ਮਾਪਿਆਂ ਕੋਲੋਂ ਸਦਾ ਲਈ ਦੂਰ ਹੋਇਆ ਸਿੱਧੂ ਮੂਸੇਵਾਲਾ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਪਣੇ ਇਕਲੌਤੇ ਪੁੱਤ ਦੀਆਂ ਅੰਤਿਮ ਰਸਮਾਂ ਸਮੇਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।

Sidhu Moose Wala's Last Ride



ਮਾਨਸਾ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਮੂਸਾ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਲੋਕਾਂ ਨੇ ਅਪਣੇ ਚਹੇਤੇ ਗਾਇਕ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ। ਅਪਣੇ ਇਕਲੌਤੇ ਪੁੱਤ ਦੀਆਂ ਅੰਤਿਮ ਰਸਮਾਂ ਸਮੇਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।  ਅੰਤਿਮ ਸਸਕਾਰ ਤੋਂ ਪਹਿਲਾਂ ਬਹੁਤ ਹੀ ਭਾਵੁਕ ਤਸਵੀਰ ਸਾਹਮਣੇ ਆਈ। ਤਸਵੀਰ 'ਚ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਪਣੇ ਪਤੀ ਬਲਕੌਰ ਸਿੰਘ ਦੇ ਅੱਥਰੂ ਪੂੰਝਦੀ ਹੋਈ ਨਜ਼ਰ ਆ ਰਹੀ ਹੈ।

Sidhu Moose Wala's Last Ride

ਮਾਂ ਨੇ ਆਖ਼ਰੀ ਵਾਰ ਕੀਤਾ ਪੁੱਤ ਸ਼ੁੱਭਦੀਪ ਸਿੰਘ ਦਾ ਜੂੜਾ

ਸਿੱਧੂ ਮੂਸੇਵਾਲਾ ਦੇ ਮਾਤਾ ਨੇ ਆਖ਼ਰੀ ਵਾਰ ਅਪਣੇ ਪੁੱਤ ਦਾ ਜੂੜਾ ਕੀਤਾ ਅਤੇ ਪਿਤਾ ਨੇ ਸਿਰ ’ਤੇ ਲਾਲ ਦਸਤਾਰ ਸਜਾਈ ਹੈ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਖ਼ਰੀ ਰਸਮਾਂ ਨਿਭਾਉਂਦਿਆਂ ਭਾਵੁਕ ਹੁੰਦਿਆਂ ਕਿਹਾ ਕਿ ਸਾਡਾ ਪੁੱਤ ਕੱਲ੍ਹਾ ਨਹੀਂ ਸਿਆਸਤ ’ਚ ਆਇਆ ਅਸੀਂ 1992 ਦੇ ਸਿਆਸਤ ’ਚ ਆਏ ਹਾਂ ਤੇ ਅਸੀਂ ਪਿਛਲੇ 30 ਸਾਲਾਂ ਤੋਂ ਮਿਹਨਤ ਕਰ ਰਹੇ ਹਾਂ।

Photo

5911 'ਤੇ ਮੂਸੇਵਾਲਾ ਦੀ Last Ride

ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਉਸ ਦੇ ਅਪਣੇ ਖੇਤ ਵਿਚ ਹੋਇਆ। ਸਿੱਧੂ ਖੇਤੀ ਨੂੰ ਬਹੁਤ ਪਿਆਰ ਕਰਦਾ ਸੀ ਜਿਸ ਕਰ ਕੇ ਸ਼ਮਸ਼ਾਨਘਾਟ ਦੀ ਬਜਾਏ ਉਸ ਦਾ ਅੰਤਿਮ ਸੰਸਕਾਰ ਉਸ ਦੇ ਖੇਤ ਵਿਚ ਕੀਤਾ ਗਿਆ। ਸਸਕਾਰ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ 5911 ਟਰੈਕਟਰ ਨੂੰ ਖ਼ਾਸ ਤੌਰ 'ਤੇ ਸਜਾਇਆ ਗਿਆ। 5911 ’ਤੇ ਹੀ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਕੱਢੀ ਗਈ। ਇਸ ਭਾਵੁਕ ਮਾਹੌਲ ਵਿਚ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੀ ਪੱਗ ਉਤਾਰ ਕੇ ਆਪਣੇ ਪੁੱਤਰ ਨੂੰ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ।

Sidhu Moose Wala's Last Ride

ਅੰਤਿਮ ਦਰਸ਼ਨ ਲਈ ਪਹੁੰਚੇ ਐਮੀ ਵਿਰਕ, ਅਫ਼ਸਾਨਾ ਖਾਨ ਤੇ ਹੋਰ ਕਲਾਕਾਰ

ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨ ਲਈ ਪੰਜਾਬੀ ਗਾਇਕ ਕਲਾਕਾਰ ਐਮੀ ਵਿਰਕ, ਅਫ਼ਸਾਨਾ ਖਾਨ ਅਤੇ ਸੋਨੀਆ ਮਾਨ ਤੋਂ ਇਲਾਵਾ ਹੋਰ ਕਈ ਕਲਾਕਾਰ ਪਹੁੰਚੇ ਹਨ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ ਅਤੇ ਕੁਲਬੀਰ ਸਿੰਘ ਜ਼ੀਰਾ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸਿਆਸੀ ਸ਼ਖ਼ਸੀਅਤਾਂ ਵੀ ਪਹੁੰਚੀਆਂ।

Sidhu Moose Wala's Parents

ਜਿਸ ਹਸਪਤਾਲ ਦਾ ਰੱਖਿਆ ਸੀ ਨੀਂਹ ਪੱਥਰ, ਉਸੇ ਹਸਪਤਾਲ ਰੱਖੀ ਗਈ ਸੀ ਦੇਹ

ਸਿੱਧੂ ਮੂਸੇਵਾਲਾ ਨੇ ਜਿਸ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਸੀ, ਉਸੇ ਹਸਪਤਾਲ 'ਚ ਸਿੱਧੂ ਮੂਸੇਵਾਲਾ ਦੀ ਦੇਹ ਰੱਖੀ ਗਈ। ਜਨਵਰੀ ਮਹੀਨੇ 'ਚ ਸਿੱਧੂ ਮੂਸੇਵਾਲਾ ਨੇ ਸਿਵਲ ਹਸਪਤਾਲ ਮਾਨਸਾ ਦੇ ਆਈ ਵਿੰਗ ਦੀ ਖ਼ਾਸ ਮੁਰੰਮਤ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਸੀ।