ਮੋਦੀ ਸਰਕਾਰ ਦੇਸ਼ ਲਈ ਹਾਨੀਕਾਰਕ, ਦੇਸ਼ ਬਰਬਾਦ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਸਰਕਾਰ ਦੇਸ਼ ਲਈ ਹਾਨੀਕਾਰਕ, ਦੇਸ਼ ਬਰਬਾਦ ਕੀਤਾ

image


ਕੋਰੋਨਾ ਨਾਲ ਲੜਨ ਲਈ ਚਾਹੀਦੀ ਹੈ ਸਹੀ ਨੀਅਤ, ਨੀਤੀ ਤੇ ਪੱਕਾ ਇਰਾਦਾ, ਮਹੀਨੇ ਵਿਚ ਇਕ ਵਾਰ ਫੋਕੀਆਂ ਗੱਲਾਂ ਨਾਲ ਨਹੀਂ ਲੜਿਆ ਜਾ ਸਕਦਾ : ਰਾਹੁਲ ਗਾਂਧੀ

ਨਵੀਂ ਦਿੱਲੀ, 30 ਮਈ : ਨਰਿੰਦਰ ਮੋਦੀ ਸਰਕਾਰ ਦੀ ਸਤਵੀਂ ਵਰ੍ਹੇਗੰਢ 'ਤੇ ਕਾਂਗਰਸ ਨੇ ਐਤਵਾਰ ਨੂੰ  ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਸਰਕਾਰ ਦੇਸ਼ ਲਈ ਹਾਨੀਕਾਰਕ ਹੈ ਤੇ ਉਸ ਨੇ ਦੇਸ਼ ਨੂੰ  ਬਰਬਾਦ ਕਰ ਕੇ ਰੱਖ ਦਿਤਾ ਹੈ, ਕਿਉਂਕਿ ਉਹ ਹਰ ਮੋਰਚੇ 'ਤੇ ਅਸਫ਼ਲ ਰਹੀ ਤੇ ਇਸ ਨੇ ਲੋਕਾਂ ਦੇ ਭਰੋਸੇ ਨੂੰ  ਤੋੜਿਆ | ਕਾਂਗਰਸ ਨੇ ਇਸ ਮੌਕੇ ਸਰਕਾਰ ਵਲੋਂ ਕੀਤੀਆਂ 'ਸੱਤ ਵੱਡੀਆਂ ਭੁੱਲਾਂ' ਦਾ ਇਕ ਦੋਸ਼ ਪੱਤਰ ਜਾਰੀ ਕੀਤਾ ਅਤੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਜਨਤਾ ਪ੍ਰਤੀ ਅਪਣੀ ਜ਼ਿੰਮੇਵਾਰੀ ਛੱਡ ਦਿਤੀ ਹੈ | ਕਾਂਗਰਸ ਨੇ ਸਰਕਾਰ ਦੇ ਸੱਤ ਸਾਲ ਪੂਰੇ ਹੋਣ 'ਤੇ  ਉਸ ਦੀਆਂ 'ਸੱਤ ਵੱਡੀਆਂ ਭੁੱਲਾਂ' ਦੀ ਸੂਚੀ ਬਣਾਈ ਹੈ ਜਿਸ ਵਿਚ ਡਿਗਦਾ ਅਰਥਚਾਰਾ, ਵਧਦੀ ਮਹਿੰਗਾਈ, ਬੇਰੁਜ਼ਗਾਰੀ ਤੇ ਕੋਰੋਨਾ ਦੇ ਮਾੜੇ ਪ੍ਰਬੰਧ ਸ਼ਾਮਲ ਹਨ |
