ਪੰਜਾਬ ’ਚ ਕੋਰੋਨਾ ਨਾਲ 2 ਹੋਰ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਰਨ ਵਾਲਿਆਂ ਦੀ ਗਿਣਤੀ 44 ਹੋਈ ਕੁੱਲ ਪਾਜ਼ੇਟਿਵ ਮਾਮਲੇ 2245

File Photo

ਚੰਡੀਗੜ੍ਹ, 30 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਮੁੜ ਪੈਰ ਪਸਾਰਦਾ ਵਿਖਾਈ ਦੇ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਅੱਜ ਸ਼ਾਮ ਤੱਕ 45 ਹੋਰ ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਅਤੇ 2 ਹੋਰ ਮੌਤਾਂ ਦੀ ਪੁਸ਼ਟੀ ਹੋਈ ਹੈ। ਇਕ ਮੌਤ ਜਲੰਧਰ ਅਤੇ ਇਕ ਲੁਧਿਆਣਾ ਵਿਚ ਹੋਈ ਹੈ। ਇਸ ਤਰ੍ਹਾਂ ਮੌਤਾਂ ਦੀ ਗਿਣਤੀ 44 ਹੋ ਗਈ ਹੈ। ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ 2245 ਤਕ ਪਹੁੰਚ ਗਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿਚ ਲਗਾਤਾਰ ਕੋਰੋਨਾ ਕੇਸਾਂ ਦਾ ਅੰਕੜਾ ਵਧ ਰਿਹਾ ਹੈ, ਜਿਥੇ ਪਿਛਲੇ 24 ਘੰਟਿਆਂ ਵਿਚ 8 ਹੋਰ ਨਵੇਂ ਕੇਸ ਆਏ ਹਨ। ਅੱਜ 18 ਹੋਰ ਕੋਰੋਨਾ ਪੀੜਤ ਠੀਕ ਹੋਏ ਹਨ ਅਤੇ ਕੁੱਲ ਠੀਕ ਹੋਣ ਵਾਲਿਆਂ ਦੀ ਗਿਣਤੀ 1967 ਤਕ ਪਹੁੰਚ ਗਈ ਹੈ। ਅੱਜ ਅੰਮ੍ਰਿਤਸਰ ਤੋਂ ਇਲਾਵਾ ਜ਼ਿਲ੍ਹਾ ਮੋਹਾਲੀ, ਬਠਿੰਡਾ, ਮਲੇਰਕੋਟਲਾ, ਹੁਸ਼ਿਆਰਪੁਰ, ਫ਼ਾਜ਼ਿਲਕਾ, ਪਠਾਨਕੋਟ, ਤਰਨਤਾਰਨ, ਫ਼ਤਿਹਗੜ੍ਹ ਸਾਹਿਬ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ’ਚੋਂ 24 ਘੰਟਿਆਂ ਦੌਰਾਨ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।

ਹੁਸ਼ਿਆਰਪੁਰ ’ਚ 6 ਨਵੇਂ ਕੇਸ ਆਏ ਸਾਹਮਣੇ
ਹੁਸ਼ਿਆਰਪੁਰ/ਟਾਂਡਾ ਉੜਮੁੜ, 30 ਮਈ (ਅੰਮ੍ਰਿਤਪਾਲ ਬਾਜਵਾ) : ਜ਼ਿਲ੍ਹੇ ’ਚ 6 ਹੋਰ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਹੁਣ ਜ਼ਿਲ੍ਹੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 121 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦਸਿਆ ਕਿ ਇਹ ਨਵੇਂ ਚਾਰ ਪਾਜ਼ੇਟਿਵ ਕੇਸ ਸਹਿਤ ਵਿਭਾਗ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਨੰਗਲੀ ਜਲਾਲਪੁਰ ਨਾਲ ਸਬੰਧਤ ਹਨ। ਇਕ ਕੇਸ ਪਿੰਡ ਸੱਜਣਾਂ ਬਲਾਕ ਮੰਡ ਭੰਡੇਰ ਅਤੇ ਇਕ ਕੇਸ ਪਿੰਡ ਰਮਦਾਸਪੁਰ ਬਲਾਕ ਭੂੰਗਾ ਨਾਲ ਸਬੰਧਤ ਹੈ।

