ਸਿਹਤ ਵਿਭਾਗ ਨੇ 55 ਮੈਡੀਕਲ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਚ ਡਾਕਟਰਾਂ ਦੀ ਮੌਜੂਦਗੀ ਨੂੰ 100 ਫ਼ੀਸਦੀ ਯਕੀਨੀ ਬਣਾਇਆ ਗਿਆ : ਬ੍ਰਹਮ ਮਹਿੰਦਰਾ

Health Department issued appointment letters to 55 Medical Officers

ਚੰਡੀਗੜ੍ਹ : ਸੂਬੇ ਦੇ ਵਸਨੀਕਾਂ ਨਾਲ ਕੀਤੇ ਇਕ ਹੋਰ ਵਾਅਦੇ ਨੂੰ ਪੂਰਾ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਈ.ਐਸ.ਆਈ. ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ 50 ਮੈਡੀਕਲ ਅਫ਼ਸਰਾਂ ਅਤੇ 5 ਮੈਡੀਕਲ ਅਫ਼ਸਰਾਂ (ਸਪੈਸ਼ਲਿਸਟ) ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਤੋਂ ਇਲਾਵਾ ਬੀ.ਬੀ.ਐਮ.ਬੀ. ਵਲੋਂ ਚਲਾਏ ਜਾ ਰਹੇ ਹਸਪਤਾਲਾਂ ਲਈ 11 ਸਪੈਸ਼ਲਿਸਟ ਡਾਕਟਰਾਂ ਅਤੇ ਅਤੇ 9 ਮੈਡੀਕਲ ਅਫ਼ਸਰਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਗਏ ਜਿਸ ਮਗਰੋਂ ਬੀ.ਬੀ.ਐਮ.ਬੀ. ਵਲੋਂ ਚਲਾਏ ਜਾ ਰਹੇ ਹਸਪਤਾਲਾਂ ਵਿਚ ਪੰਜਾਬ ਨੂੰ ਦਿੱਤੇ 31 ਡਾਕਟਰਾਂ ਦੇ ਕੋਟੇ ਨੂੰ ਪੂਰਾ ਕਰ ਦਿੱਤਾ ਗਿਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿਹਤ ਵਿਭਾਗ ਵਿਚ ਡਾਕਟਰਾਂ ਦੀ ਕਮੀ ਹੋਣ ਕਰ ਕੇ ਪਿਛਲੇ 5 ਸਾਲਾਂ ਦੇ ਵੱਧ ਸਮੇਂ ਤੋਂ ਇਹ ਪੋਸਟਾਂ ਖਾਲੀ ਪਈਆਂ ਸਨ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀਆਂ ਖਾਲੀ ਪਈਆਂ 55 ਅਸਾਮੀਆਂ 'ਤੇ ਨਿਯੁਕਤੀ ਨਾਲ ਉਨ੍ਹਾਂ ਨੇ ਈ.ਐਸ.ਆਈ. ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਚ ਡਾਕਟਰਾਂ ਦੇ 100 ਫ਼ੀਸਦੀ ਕੋਟੇ ਨੂੰ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਅਤੇ ਮਾਹਿਰ ਡਾਕਟਰਾਂ ਦੀਆਂ ਇਹ ਪੋਸਟਾਂ ਈ.ਐਸ.ਆਈ. ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਚ ਖਾਲੀ ਸਨ, ਜੋ ਕਿ ਉਦਯੋਗਿਕ ਇਕਾਈਆਂ/ਸੰਸਥਾਵਾਂ ਵਿਚ ਕੰਮ ਕਰਨ ਵਾਲੇ ਘੱਟ ਆਮਦਨ ਵਾਲੇ ਬੀਮਾ ਧਾਰਕ ਵਿਅਕਤੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿਚ ਸਭ ਤੋਂ ਵੱਡੀ ਰੁਕਾਵਟ ਸੀ।

ਸਿਹਤ ਮੰਤਰੀ ਨੇ ਕਿਹਾ ਕਿ ਬੀਤੇ ਸਮੇਂ 'ਚ ਪੰਜਾਬ ਮੰਤਰੀ ਪ੍ਰੀਸ਼ਦ ਨੇ ਠੇਕੇ 'ਤੇ ਈ.ਐਸ.ਆਈ. ਹਸਪਤਾਲਾਂ ਵਿਚ ਖਾਲੀ ਅਸਾਮੀਆਂ ਨੂੰ ਭਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਠੇਕੇ 'ਤੇ ਇਹ ਭਰਤੀ ਇਕ ਸਾਲ ਲਈ ਹੈ ਅਤੇ ਇਸ ਦੀ ਮਿਆਦ ਹਰ ਸਾਲ ਵਧਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 3 ਫ਼ੀਸਦੀ ਸਾਲਾਨਾ ਵਾਧੇ ਨਾਲ ਮੈਡੀਕਲ ਅਫ਼ਸਰ ਨੂੰ ਮਹੀਨਾਵਾਰ ਤਨਖਾਹ 50,000 ਰੁਪਏ ਅਤੇ ਮੈਡੀਕਲ ਅਫ਼ਸਰ (ਸਪੈਸ਼ਲਿਸਟ) ਨੂੰ 1  ਲੱਖ ਰੁਪਏ ਮਹੀਨਾਵਾਰ ਤਨਖਾਹ ਮਿਲੇਗੀ।

ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ 27 ਮਈ 2019 ਨੂੰ ਤਲਵਾੜਾ, ਨੰਗਲ ਅਤੇ ਸੁੰਦਰ ਨਗਰ ਵਿਖੇ ਬੀ.ਬੀ.ਐਮ.ਬੀ. ਰਾਹੀਂ ਚਲਾਏ ਜਾ ਰਹੇ ਹਸਪਤਾਲਾਂ 'ਚ ਨਿਯੁਕਤੀ ਲਈ 20 ਮੈਡੀਕਲ ਅਫਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਜਿਨ੍ਹਾਂ ਵਿਚ 11 ਸਪੈਸ਼ਲਿਸਟ ਡਾਕਟਰ ਅਤੇ 9 ਮੈਡੀਕਲ ਅਫਸਰ ਸ਼ਾਮਲ ਹਨ। ਇਹ ਭਰਤੀ ਠੇਕੇ 'ਤੇ ਕੀਤੀ ਗਈ ਹੈ ਜਿਸ ਤਹਿਤ ਮੈਡੀਕਲ ਅਫ਼ਸਰ ਨੂੰ ਮਹੀਨਾਵਾਰ ਤਨਖਾਹ 50,000 ਰੁਪਏ ਅਤੇ ਮੈਡੀਕਲ ਅਫ਼ਸਰ (ਸਪੈਸ਼ਲਿਸਟ) ਨੂੰ 1 ਲੱਖ ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ।