ਮੂਸੇਵਾਲਾ ਦੇ ਆਖ਼ਰੀ ਦਰਸ਼ਨਾਂ ਲਈ ਉਮੜਿਆ ਪ੍ਰਸ਼ੰਸਕਾਂ ਦਾ ਇਕੱਠ, ਇੱਕ ਝਲਕ ਲਈ ਦਰਖਤਾਂ 'ਤੇ ਚੜ੍ਹੇ ਲੋਕ
ਪ੍ਰਸ਼ੰਸਕ ਹੱਥਾਂ ਵਿੱਚ ਪੋਸਟਰ ਲੈ ਕੇ ਇਨਸਾਫ਼ ਦੀ ਕਰ ਰਹੇ ਸਨ ਮੰਗ
ਸਰਕਾਰ 'ਤੇ ਵੀ ਗੁੱਸਾ ਭੜਕਿਆ
ਮਾਨਸਾ : ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਪਿੰਡ ਮੂਸੇਵਾਲਾ ਵਿੱਚ ਸੋਗ ਦਾ ਮਾਹੌਲ ਹੈ। ਮੰਗਲਵਾਰ ਦੁਪਹਿਰ ਨੂੰ ਕੜਕਦੀ ਧੁੱਪ 'ਚ ਹਜ਼ਾਰਾਂ ਪ੍ਰਸ਼ੰਸਕ ਮੂਸੇਵਾਲਾ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਸਨ।
ਪ੍ਰਸ਼ੰਸਕਾਂ ਦੇ ਮਨਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਵੱਡਾ ਰੋਸ ਸੀ। ਮੂਸੇਵਾਲਾ ਦੀ ਗਾਇਕੀ ਮੰਨਣ ਵਾਲੇ ਪ੍ਰਸ਼ੰਸਕ ਹੱਥਾਂ ਵਿੱਚ ਪੋਸਟਰ ਲੈ ਕੇ ਇਨਸਾਫ਼ ਦੀ ਮੰਗ ਕਰ ਰਹੇ ਸਨ। ਪ੍ਰਸ਼ੰਸਕ ਸਿਰਫ਼ ਇੱਕ ਸਵਾਲ ਦਾ ਜਵਾਬ ਚਾਹੁੰਦੇ ਸਨ ਕਿ ਸਰਕਾਰ ਨੇ ਮੂਸੇਵਾਲਾ ਦੀ ਸੁਰੱਖਿਆ ਕਿਉਂ ਹਟਾਈ। ਜੇਕਰ ਹਟਾ ਵੀ ਦਿੱਤਾ ਗਿਆ ਤਾਂ ਸੋਸ਼ਲ ਮੀਡੀਆ ਅਤੇ ਅਖਬਾਰਾਂ ਵਿੱਚ ਛਪਵਾ ਕੇ ਸਟੰਟ ਕਿਉਂ ਕੀਤਾ। ਸਰਕਾਰ ਦੇ ਇਸ ਸਟੰਟ ਨੇ ਸਿੱਧੂ ਦੀ ਜਾਨ ਲੈ ਲਈ ਹੈ।
ਸਿੱਧੂ ਮੂਸੇਵਾਲਾ ਦਾ ਸਸਕਾਰ ਉਨ੍ਹਾਂ ਦੇ ਖੇਤਾਂ ਵਿੱਚ ਕੀਤਾ ਗਿਆ। ਜਿੱਥੇ ਉਨ੍ਹਾਂ ਦੇ ਹਜ਼ਾਰਾਂ ਪ੍ਰਸ਼ੰਸਕ ਪਹੁੰਚੇ। ਮੂਸੇਵਾਲਾ ਪ੍ਰਤੀ ਲੋਕਾਂ ਦਾ ਕ੍ਰੇਜ਼ ਇੰਨਾ ਜ਼ਿਆਦਾ ਸੀ ਕਿ ਲੋਕ ਰੁੱਖਾਂ 'ਤੇ ਚੜ੍ਹ ਕੇ ਕੜਕਦੀ ਧੁੱਪ 'ਚ ਬੈਠ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਇਸ ਦੇ ਨਾਲ ਹੀ ਸੈਂਕੜੇ ਲੋਕ ਆਪਣੀਆਂ ਗੱਡੀਆਂ ਤੇ ਫਾਇਰ ਬ੍ਰਿਗੇਡ ਆਦਿ ਦੀਆਂ ਗੱਡੀਆਂ 'ਤੇ ਚੜ੍ਹੇ ਹੋਏ ਸਨ।
ਨੌਜਵਾਨਾਂ ਨੇ ਸਸਕਾਰ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਨਾਹਰੇਬਾਜ਼ੀ ਵੀ ਕੀਤੀ। ਇਸ ਦੇ ਨਾਲ ਹੀ ਮੂਸੇ ਵਾਲਾ ਪਿੰਡ ਸਿੱਧੂ ਬਾਈ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਦੱਸ ਦੇਈਏ ਕਿ ਗਰਮੀ ਇੰਨੀ ਜ਼ਿਆਦਾ ਸੀ ਕਿ ਕਈ ਪ੍ਰਸ਼ੰਸਕ ਬੇਹੋਸ਼ ਵੀ ਹੋ ਗਏ ਸਨ।