  ਮੋਦੀ ਦੇ 'ਮਨ ਕੀ ਬਾਤ' 'ਤੇ ਕਾਂਗਰਸ ਆਗੂ ਰਹੁਲ ਗਾਂਧੀ ਨੇ ਅਪਣੇ ਟਵੀਟ ਵਿਚ ਕਿਹਾ,''ਕੋਰੋਨਾ ਨਾਲ ਲੜਨ ਲਈ ਚਾਹੀਦੀ ਹੈ ਸਹੀ ਨੀਅਤ, ਨੀਤੀ ਤੇ ਪੱਕਾ ਇਰਾਦਾ, ਮਹੀਨੇ ਵਿਚ ਇਕ ਵਾਰ ਫੋਕੀਆਂ ਗੱਲਾਂ ਨਾਲ ਨਹੀਂ ਲੜਿਆ ਜਾ ਸਕਦਾ |'' ਕਾਂਗਰਸ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਪਿਛਲੇ ਸੱਤ ਸਾਲ ਇਕ ਸਰਕਾਰ ਦੀ ਬੇਮਿਸਾਲ ਬਰਬਾਦੀ, ਜ਼ਿੰਮੇਵਾਰੀਆਂ ਤੋਂ ਬੇਮੁਖ ਅਤੇ ਭਾਰਤ ਦੇ ਲੋਕਾਂ ਨੂੰ  ਤਿਆਗਣ ਲਈ ਜਾਣੀ ਜਾਣ ਵਾਲੀ ਕਹਾਣੀ ਹੈ, ਜਿਸ ਨੂੰ  ਪੂਰਾ ਪਿਆਰ ਤੇ ਦੁਲਾਰ ਦਿਤਾ ਗਿਆ | ਉਨ੍ਹਾਂ ਕਿਹਾ,''ਇਹ ਸਰਕਾਰ ਦੇਸ਼ ਲਈ ਹਾਨੀਕਾਰਕ 
ਹੈ ਕਿਉਂਕਿ ਇਸ ਨੇ ਭਾਰਤ ਦੇ ਲੋਕਾਂ ਨਾਲ ਧੋਖਾ ਕੀਤਾ ਹੈ | ਇਹ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਪ੍ਰਗਟਾਏ ਲੋਕਾਂ ਦੇ ਭਰੋਸੇ ਅਤੇ ਸਹਿਜ ਵਿਸ਼ਵਾਸ਼ ਨਾਲ ਧੋਖਾ ਕਰ ਰਹੀ ਹੈ |''
  ਕਾਂਗਰਸ ਸਾਢੇ ਚਾਰ ਮਿੰਟ ਦਾ ਇਕ ਵੀਡੀਉ 'ਭਾਰਤ ਮਾਤਾ ਦੀ ਕਹਾਣੀ' ਵੀ ਲੈ ਕੇ ਆਈ ਹੈ, ਜਿਸ ਵਿਚ ਪਿਛਲੇ ਸੱਤ ਸਾਲਾਂ ਵਿਚ ਸਰਕਾਰ ਦੀਆਂ ਅਸਫ਼ਲਤਾਵਾਂ ਗਿਣਾਈਆਂ ਗਈਆਂ ਹਨ | ਕਾਂਗਰਸ ਬੁਲਾਰੇ ਨੇ ਕਿਸਾਨਾਂ ਦੇ ਮੁੱਦੇ 'ਤੇ ਵੀ ਮੋਦੀ ਸਰਕਾਰ ਨੂੰ  ਘੇਰਿਆ | ਉਨ੍ਹਾਂ ਕਿਹਾ ਕਿ ਇਹ ਸਰਕਾਰ ਹੰਕਾਰੀ ਹੈ ਅਤੇ ਉਸ ਨੇ ਦੇਸ਼ ਦੇ ਅੰਨਦਾਤਾ 'ਤੇ ਵੀ ਵਾਰ ਕੀਤਾ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਮੋਦੀ ਕਿਸਾਨ ਨੂੰ  ਉਸ ਦੀ ਫ਼ਸਲ 'ਤੇ ਲਾਗਤ ਦਾ 50 ਫ਼ੀ ਸਦੀ ਮੁਨਾਫ਼ਾ ਦੇਣ ਦਾ ਵਾਅਦਾ ਕਰ ਕੇ ਸੱਤਾ 'ਚ ਆਏ ਸਨ ਪਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ  ਪੂਰਾ ਕਰਨ ਦੀ ਥਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ  ਸੰਸਦ 'ਚ ਪਾਸ ਕਰਵਾ ਦਿਤਾ | (ਪੀਟੀਆਈ)