ਮਹਿੰਦਰਾ ਕੰਪਨੀ ਵੱਲੋਂ ਦਾਨ ਵਿਚ ਦਿੱਤੀ ਗਈ ਥਾਰ ਗੱਡੀ ਨੂੰ SGPC ਕਰੇਗੀ ਨਿਲਾਮ 

ਏਜੰਸੀ

ਖ਼ਬਰਾਂ, ਪੰਜਾਬ

5 ਅਪ੍ਰੈਲ ਨੂੰ ਥਾਰ ਸਣੇ ਪੰਜ ਗੱਡੀਆਂ ਦੀ ਹੋਵੇਗੀ ਨਿਲਾਮੀ

The Thar vehicle donated by Mahindra Company will be auctioned by SGPC

 

ਅੰਮ੍ਰਿਤਸਰ -  5 ਅਪ੍ਰੈਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 5 ਗੱਡੀਆਂ ਨੂੰ ਨਿਲਾਮ ਕਰਨ ਜਾ ਰਹੀ ਹੈ ਜਿਸ ਵਿਚ ਥਾਰ 2021 ਮਾਡਲ ਗੱਡੀ ਵੀ ਸ਼ਾਮਲ ਹੈ। ਇਹ ਗੱਡੀ ਸ਼੍ਰੋਮਣੀ ਕਮੇਟੀ ਨੂੰ ਦਾਨ ’ਚ ਮਿਲੀ ਸੀ ਜੋ ਕਿ ਮਹਿੰਦਰਾ ਕੰਪਨੀ ਨੇ ਦਾਨ ਕੀਤੀ ਸੀ। ਨਵੀਂ ਨਕੋਰ ਲਾਲ ਰੰਗ ਦੀ ਇਹ ‘ਥਾਰ’ ਪੰਜ ਅਪ੍ਰੈਲ ਨੂੰ ਨਿਲਾਮ ਕੀਤੀ ਜਾਵੇਗੀ। ਹਾਲੇ ਤੱਕ ਇਹ ਗੱਡੀ ਸਿਰਫ਼ 700 ਕਿਲੋਮੀਟਰ ਹੀ ਚੱਲੀ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਨਿਲਾਮ ਕਰਨ ਦਾ ਫ਼ੈਸਲਾ ਕਰ ਲਿਆ ਹੈ। ਸਭ ਖ਼ਰਚਿਆਂ ਸਮੇਤ ਇਸ ਦੀ ਬਾਜ਼ਾਰੂ ਕੀਮਤ 16.50 ਲੱਖ ਰੁਪਏ ਦੱਸੀ ਜਾ ਰਹੀ ਹੈ।

ਦੱਸ ਦਈਏ ਕਿ ਮਹਿੰਦਰਾ ਕੰਪਨੀ ਦੀ ਥਾਰ ਗੱਡੀ ਦੀ ਕਾਫ਼ੀ ਮੰਗ ਹੈ ਤੇ ਇਸ ਗੱਡੀ ਨੂੰ ਖਰੀਦਣ ਵਾਲਿਆਂ ਦੀ ਲੰਮੀ ਉਡੀਕ ਚੱਲ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਖੁੱਲ੍ਹੀ ਬੋਲੀ ਰਾਹੀਂ ਇਸ ਥਾਰ ਨੂੰ ਨਿਲਾਮ ਕੀਤਾ ਜਾਵੇਗਾ, ਜਿਸ ਲਈ ਸਕਿਓਰਿਟੀ ਫ਼ੀਸ 50 ਹਜ਼ਾਰ ਰੁਪਏ ਰੱਖੀ ਗਈ ਹੈ। ਜਾਣਕਾਰੀ ਅਨੁਸਾਰ ਮਹਿੰਦਰਾ ਕੰਪਨੀ ਵੱਲੋਂ ਜਦੋਂ ਵੀ ਕੋਈ ਨਵੀਂ ਗੱਡੀ ਲਾਂਚ ਕੀਤੀ ਜਾਂਦੀ ਹੈ ਤਾਂ ਪਹਿਲੀ ਗੱਡੀ ਦਾਨ ਵਜੋਂ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਜਾਂਦੀ ਹੈ। ਪੰਜ ਸਾਲ ਪਹਿਲਾਂ ਵੀ ਕੰਪਨੀ ਨੇ ਇੱਕ ਗੱਡੀ ਦਾਨ ਕੀਤੀ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਮਹਿੰਦਰਾ ਵੱਲੋਂ ਦਾਨ ਕੀਤੀ ਥਾਰ ਗੱਡੀ ਉਨ੍ਹਾਂ ਦੇ ਕੰਮ ਨਹੀਂ ਆ ਰਹੀ ਹੈ ਅਤੇ ਉਨ੍ਹਾਂ ਨੇ ਨਿਲਾਮੀ ਕਰਨ ਤੋਂ ਪਹਿਲਾਂ ਕੰਪਨੀ ਤੋਂ ਵੀ ਹਰੀ ਝੰਡੀ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਥਾਰ ਨੂੰ ਨਿਲਾਮ ਕਰ ਕੇ ਉਹ ਕੋਈ ਹੋਰ ਗੱਡੀ ਖ਼ਰੀਦਣਗੇ, ਜੋ ਸ਼੍ਰੋਮਣੀ ਕਮੇਟੀ ਦੇ ਕੰਮ ਆ ਸਕੇ। ਮਹਿੰਦਰਾ ਕੰਪਨੀ ਨੇ ਇਹ ਥਾਰ ਮੁੰਬਈ ਤੋਂ ਭੇਜੀ ਸੀ। ਇਹ ਥਾਰ 2021 ਮਾਡਲ ਗੱਡੀ ਹੈ ਜੋ ਸ਼੍ਰੋਮਣੀ ਕਮੇਟੀ ਦੇ ਨਾਮ ਹੈ। ਸ਼੍ਰੋਮਣੀ ਕਮੇਟੀ ਵੱਲੋਂ 5 ਅਪ੍ਰੈਲ ਨੂੰ ਪੰਜ ਗੱਡੀਆਂ ਨਿਲਾਮ ਕੀਤੀਆਂ ਜਾਣੀਆਂ ਹਨ, ਜਿਨ੍ਹਾਂ ਵਿਚ ਥਾਰ ਤੋਂ ਇਲਾਵਾ 2017 ਮਾਡਲ ਇੱਕ ਕੈਮਰੀ ਆਟੋਮੈਟਿਕ ਗੱਡੀ ਵੀ ਹੈ। ਕੈਮਰੀ ਗੱਡੀ ਵੀ ਕਰੀਬ 51 ਹਜ਼ਾਰ ਕਿਲੋਮੀਟਰ ਹੀ ਚੱਲੀ ਹੈ।