ਹੁਣ ਨਹੀਂ ਹੋਵੇਗੀ ਰੋਪੜ ਦੇ ਸਰਕਾਰੀ ਸਕੂਲ ਦੀ ਨਿਲਾਮੀ, 'ਆਪ' ਸਰਕਾਰ ਨੇ ਕਰਵਾਈ ਰੱਦ
ਇਸ ਨੂੰ ਲੈ ਕੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ (ਆਪ) ਦੇ ਸਿੱਖਿਆ ਮਾਡਲ 'ਤੇ ਸਵਾਲ ਚੁੱਕੇ ਸਨ।
ਅਨੰਦਪੁਰ ਸਾਹਿਬ - ਰੋਪੜ ਦੇ ਸਰਕਾਰੀ ਸਕੂਲ ਦੀ ਹੁਣ ਨਿਲਾਮੀ ਨਹੀਂ ਹੋਵੇਗੀ। ਪਾਵਰਕੌਮ ਨੇ ‘ਆਪ’ ਸਰਕਾਰ ਦੇ ਹੁਕਮਾਂ ਮਗਰੋਂ ਇਹ ਨਿਲਾਮੀ ਰੱਦ ਕਰ ਦਿੱਤੀ ਹੈ। ਪਾਵਰਕੌਮ ਨੇ 26 ਮਾਰਚ ਨੂੰ ਜਾਰੀ ਕੀਤਾ ਅਪਣਾ ਇਸ਼ਿਤਿਹਾਰ ਵਾਪਸ ਲੈ ਲਿਆ ਹੈ। ਸਕੂਲ ਦੀ ਨਿਲਾਮੀ ਨੂੰ ਲੈ ਕੇ ਕਾਫੀ ਸਿਆਸੀ ਹੰਗਾਮਾ ਹੋਇਆ ਸੀ ਤੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ (ਆਪ) ਦੇ ਸਿੱਖਿਆ ਮਾਡਲ 'ਤੇ ਸਵਾਲ ਚੁੱਕੇ ਸਨ।
ਅਕਾਲੀ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਕੂਲ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਕੇ ਸਿੱਖਿਆ ਦਿੱਤੀ ਜਾਵੇ। ਪਾਵਰਕੌਮ ਨੇ 26 ਮਾਰਚ ਨੂੰ ਰੋਪੜ ਦੀ ਥਰਮਲ ਕਲੋਨੀ ਵਿਚ ਸਥਿਤ ਸਕੂਲ ਦੀ ਨਿਲਾਮੀ ਲਈ ਇਸ਼ਤਿਹਾਰ ਦਿੱਤਾ ਸੀ। ਪਤਾ ਲੱਗਦਿਆਂ ਹੀ ਆਪ ਸਰਕਾਰ 'ਤੇ ਸਵਾਲ ਖੜ੍ਹੇ ਹੋਣ ਲੱਗੇ। ਉਨ੍ਹਾਂ ਦੀ ਪਾਰਟੀ ਸਿੱਖਿਆ ਦੇ ਮੁੱਦੇ 'ਤੇ ਹੀ ਸਰਕਾਰ 'ਚ ਆਈ ਸੀ। ਇਸ ਸਬੰਧੀ ਅਕਾਲੀ ਦਲ ਨੇ ਹਮਲਾਵਰ ਰੁਖ਼ ਅਖਤਿਆਰ ਕੀਤਾ ਸੀ।
ਆਮ ਆਦਮੀ ਪਾਰਟੀ ਨੇ ਸਕੂਲ ਦੀ ਨਿਲਾਮੀ ਲਈ ਸਭ ਤੋਂ ਪਹਿਲਾਂ ਪਿਛਲੀ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਸਬੰਧੀ ਕਾਨੂੰਨ ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਇਸ ਸਕੂਲ ਦੇ ਬੱਚਿਆਂ ਨੂੰ 6 ਮਹੀਨੇ ਪਹਿਲਾਂ ਕਿਸੇ ਹੋਰ ਸਕੂਲ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਕੂਲ ਦੀ ਇਮਾਰਤ ਦੀ ਨਿਲਾਮੀ ਦੀ ਪ੍ਰਕਿਰਿਆ ਵੀ ਕਾਂਗਰਸ ਸਰਕਾਰ ਦੇ ਸਮੇਂ ਸ਼ੁਰੂ ਹੋਈ ਸੀ। ਇਸ 'ਤੇ ਵਿਰੋਧੀ ਪਾਰਟੀਆਂ ਨੇ ਸਵਾਲ ਉਠਾਏ ਕਿ ਹੁਣ ਜਦੋਂ ਪੰਜਾਬ 'ਚ 'ਆਪ' ਦੀ ਸਰਕਾਰ ਹੈ ਤਾਂ ਆਪ ਸਰਕਾਰ ਇਹ ਨਿਲਾਮੀ ਕਿਉਂ ਨਹੀਂ ਰੋਕਦੀ। ਅਜਿਹੇ ਸਵਾਲ ਖੜ੍ਹੇ ਹੋਣ ਤੋਂ ਬਾਅਦ ਸਰਕਾਰ ਨੇ ਇਹ ਨਿਲਾਮੀ ਰੱਦ ਕਰਵਾ ਦਿੱਤੀ ਤੇ ਜਾਰੀ ਹੋਇਆ ਇਸ਼ਤਿਹਾਰ ਰੱਦ ਕਰ ਦਿੱਤਾ ਗਿਆ ਹੈ।