ਚੋਣਾਂ 'ਚ ਮਿਲੀ ਹਾਰ ਨੂੰ ਲੈ ਕੇ ਰਵਨੀਤ ਬਿੱਟੂ ਦਾ ਬਿਆਨ, ਸਾਡੀ ਮੁੱਖ ਮਿਜ਼ਾਈਲ ਨੇ ਸਾਨੂੰ ਤਬਾਹ ਕਰ ਦਿੱਤਾ
- ਜੋ ਚੋਣਾਂ ਵਿਚ ਗੱਬਰ ਸਿੰਘ ਬਣੇ ਹੋਏ ਸੀ ਸਭ ਦੀ ਹਵਾ ਨਿਕਲ ਗਈ
ਚੰਡੀਗੜ੍ਹ - ਪੰਜਾਬ ਵਿਚ ਚੋਣਾਂ ਹਾਰ ਨੂੰ ਲੈ ਕੇ ਕਾਂਗਰਸੀ ਆਗੂਆਂ ਦਾ ਦਰਦ ਹੌਲੀ-ਹੌਲੀ ਛਲਕ ਰਿਹਾ ਹੈ। ਹੁਣ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਪਾਰਟੀ ਆਗੂਆਂ ਖਿਲਾਫ਼ ਭੜਾਸ ਕੱਢੀ ਹੈ। ਨਵਜੋਤ ਸਿੱਧੂ ਤੋਂ ਲੈ ਕੇ ਚਰਨਜੀਤ ਚੰਨੀ ਤੱਕ ਉਨ੍ਹਾਂ ਨੇ ਇਸ਼ਾਰਿਆਂ-ਇਸ਼ਾਰਿਆਂ 'ਚ ਤਿੱਖਾ ਨਿਸ਼ਾਨਾ ਸਾਧਿਆ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ। ਹਾਲਾਂਕਿ ਬਿੱਟੂ ਨੇ ਕਾਂਗਰਸ ਹਾਈਕਮਾਨ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਇਸ ਵਿਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਬਿੱਟੂ ਨੇ ਕਿਹਾ ਕਿ ਗਧਿਆਂ ਨੇ ਸ਼ੇਰਾਂ ਨੂੰ ਮਾਰਿਆ। ਮਿਸਗਾਈਡ ਮਿਜ਼ਾਈਲ ਨੇ ਪਾਰਟੀ ਨੂੰ ਤਬਾਹ ਕਰ ਦਿੱਤਾ।
ਰਵਨੀਤ ਬਿੱਟੂ ਨੇ ਕੁੱਝ ਇਸ ਤਰ੍ਹਾਂ ਦਿੱਤੇ ਬਿਆਨ
- ਰਵਨੀਤ ਬਿੱਟੂ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਸਨ ਕਿ ਮੈਂ ਇਹ ਕਰਦਾਗਾਂ ਜੇ ਇਹ ਨਾ ਹੋਇਆ ਤਾਂ ਮੈਂ ਉਹ ਕਰ ਦਵਾਂਗਾ। ਜੋ ਗੱਬਰ ਸਿੰਘ ਬਣੇ ਹੋਏ ਸੀ ਸਭ ਦੀ ਹਵਾ ਨਿਕਲ ਗਈ ਹੈ। ਪਾਰਟੀ ਨੂੰ ਵੀ ਸਮਝ ਆ ਗਈ ਹੈ ਕਿ ਉਹਨਾਂ ਨੇ ਜਿਨ੍ਹਾਂ 'ਤੇ ਵਿਸ਼ਵਾਸ ਕੀਤਾ ਗਲਤ ਸੀ। ਬਿੱਟੂ ਦੀ ਇਸ ਗੱਲ ਨੂੰ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਤਾਂ ਸੁਣਿਆ ਸੀ ਕਿ ਗਿੱਦੜ ਸ਼ੇਰ ਦਾ ਸ਼ਿਕਾਰ ਕਰਦੇ ਹਨ ਪਰ ਇਹਨਾਂ ਗਧਿਆ ਨੇ ਸ਼ੇਰ ਮਰਵਾ ਦਿੱਤੇ।
