ਕਰਜ਼ਾ ਮਿਲੇ ਜਾਂ ਨਾ ਮਿਲੇ ਮੋਦੀ ਸਰਕਾਰ ਦੀਆਂ ਸ਼ਰਤਾਂ ਪੰਜਾਬ ਸਰਕਾਰ ਨੂੰ ਮਨਜ਼ੂਰ ਨਹੀਂ : ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ ਕੇਂਦਰ ਮਜ਼ਬੂਰ ਕਰ ਰਿਹੈ ਪੰਜਾਬ ਵਿਚ ਕਿਸਾਨਾਂ ਦੀ ਮੁਫ਼ਤ ਬਿਜਲੀ ਬੰਦ ਕਰਨ ਲਈ

Sukhjinder Singh Randhawa

ਚੰਡੀਗੜ੍ਹ, 30 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਸਾਨਾਂ ਦੇ ਬਿਜਲੀ ਬਿੱਲਾਂ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ  ’ਤੇ ਪਲਟਵਾਰ ਕੀਤਾ ਹੈ। ਸ਼੍ਰੋਮਣੀ ਅਕਾਲੀ ਦੀ ਕੋਰ ਕਮੇਟੀ ਦੀ ਅੱਜ ਇਥੇ ਹੋਈ ਮੀਟਿੰਗ ਤੋਂ ਪਹਿਲਾਂ ਅਪਣੀ ਰਿਹਾਇਸ਼ ’ਤੇ ਪ੍ਰੈੱਸ ਕਾਨਫ਼ਰੰਸ ਕਰ ਕੇ ਬਾਜਵਾ ਨੇ ਦੋਸ ਲਾਇਆ ਕਿ ਮੋਦੀ ਸਰਕਾਰ ਪੰਜਾਬ ਸਰਕਾਰ ਨੂੰ ਕਰਜ਼ੇ ਦੀ ਹੱਦ ਵਧਾਉਣ ਬਦਲੇ ਕਿਸਾਨਾਂ ’ਤੇ ਬਿਜਲੀ ਬਿੱਲ ਲਾਉਣ ਲਈ ਮਜ਼ਬੂਰ ਕਰ ਰਹੀ ਹੈ ਪਰ ਇਹ ਸ਼ਰਤਾਂ ਸਾਨੂੰ ਕਿਸੇ ਵੀ ਹਾਲਤ ਵਿਚ ਸਵੀਕਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਕਰਜ਼ਾ ਮਿਲੇ ਜਾਂ ਨਾ ਮਿਲੇ ਕੇਂਦਰ ਦੀਆਂ ਸ਼ਰਤਾਂ ਮੰਨ ਕੇ ਕਿਸੇ ਵੀ ਕੀਮਤ ’ਤੇ ਕਿਸਾਨਾਂ ’ਤੇ ਬਿਜਲੀ ਬਿੱਲ ਨਹੀਂ ਲਾਏ ਜਾਣਗੇ। 

ਉਨ੍ਹਾਂ ਅਕਾਲੀ ਆਗੂਆਂ ਵਲੋਂ ਪਾਏ ਜਾ ਰਹੇ ਰੌਲੇ ਰੱਪੇ ਬਾਰੇ ਕਿਹਾ ਕਿ ਇਨ੍ਹਾਂ ਕੋਲ ਹੁਣ ਕੋਈ ਮੁੱਦਾ ਨਹੀਂ ਰਿਹਾ, ਜਿਸ ਕਾਰਨ ਮੁੱਦਾ ਬਣਾਉਣ ਲਈ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਸੁਖਬੀਰ ਬਾਦਲ ਨੂੰ ਚੁਣੌਤੀ ਦਿਤੀ ਕਿ ਜੇ ਉਹ ਸੱਚ ਮੁੱਚ ਹੀ ਕਿਸਾਨ ਹਿਤੈਸ਼ੀ ਹਨ ਤਾਂ ਮੋਦੀ ਸਰਕਾਰ ’ਚੋਂ ਅਕਾਲੀ ਦਲ ਬਾਹਰ ਆਵੇ ਜੋ ਪੰਜਾਬ ਦੇ ’ਤੇ ਕਿਸਾਨ ਵਿਰੋਧੀ ਸ਼ਰਤਾਂ ਲਾ ਰਿਹਾ ਹੈ।

ਉਨ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਕਿਹਾ ਕਿ ਉਹ ਵੀ ਕੇਂਦਰ ਸਰਕਾਰ ਵਿਰੁਧ ਪੰਜਾਬ ਦੇ ਕਿਸਾਨਾਂ ਦੇ ਹਿੱਤਾ ਲਈ ਮੂੰਹ ਖੋਲ੍ਹਣ ਦੀ ਜੁਰਅਤ ਕਰ ਕੇ ਵਿਖਾਉਣ। ਬਾਜਵਾ ਨੇ ਕਿਹਾ ਕਿ ਹਰਸਿਮਰਤ ਬਾਦਲ ਨੇ ਵੀ ਚੁੱਪ ਧਾਰੀ ਹੋਈ ਹੈ ਜਦ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ ਲਿਆ ਕੇ ਬਿਜਲੀ ਸੈਕਟਰ ਦਾ ਨਿੱਜੀਕਰਨ ਕਰਨਾ ਚਾਹੁੰਦੀ ਹੈ। ਇਹ ਬਿੱਲ ਪਾਸ ਹੋਇਆ ਤਾਂ ਬਿਜਲੀ ਦੇ ਸਾਰੇ ਅਧਿਕਾਰ ਕੇਂਦਰ ਕੋਲ ਚਲੇ ਜਾਣਗੇ ਅਤੇ ਦੇਸ ਭਰ ਵਿਚ ਕਿਸਾਨਾਂ ਦੀ ਮੁਫ਼ਤ ਬਿਜਲੀ ਦਾ ਰਾਹ ਬੰਦ ਹੋ ਜਾਵੇਗਾ।

ਅਕਾਲੀਆਂ ਦੇ ਦਾਅਵਿਆਂ ਨੂੰ ਕੀਤਾ ਖ਼ਾਰਜ
ਅਕਾਲੀ ਆਗੂਆਂ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਖਾਰਜ ਕਰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਕੈਬਨਿਟ ਵਿਚ ਕਿਸਾਨਾਂ ਦੀ ਮੁਫ਼ਤ ਬਿਜਲੀ ਬੰਦ ਕਰਨ ਦਾ ਕੋਈ ਫ਼ੈਸਲਾ ਹੋਇਆ ਹੀ ਨਹੀਂ ਤੇ ਨਾ ਹੀ ਅਜਿਹਾ ਭਵਿੱਖ ਵਿਚ ਹੋਣ ਦਾ ਸੁਆਲ ਹੀ ਉਠਦਾ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਨੂੰ ਕੋਰੋਨਾ ਸੰਕਟ ਦੀ ਸਥਿਤੀ ਵਿਚ ਵਿੱਤੀ ਸਹਾਇਤਾ ਦੇਣ ਵਿਚ ਵੀ ਭੇਦਭਾਵ ਕਰ ਰਿਹਾ ਹੈ ਅਤੇ ਕੇਂਦਰ ਵਲੋਂ ਐਲਾਨਿਆ ਪੈਕੇਜ ਵੀ ਜੁਲਮਾ ਹੈ ਜਿਸ ਵਿਚ ਬਹੁਤੀ ਰਾਸ਼ੀ ਕਰਜ਼ੇ ਦੇ ਰੂਪ ਵਿਚ ਦਿਤੀ ਜਾਣੀ ਹੈ।