ਅੰਮ੍ਰਿਤਸਰ ਜ਼ਿਲ੍ਹੇ ਅੱਜ ’ਚ 9 ਪੀੜਤ ਆਏ
ਅੰਮ੍ਰਿਤਸਰ, 30 ਮਈ (ਪਪ) : ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਮਹਾਂਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸਨਿਚਰਵਾਰ ਸਵੇਰੇ ਕੋਰੋਨਾ ਲਾਗ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਸਾਰੇ ਨਵੇਂ ਕੇਸ ਪਹਿਲਾਂ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀ ਹਨ। ਜ਼ਿਲ੍ਹੇ ਵਿਚ ਹੁਣ ਕੋਰੋਨਾ ਮਹਾਂਮਾਰੀ ਦੇ ਮਰੀਜ਼ਾਂ ਦੀ ਗਿਣਤੀ 385 ਹੋ ਗਈ ਹੈ। ਜਿਨ੍ਹਾਂ ਵਿਚੋਂ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ 307 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਦਸਣਯੋਗ ਹੈ ਕਿ ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਣ ਤੋਂ ਬਾਅਦ ਲੋਕਾਂ ਵਿਚ ਭਾਰੀ ਦਹਿਸ਼ਤ ਹੈ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਦੋ ਕੋਰੋਨਾ ਮਰੀਜ਼ਾਂ ਦੀ ਹਾਲਤ ਵੀ ਕਾਫ਼ੀ ਗੰਭੀਰ ਬਣੀ ਹੋਈ ਹੈ।

ਫ਼ਾਜ਼ਿਲਕਾ ਵਿਚ ਦੋ  ਹੋਰ ਮਾਮਲੇ ਆਏ
ਫ਼ਾਜ਼ਿਲਕਾ, 30 ਮਈ (ਪਪ) : ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦੇ ਦੋ ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਕਰਦਿਆਂ ਫ਼ਾਜ਼ਿਲਕਾ ਸਿਵਲ ਸਰਜਨ ਸੀ.ਐਮ. ਕਟਾਰੀਆ ਨੇ ਦਸਿਆ ਕਿ ਇਨ੍ਹਾਂ ਵਿਚ ਇਕ ਨੌਜਵਾਨ 21 ਸਾਲਾ ਦਾ ਹੈ, ਜੋ 29 ਤਰੀਕ ਨੂੰ ਸੋਨੀਪਤ ਤੋਂ ਫ਼ਾਜ਼ਿਲਕਾ ਪਰਤਿਆ ਸੀ ਅਤੇ ਦੂਜੇ ਮਾਮਲੇ ਵਿਚ ਇਕ ਜਵਾਨ ਪਾਜ਼ੇਟਿਵ ਪਾਇਆ ਗਿਆ।

ਫ਼ਤਿਹਗੜ੍ਹ ਸਾਹਿਬ ’ਚ ਇਕ ਮਰੀਜ਼ ਆਇਆ
ਫ਼ਤਿਹਗੜ੍ਹ ਸਾਹਿਬ, 30 ਮਈ (ਇੰਦਰਪ੍ਰੀਤ ਬਖ਼ਸ਼ੀ) : ਪੰਜਾਬ ’ਚ ਕੋਰੋਨਾ ਵਾਇਰਸ ਦੇ ਕੇਸਾਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ’ਚ ਇਕ ਹੋਰ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ, ਜੋ ਕਿ ਉਦਯੋਗਿਕ ਮੰਡੀ ਗੋਬਿੰਦਗੜ੍ਹ ਮੰਡੀ ਨਾਲ ਸਬੰਧਤ ਦਸਿਆ ਜਾ ਰਿਹਾ ਹੈ। ਸਿਵਲ ਸਰਜਨ ਫ਼ਤਿਹਗੜ੍ਹ ਸਾਹਿਬ ਡਾ. ਐਨ.ਕੇ. ਅਗਰਵਾਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਣ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ’ਚ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 58 ਹੋ ਗਈ ਹੈ। 

ਪਠਾਨਕੋਟ : 8 ਹੋਰ ਕੋਰੋਨਾ ਪਾਜ਼ੇਟਿਵ ਆਏ
ਪਠਾਨਕੋਟ, 30 ਮਈ (ਤੇਜਿੰਦਰ ਸਿੰਘ) : ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਪਠਾਨਕੋਟ ਅੰਦਰ 8 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਜਿਸ ਨਾਲ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ 28 ਹੋ ਗਈ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਡਾ. ਭੁਪਿੰਦਰ ਸਿੰਘ ਨੇ ਦਸਿਆ ਕਿ ਕੋਰੋਨਾ ਵਾਇਰਸ ਦੀ ਜਾਂਚ ਲਈ 156 ਵਿਅਕਤੀਆਂ ਦੇ ਸੈਂਪਲਾਂ ਦੀ ਰੀਪੋਰਟ ਆਈ ਜਿਨ੍ਹਾਂ ਵਿਚੋਂ 6 ਸਾਲ ਦੇ ਬੱਚੇ ਸਮੇਤ 8 ਵਿਅਕਤੀਆਂ ਦੀ ਰੀਪੋਰਟ ਪਾਜ਼ੇਟਿਵ ਹੈ।