ਬਿੱਟੂ ਨੇ ਕਿਹਾ ਕਿ ਅਸੀਂ ਹੀ ਕਹਿੰਦੇ ਸੀ ਕਿ ਇਸ ਨੂੰ ਹਟਾਓ ਨਹੀਂ ਤਾਂ ਅਸੀਂ ਆਪਣੇ ਵਿਧਾਨ ਸਭਾ ਹਲਕੇ ਵਿਚ ਨਹੀਂ ਜਾ ਸਕਾਂਗੇ। ਜੇ ਤੁਸੀਂ ਇਸ ਨੂੰ ਬਣਾਉਂਦੇ ਹੋ, ਤਾਂ ਤੁਸੀਂ ਕਹੋਗੇ ਕਿ ਲੋਕਾਂ ਦੀਆਂ ਲਾਈਨਾਂ ਲੱਗ ਜਾਣਗੀਆਂ। ਅਸੀਂ ਗਲਤੀ ਕੀਤੀ ਹੈ ਅਤੇ ਅਸੀਂ ਹੀ ਹੁਣ ਦੁੱਖ ਭੋਗ ਰਹੇ ਹਾਂ। ਬਿੱਟੂ ਦੀ ਇਸ ਗੱਲ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਅਤੇ ਉਮੀਦਵਾਰਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਅੱਗੇ ਸਾਂਸਦ ਬਿੱਟੂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਜਿਵੇਂ ਪਾਕਿਸਤਾਨ ਵੱਲੋਂ ਮਿਸਗਾਈਡ ਮਿਜ਼ਾਈਲ ਚਲੀ ਸੀ। ਇਸੇ ਤਰ੍ਹਾਂ ਇੱਥੇ ਵੀ ਇੱਕ ਮਿਜ਼ਾਈਲ ਨੇ ਸਾਡਾ ਆਪਣਾ ਘਰ ਤਬਾਹ ਕਰ ਦਿੱਤਾ। ਅਸੀਂ ਕਿਸੇ ਨੂੰ ਦੋਸ਼ ਕਿਉਂ ਦਈਏ? ਸਾਡੀ ਮੁੱਖ ਮਿਜ਼ਾਈਲ ਨੇ ਸਾਨੂੰ ਤਬਾਹ ਕਰ ਦਿੱਤਾ। ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਰਵਨੀਤ ਬਿੱਟੂ ਨੇ ਲੋਕ ਸਭਾ ਵਿਚ ਆਮ ਪਾਰਟੀ 'ਤੇ ਵੀ ਨਿਸ਼ਾਨਾ ਸਾਧਿਆ ਹੈ ਤੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਸੰਦ ਨਹੀਂ ਹੈ। ਬਿੱਟੂ ਨੇ ਕਿਹਾ ਕਿ ਜੋ ਕੋਈ ਵੀ ਉਹ ਚਾਹੇ ਮੇਅਰ ਹੋਵੇ, ਐਮਪੀ ਹੋਵੇ ਜਾਂ ਕੁੱਝ ਵੀ ਹੋਵੇ ਜੇ ਉਹ 5 ਸਾਲ ਲਈ ਰਹਿੰਦਾ ਹੈ, ਉਸ ਨੂੰ ਜੇ ਹੋਵੇ ਕਿ ਉਸ ਦੀ 5 ਸਾਲ ਦੀ ਟਰਮ ਹੈ ਤਾਂ ਉਹ ਕੁੱਝ ਕਰਦਾ ਹੈ।
