ਬਾਦਲ ਵਿਰੋਧੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ 'ਜਥੇਦਾਰ' ਨੂੰ ਖਰੀਆਂ-ਖਰੀਆਂ ਸੁਣਾਈਆਂ
ਬਾਦਲ ਵਿਰੋਧੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ 'ਜਥੇਦਾਰ' ਨੂੰ ਖਰੀਆਂ-ਖਰੀਆਂ ਸੁਣਾਈਆਂ
ਬਾਦਲ ਦਲ ਦੇ ਪੰਥ ਵਿਰੋਧੀ ਕਾਰਜਾਂ ਵਿਰੁਧ ਵਿਰੋਧੀ ਧਿਰ ਦੇ ਨਿੱਠ ਕੇ ਨਿਭਾਏ ਰੋਲ ਦੀ ਚਰਚਾ
ਅੰਮਿ੍ਤਸਰ, 30 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਵਿਰੋਧੀ ਧਿਰ, ਕੌਮ ਦੇ ਵੱਖ-ਵੱਖ ਭਖਦੇ ਮਸਲਿਆਂ ਅਤੇ ਬਾਦਲ ਦਲ ਵਿਰੁਧ ਨਿੱਠ ਕੇ ਸਾਹਮਣੇ ਆਈ ਜਿਸ ਨੇ ਹਾਊਸ ਵਿਚੋਂ ਵਾਕਆਊਟ ਕਰਦਿਆਂ ਅਕਾਲ ਤਖ਼ ਦੇ ਕਾਰਜਕਾਰੀ ਜਥੇਦਾਰ ਨੂੰ ਯਾਦ-ਪੱਤਰ ਦੇਣ ਦੌਰਾਨ ਉਨ੍ਹਾਂ ਨੂੰ ਸਪਸ਼ਟ ਕੀਤਾ ਕਿ ਉਹ ਨਿਰਪੱਖਤਾ ਨਾਲ ਅਪਣੇ ਫ਼ਰਜ਼ ਨਿਭਾਉਣ ਦੀ ਥਾਂ, ਇਕ ਪਾਸੜ ਚਲ ਰਹੇ ਹਨ ਜੋ ਉਨ੍ਹਾਂ ਦੇ ਮਹਾਨ ਰੁਤਬੇ ਅਤੇ ਪੰਥਕ ਹਿਤਾਂ ਵਿਰੁਧ ਹੈ |
ਉਨ੍ਹਾਂ 'ਜਥੇਦਾਰ' ਨੂੰ ਇਕ ਕਿਸਮ ਦਾ ਸੰਕੇਤ ਦਿਤਾ ਕਿ ਉਹ ਬਾਦਲ ਦਲ ਨਾਲ ਕਿਸੇ ਵੀ ਕਿਸਮ ਦਾ ਸਮਝੌਤਾ ਕਰਨ ਵਿਰੁਧ ਹਨ, ਜਿਸ ਦੀ ਉਹ ਵਕਾਲਤ ਕਰ ਰਹੇ ਹਨ | ਵਿਰੋਧੀ ਧਿਰ ਦੇ ਮੈਂਬਰਾਂ ਮਿੱਠੂ ਸਿੰਘ ਕਾਹਨੇਕੇ, ਅਮਰੀਕ ਸਿੰਘ ਸ਼ਾਹਪੁਰ ਦੀ ਅਗਵਾਈ ਹੇਠ ਕਰੀਬ ਅੱਧੀ ਦਰਜਨ ਮੈਂਬਰਾਂ ਨੇ, ਪੰਥਕ ਸੰਕਟ ਅਤੇ ਵਿਧਾਨ ਸਭਾ ਚੋਣਾਂ ਵਿਚ ਪਹਿਲੀ ਵਾਰ ਨਮੋਸ਼ੀਜਨਕ ਹਾਰ ਲਈ ਬਾਦਲ ਦਲ ਨੂੰ ਨਿਸ਼ਾਨੇ 'ਤੇ ਲਿਆ ਜਿਨ੍ਹਾਂ ਕੋਲ ਐਸਜੀਪੀਸੀ, ਅਕਾਲੀ ਦਲ, ਅਕਾਲ ਤਖ਼ਤ ਸਾਹਿਬ ਦਾ ਕੰਟਰੋਲ ਹੋਣ ਕਾਰਨ ਸਿੱਖੀ ਸਿਧਾਂਤ ਰੁਲ ਗਏ ਹਨ ਤੇ ਉਨ੍ਹਾਂ ਤੋਂ ਨੈਤਿਕ ਆਧਾਰ 'ਤੇ 'ਜਥੇਦਾਰ' ਵਲੋਂ ਅਸਤੀਫ਼ਾ ਮੰਗਣ ਦੀ ਥਾਂ ਉਹ ਉਲਟਾ, ਸਮਝੌਤੇ ਲਈ ਉਕਸਾ ਰਹੇ ਹਨ ਜਿਸ ਤੋਂ ਪੰਥ ਖ਼ਫ਼ਾ ਹੈ | ਪੰਥਕ ਮਾਹਰਾਂ ਅਨੁਸਾਰ ਮੌਜੂਦਾ ਬਣੇ ਰਾਜਸੀ, ਧਾਰਮਕ, ਸਮਾਜਕ ਅਤੇ ਆਰਥਕ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਬੜੀ ਭਰੋਸੇਯੋਗ ਪੰਥਕ ਲੀਡਰਸ਼ਿਪ ਦੀ ਲੋੜ ਹੈ ਜੋ ਹੁਕਮਰਾਨਾਂ ਦੀਆਂ ਪੰਜਾਬ ਤੇ ਪੰਥ ਵਿਰੋਧੀ ਸਰਗਰਮੀਆਂ ਦਾ ਟਾਕਰਾ ਕਰਨ ਦੇ ਸਮਰਥ ਹੋਵੇ | ਅੱਜ ਅਕਾਲੀ ਫੂਲਾ ਸਿੰਘ ਵਰਗੀ ਸ਼ਖ਼ਸੀਅਤ ਦੀ ਲੋੜ ਹੈ ਪੰਥ ਨੂੰ |