹੈ। ਮਾਣਯੋਗ ਅਦਾਲਤ ਨੇ ਉਸ ਨੂੰ 20 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦਾ ਭੁਗਤਾਨ ਕਰਨ ਦੇ ਆਦੇਸ਼ ਦਿਤੇ ਹਨ।
ਜਾਣਕਾਰੀ ਅਨੁਸਾਰ ਪੀੜਤਾ ਦੀ ਮੂੰਹ ਬੋਲੀ ਮਾਂ ਨੇ 9 ਜੂਨ 2019 ਨੂੰ ਥਾਣਾ ਮਹਿਣਾ ਪੁਲਿਸ ਨੂੰ ਬਿਆਨ ਦਰਜ ਕਰਵਾਏ ਸਨ ਕਿ ਉਹ ਥਾਣੇ ਦੇ ਅਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਹੈ, ਉਸ ਦੇ ਦੇ ਦੋ ਬੇਟੇ ਹਨ ਅਤੇ ਕੋਈ ਬੇਟੀ ਨਾ ਹੋਣ ਕਾਰਨ ਉਸ ਨੇ ਅਪਣੀ ਭਤੀਜੀ ਨੂੰ ਗੋਦ ਲਿਆ ਹੋਇਆ ਹੈ। ਹੁਣ ਉਸ ਦੀ ਭਤੀਜੀ ਉਨ੍ਹਾਂ ਕੋਲ ਹੀ ਰਹਿੰਦੀ ਹੈ ਅਤੇ ਅਜੇ ਨਾਬਾਲਗ਼ ਹੈ। ਉਸ ਨੇ ਦਸਿਆ ਕਿ ਉਨ੍ਹਾਂ ਦੇ ਗੁਆਂਢ ਵਿਚ ਹੀ ਰਹਿਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰ ਦੇ ਬੇਟੇ ਨੇ ਜਦ ਉਸ ਦੀ ਬੇਟੀ ਘਰੋਂ ਕੰਮ ਲਈ ਗਲੀ ’ਚੋਂ ਲੰਘ ਰਹੀ ਸੀ ਤਾਂ ਉਸ ਨੂੰ ਖਿੱਚ ਕੇ ਅਪਣੇ ਘਰ ਲੈ ਗਿਆ ਅਤੇ ਉਨ੍ਹਾਂ ਦੀ ਬੇਟੀ ਦੇ ਨਾਲ ਜਬਰ-ਜ਼ਿਨਾਹ ਕੀਤਾ। ਜਦ ਮੇਰੀ ਬੇਟੀ ਕਾਫ਼ੀ ਦੇਰ ਤਕ ਘਰ ਨਾ ਆਈ ਤਾਂ ਉਨ੍ਹਾਂ ਵਲੋਂ ਅਪਣੀ ਬੱਚੀ ਨੂੰ ਲੱਭਣ ਦਾ ਯਤਨ ਕੀਤਾ ਤਾਂ ਗੁਆਂਢ ਵਿਚ ਗੰਭੀਰ ਹਾਲਤ ਵਿਚ ਉਨ੍ਹਾਂ ਦੀ ਬੇਟੀ ਮਿਲੀ ਅਤੇ ਉਸ ਨੇ ਰੋਂਦੇ ਹੋਏ ਇਸ ਘਟਨਾ ਸਬੰਧੀ ਦਸਿਆ।
ਪੁਲਿਸ ਵਲੋਂ ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਇਸ ਮਾਮਲੇ ਵਿਚ ਕਥਿਤ ਦੋਸ਼ੀ ਸੰਦੀਪ ਸਿੰਘ ਉਰਫ਼ ਗੱਗੂ ਪੁੱਤਰ ਜਗਜੀਤ ਸਿੰਘ ਵਿਰੁਧ ਧਾਰਾ 376 ਆਈਪੀਸੀ ਅਤੇ ਪ੍ਰੋਕਟੈਸ਼ਨ ਆਫ਼ ਚਿਲਡਰਨ ਫ਼ਰਾਮ ਸੈਕਸੂਅਲ ਆਫ਼ੈਂਸ ਆਦਿ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਸੀ। ਇਸ ਮਾਮਲੇ ਦੀ ਆਖ਼ਰੀ ਸੁਣਵਾਈ ਤੋਂ ਬਾਅਦ ਮਾਣਯੋਗ ਅਦਾਲਤ ਨੇ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਉਕਤ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ ਸਜ਼ਾ ਸੁਣਾਈ ਹੈ।