ਇੱਥੇ ਕੀ ਹੈ ਕਿ ਇਕ-ਇਕ ਸਾਲ ਲਈ ਰਿਜ਼ਰਵ ਸੀਟ ਹੈ ਕੋਈ ਲੇਡੀ ਸੀਟ ਹੈ ਤੇ ਉਸ ਨੂੰ ਪਤਾ ਹੈ ਇਕ ਟਰਮ ਤੋਂ ਬਾਅਦ ਉਹ ਬਦਲ ਜਾਣੀ ਹੈ ਤਾਂ ਪਾਰਟੀ ਨੂੰ ਕੰਮ ਕਰਵਾਉਣ ਲਈ ਉਸੇ ਹਿਸਾਬ ਨਾਲ ਹੀ ਟਿਕਟ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ ਕਿਹਾ ਕਿ ਕੇਂਦਰ ਵਿਚ ਸਰਕਾਰ ਕਿਸੇ ਦੀ ਵੀ ਹੋਵੇ ਪਰ ਦਿੱਲੀ 'ਤੇ ਕੇਂਦਰ ਦੀ ਹੀ ਦਯਾ ਦ੍ਰਿਸ਼ਟੀ ਹੈ। ਦਿੱਲੀ ਵਿਚ ਜਿੰਨੀਆਂ ਵੀ ਯੂਨੀਵਰਸਟੀਆਂ ਹਨ ਕੇਂਦਰ ਦੇ ਫੰਡ 'ਤੇ ਚੱਲ ਰਹੀਆਂ ਹਨ, ਜਿੰਨੇ ਵੀ ਹਸਪਤਾਲ ਹਨ ਕੇਂਦਰ ਦੇ ਫੰਡ ਤੋਂ ਚੱਲਦੇ ਹਨ।
ਉਹਨਾਂ ਪੁੱਛਿਆ ਕਿ ਜੇ ਦਿੱਲੀ ਦਾ ਸਿਖਿਆ ਮਾਡਲ ਇੰਨਾ ਹੀ ਚੰਗਾ ਹੈ ਤਾਂ ਜੋ 10 ਕੂਪਨ ਮਿਲਦੇ ਹਨ ਕੇਂਦਰੀ ਵਿਦਿਆਲਿਆ ਦੇ, ਉਹ ਉਠਾ ਕੇ ਕਿਉਂ ਘੁੰਮਦੇ ਹਨ। ਜੇ ਮਾਡਲ ਇੰਨਾ ਹੀ ਚੰਗਾ ਹੈ ਤਾਂ ਸੈਂਟਰ ਸਕੂਲ ਦੀ ਗੱਲ ਕਿਉਂ ਕਰਦੇ ਹਨ। ਰਵਨੀਤ ਬਿੱਟੂ ਨੇ ਕੇਜਰੀਵਾਲ 'ਤੇ ਨਿਸਾਨਾ ਸਾਧਦੇ ਹੋਏ ਕਿਹਾ ਕਿ ਜੋ ਇੰਨਾ ਨੇ ਥਾਂ-ਥਾਂ 'ਤੇ ਕੇਜਰੀਵਾਲ-ਕੇਜਰੀਵਾਲ ਲਿਖ ਕੇ ਪੋਸਟਰ ਲਗਾਏ ਹਨ ਤੇ ਜੋ ਉਸ 'ਤੇ ਪੈਸੇ ਲੱਗੇ ਹਨ ਉਸ ਦੀ ਜਾਂਚ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਹੈ, ਇਹ ਬੋਲ ਰਹੇ ਕਿ ਕੇਜਰੀਵਾਲ ਲੋਕਾਂ ਦੀ ਪਸੰਦ ਹੈ, ਨਹੀਂ ਕੇਜਰੀਵਾਲ ਪੰਜਾਬ ਦੇ ਲੋਕਾਂ ਦੀ ਪਸੰਦ ਨਹੀਂ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਕਾਂਗਰਸ ਵਲੋਂ ਦੇਸ਼ ਭਰ ਵਿਚ ਵਧ ਰਹੀ ਮਹਿੰਗਾਈ ਨੂੰ ਲੈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਰਵਨੀਤ ਬਿੱਟੂ ਨੇ ਵੀ ਬਾਕੀ ਕਾਂਗਰਸੀ ਲੀਡਰਾਂ ਨਾਲ ਮਿਲ ਕੇ ਲੋਕ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ।