ਮਾਨ ਸਰਕਾਰ ਦੀ ਕੈਬਨਿਟ ਬੈਠਕ ਅੱਜ, ਕਈ ਅਹਿਮ ਫ਼ੈਸਲਿਆ 'ਤੇ ਲੱਗ ਸਕਦੀ ਹੈ ਮੋਹਰ
ਸਰਕਾਰ ਅਪਣੇ ਵੱਲੋਂ ਲਏ ਗਏ ਫੈਸਲਿਆਂ 'ਤੇ ਪੱਕੀ ਮੋਹਰ ਲਗਾ ਸਕਦੀ ਹੈ।
ਚੰਡੀਗੜ੍ਹ : ਪੰਜਾਬ ਦੀ ਨਵੀਂ ਭਗਵੰਤ ਮਾਨ ਸਰਕਾਰ ਦੀ ਕੈਬਨਿਟ ਬੈਠਕ ਅੱਜ ਸ਼ਾਮ 4 ਵਜੇ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਹੈ। ਇਸ ਬੈਠਕ ਦੌਰਾਨ ਅਹਿਮ ਮੁੱਦਿਆਂ 'ਤੇ ਸਰਕਾਰ ਵਿਚਾਰ ਚਰਚਾ ਕਰੇਗੀ ਤੇ ਬੈਠਕ ਦੌਰਾਨ ਮਾਨ ਸਰਕਾਰ ਵੱਲੋਂ ਵੱਡੇ ਐਲਾਨ ਵੀ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸੰਗਰੂਰ 'ਚ ਧਰਨਾ ਦੇ ਰਹੇ ਪੁਲਿਸ ਭਰਤੀ ਦੇ ਬੇਰੁਜ਼ਗਾਰਾਂ 'ਤੇ ਵੀ ਕੋਈ ਫ਼ੈਸਲਾ ਆ ਸਕਦਾ ਹੈ।
ਸੂਬੇ 'ਚ ਬਿਜਲੀ ਦੀਆਂ ਮੁਫ਼ਤ ਯੂਨਿਟਾਂ ਜਾਂ ਫਿਰ ਹੋਰ ਵੀ ਕਈ ਫੈਸਲੇ ਲਏ ਜਾ ਸਕਦੇ ਹਨ। ਹਾਲਾਂਕਿ ਮੁੱਖ ਮੰਤਰੀ ਮਾਨ ਨੇ ਹਾਲ ਹੀ ਵਿਚ ਕਈ ਐਲਾਨ ਕੀਤੇ ਹਨ, ਜਿਨ੍ਹਾਂ ਨੂੰ ਕੈਬਨਿਟ ਤੋਂ ਮਨਜ਼ੂਰੀ ਮਿਲ ਸਕਦੀ ਹੈ।
ਸਰਕਾਰ ਵੱਲੋਂ ਹੁਣ ਤੱਕ ਇਹ ਫੈਸਲੇ ਲਏ ਗਏ ਹਨ
ਪ੍ਰਾਈਵੇਟ ਸਕੂਲ ਨਵੇਂ ਸੈਸ਼ਨ ਵਿਚ ਦਾਖ਼ਲਾ ਫੀਸਾਂ ਨਹੀਂ ਵਧਾਉਣਗੇ। ਕਿਤਾਬਾਂ ਤੇ ਕੱਪੜੇ ਕਿਸੇ ਵਿਸ਼ੇਸ਼ ਦੁਕਾਨ ਤੋਂ ਉਪਲੱਬਧ ਨਹੀਂ ਹੋਣਗੇ। ਇਸ ਤੋਂ ਇਲਾਵਾ ਪੰਜਾਬ ਵਿਚ ਠੇਕੇ ਤੇ ਆਊਟਸੋਰਸਿੰਗ ’ਤੇ ਕੰਮ ਕਰਦੇ 35 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਇਸੇ ਤਰ੍ਹਾਂ 25 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਜਿਸ ਵਿਚ 10 ਹਜ਼ਾਰ ਦੀ ਭਰਤੀ ਸਿਰਫ਼ ਪੰਜਾਬ ਪੁਲਿਸ ਵਿਚ ਹੀ ਹੋਵੇਗੀ। ਇਸ ਦੇ ਨਾਲ ਹੀ ਸਸਤੇ ਰਾਸ਼ਨ ਦੀ ਡੋਰ ਸਟੈਪ ਡਿਲੀਵਰੀ ਹੋਵੇਗੀ। ਸਰਕਾਰ ਕਾਰਡ ਧਾਰਕਾਂ ਨੂੰ ਉਨ੍ਹਾਂ ਦੇ ਘਰ ਰਾਸ਼ਨ ਦੀ ਹੋਮ ਡਿਲੀਵਰੀ ਕਰੇਗੀ। ਇਹ ਸਾਰੇ ਫੈਸਲਿਆਂ ਦਾ ਅਜੇ ਐਲਾਨ ਹੀ ਹੋਇਆ ਹੈ ਤੇ ਕੈਬਨਿਟ ਵਿਚ ਇਨ੍ਹਾਂ ਉੱਪਰ ਮੋਹਰ ਲੱਗ ਸਕਦੀ ਹੈ।