Punjab News: ਰੂਸ 'ਚ ਫਸੇ ਪੰਜਾਬੀ ਨੌਜਵਾਨ ਦੀ ਇੱਕ ਹੋਰ ਵੀਡੀਓ, ਕਈ ਭਾਰਤੀਆਂ ਦੀ ਜਾਨ ਗਈ
10 ਦਿਨ ਜੰਗ ਲੜਨ ਤੋਂ ਬਾਅਦ ਮਿਲੀ 3 ਦਿਨ ਦੀ ਛੁੱਟੀ
Punjab News: ਚੰਡੀਗੜ੍ਹ - ਰੂਸ 'ਚ ਫਸੇ ਪੰਜਾਬ ਦੇ ਨੌਜਵਾਨਾਂ ਦੀਆਂ ਦੋ ਹੋਰ ਵੀਡੀਓਜ਼ ਸਾਹਮਣੇ ਆਈਆਂ ਹਨ ਜਿਸ ਵਿਚ ਉਹਨਾਂ ਨੇ 17 ਮਾਰਚ ਨੂੰ ਇੱਕ ਵੀਡੀਓ ਬਣਾ ਕੇ ਭਾਰਤੀ ਦੂਤਾਵਾਸ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਰੂਸ ਤੋਂ ਬਾਹਰ ਕੱਢਣ ਵਿਚ ਉਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਉਹਨਾਂ ਨੂੰ ਯੂਕਰੇਨ ਨਾਲ ਜੰਗ ਲੜਨ ਲਈ ਭੇਜਿਆ ਜਾ ਰਿਹਾ ਹੈ।
ਕੁਝ ਦਿਨਾਂ ਬਾਅਦ ਨੌਜਵਾਨ ਨੇ ਇਕ ਹੋਰ ਵੀਡੀਓ ਬਣਾਈ ਜਿਸ ਵਿਚ ਉਸ ਨੇ ਦੱਸਿਆ ਕਿ ਉਹ ਇਸ ਸਮੇਂ ਯੂਕਰੇਨ ਵਿਚ ਹੈ ਅਤੇ ਰੂਸੀ ਫੌਜ ਨੇ ਉਸ ਨੂੰ ਯੂਕਰੇਨ ਵਿਰੁੱਧ ਜੰਗ ਲੜਨ ਲਈ ਭੇਜਿਆ ਹੈ। 10 ਦਿਨ ਫਰੰਟ ਲਾਈਨ 'ਤੇ ਡਿਊਟੀ ਕਰਨ ਤੋਂ ਬਾਅਦ ਹੁਣ ਉਸ ਨੂੰ 3 ਦਿਨ ਦੀ ਛੁੱਟੀ 'ਤੇ ਵਾਪਸ ਭੇਜ ਦਿੱਤਾ ਗਿਆ ਹੈ।
ਯੂਕਰੇਨ ਨਾਲ ਜੰਗ ਵਿਚ ਗੋਲੀ ਲੱਗਣ ਨਾਲ ਤਿੰਨ ਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਦਿਨਾਂ ਦੀ ਛੁੱਟੀ ਤੋਂ ਬਾਅਦ ਉਨ੍ਹਾਂ ਨੂੰ ਮੁੜ ਯੂਕਰੇਨ ਵਿਰੁੱਧ ਜੰਗ ਲੜਨ ਲਈ ਫਰੰਟ ਲਾਈਨ ਵਿਚ ਭੇਜਿਆ ਜਾਵੇਗਾ। ਜਿੱਥੇ ਉਹ ਆਪਣੀ ਜਾਨ ਵੀ ਗੁਆ ਸਕਦੇ ਹਨ। ਉਸ ਦੇ ਪਰਿਵਾਰਕ ਮੈਂਬਰ ਵੀ ਉਸ ਦੀ ਲਾਸ਼ ਤੱਕ ਨਹੀਂ ਪਹੁੰਚ ਸਕਣਗੇ।
ਇਸ ਲਈ ਉਨ੍ਹਾਂ ਕੇਂਦਰ ਸਰਕਾਰ ਤੋਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਉਥੋਂ ਕੱਢਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਦੂਤਘਰ ਨੇ ਅਜੇ ਤੱਕ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਹੈ। ਇਸ ਵਾਇਰਲ ਵੀਡੀਓ ਵਿਚ ਗੁਰਦਾਸਪੁਰ ਦੇ ਡੇਰੀਵਾਲ ਕਿਰਨ ਪਿੰਡ ਦਾ ਨੌਜਵਾਨ ਗਗਨਦੀਪ ਸਿੰਘ ਵੀ ਸ਼ਾਮਲ ਹੈ।
ਇਸ ਦੂਸਰੀ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਰੂਸ ਵਿਚ ਫਸੇ ਗੁਰਦਾਸਪੁਰ ਦੇ ਨੌਜਵਾਨ ਗਗਨਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਵਾਲੇ ਬਹੁਤ ਚਿੰਤਤ ਹਨ, ਉਹਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਉਥੋਂ ਬਾਹਰ ਕੱਢਿਆ ਜਾਵੇ।