ਲੁਧਿਆਣਾ ’ਚ ਦੋ ਹੋਰ ਮਾਮਲੇ ਆਏ
ਲੁਧਿਆਣਾ, 30 ਮਈ (ਪਪ) : ਲੁਧਿਆਣਾ ’ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਇਆ। ਪਟਿਆਲਾ ਜੀਐਮਸੀ ਦੀ ਰੀਪੋਰਟ ਮੁਤਾਬਕ ਦੋ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਕ ਦੀ ਉਮਰ 34 ਸਾਲ ਦੱਸੀ ਜਾ ਰਹੀ ਹੈ ਜਦਕਿ ਦੂਜੇ ਦੀ ਉਮਰ 18 ਸਾਲ ਹੈ।

ਗੁਰਦਾਸਪੁਰ : ਇਕ ਕੋਰੋਨਾ ਪਾਜ਼ੇਟਿਵ
ਗੁਰਦਾਸਪੁਰ, 30 ਮਈ (ਅਨਮੋਲ ਸਿੰਘ) : ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਕੋਰੋਨਾ ਪੀੜਤ 11 ਐਕਟਿਵ ਮਰੀਜ਼ਾਂ ਵਿਚੋਂ ਅੱਜ 4 ਕੋਰੋਨਾ ਵਾਇਰਸ ਪੀੜਤਾਂ ਨੂੰ ਘਰ ਭੇਜ ਦਿਤਾ ਗਿਆ। ਇਹ 4 ਗਰਭਵਤੀ ਔਰਤਾਂ ਸਨ ਜੋ ਬਟਾਲਾ ਹਸਪਤਾਲ ਵਿਖੇ ਦਾਖ਼ਲ ਸਨ। ਅੱਜ ਇਕ ਵਿਅਕਤੀ ਜੋ ਮੁੰਬਈ ਤੋਂ ਆਇਆ ਸੀ, ਦੀ ਰੀਪੋਰਟ ਪਾਜ਼ੇਟਿਵ ਆਉਣ ਕਾਰਨ, ਹੁਣ ਜ਼ਿਲ੍ਹੇ ਵਿਚ 8 ਐਕਟਿਵ ਕੋਰੋਨਾ ਪੀੜਤ ਮਰੀਜ਼ ਹੋ ਗਏ ਹਨ।

ਬਠਿੰਡਾ ’ਚ ਇਕ ਹੋਰ ਕੋਰੋਨਾ ਮਰੀਜ਼ ਆਇਆ
ਰਾਮਾਮੰਡੀ, 30 ਮਈ (ਅਰੋੜਾ) : ਬਠਿੰਡਾ ਜ਼ਿਲ੍ਹੇ ਵਿਚ ਅੱਜ ਇਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਸੂਚਨਾ ਮੁਤਾਬਕ ਪਾਜ਼ੇਟਿਵ ਪਾਈ ਗਈ ਮਹਿਲਾ 25 ਮਈ ਨੂੰ ਦਿੱਲੀ ਤੋਂ ਪਰਤੀ ਸੀ ਅਤੇ ਜ਼ਿਲ੍ਹੇ ਵਿਚ ਆਉਣ ਤੋਂ ਲੈ ਕੇ ਹੀ ਅਪਣੇ ਘਰ ਵਿਚ ਹੀ ਇਕਾਂਤਵਾਸ ਵਿਚ ਸੀ। ਜਦਕਿ ਉਸ ਦੇ ਪਤੀ ਦੀ ਰੀਪੋਰਟ ਨੈਗੇਟਿਵ ਆਈ ਹੈ। ਪਤਾ ਲੱਗਾ ਹੈ ਕਿ ਇਹ ਔਰਤ ਰਾਮਾਮੰਡੀ ਦੀ ਰਹਿਣ ਵਾਲੀ ਸੀ। ਹੁਣ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ। ਉਧਰ ਕੁੱਝ ਦਿਨ ਪਹਿਲਾਂ ਦੁਬਈ ਤੋਂ ਵਾਪਸ ਪਰਤੇ ਇਕ ਮਰੀਜ਼ ਦੇ ਠੀਕ ਹੋਣ ’ਤੇ ਅੱਜ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ। ਜ਼ਿਲ੍ਹੇ ਵਿਚ ਕੁਲ 5 ਐਕਟਿਵ ਕੇਸ ਹਨ। 

ਪੰਜਾਬ ਕੋਰੋਨਾ ਅਪਡੇਟ
ਕੁੱਲ ਸੈਂਪਲ : 84497
ਪਾਜ਼ੇਟਿਵ : 2245
ਠੀਕ ਹੋਏ : 1967
ਇਲਾਜ ਅਧੀਨ : 222
ਕੁੱਲ ਮੌਤਾਂ : 44