ਲੁਧਿਆਣਾ ਕੇਂਦਰੀ ਜੇਲ 'ਚ ਫੈਲੇ ਭ੍ਰਿਸ਼ਟਾਚਾਰ ਦਾ ਖ਼ੁਲਾਸਾ ਕਰਨ ਵਾਲੇ ਦੇ ਸਾਥੀਆਂ ਦੀ ਬੁਰੀ ਤਰਾਂ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਲ ਤੋਂ ਬਾਹਰ ਆਈਆਂ ਹਵਾਲਾਤੀਆਂ ਦੀਆਂ ਵੀਡੀਉ, ਕਾਰਵਾਈ ਦੀ ਮੰਗ 

Punjab News

ਲੁਧਿਆਣਾ : ਲੁਧਿਆਣਾ ਦੀ ਕੇਂਦਰੀ ਜੇਲ ਇਕ ਵਾਰ ਮੁੜ ਸੁਰਖ਼ੀਆਂ ਵਿਚ ਹੈ ਅਤੇ ਹੁਣ ਜੇਲ ਵਿਚ ਕੈਦੀਆਂ ਦੀ ਕੁੱਟਮਾਰ ਦੀ ਇਕ ਵੀਡੀਉ ਬਾਹਰ ਆਈ ਹੈ ਜਿਸ ਵਿਚ ਕੈਦੀਆਂ ਨੂੰ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਹੋਈਆਂ ਹਨ। ਇਕ ਨੌਜੁਆਨ ਦੀ ਲੱਤ ਵੀ ਟੁੱਟਣ ਦੇ ਇਲਜ਼ਾਮ ਲੱਗੇ ਹਨ।

ਇਸ ਪੂਰੇ ਮਾਮਲੇ ਬਾਰੇ ਹਰਜੀਤ ਸਿੰਘ ਨੇ ਖ਼ੁਲਾਸਾ ਕੀਤਾ ਹੈ ਜੋ ਲੁਧਿਆਣਾ ਦੀ ਕੇਂਦਰੀ ਜੇਲ ਵਿਚ 7 ਸਾਲ ਸਜ਼ਾ ਕੱਟ ਕੇ ਆਇਆ ਹੈ। ਜੇਲ ਤੋਂ ਬਾਹਰ ਆ ਕੇ ਉਸ ਨੇ ਕਈ ਕੁੱਝ ਦਿਨ ਪਹਿਲਾਂ ਮੀਡੀਆ ਸਾਹਮਣੇ ਜੇਲ ਵਿਚ ਫੈਲੇ ਭ੍ਰਿਸ਼ਟਾਚਾਰ ਅਤੇ ਧਾਂਦਲੀਆਂ ਦਾ ਖ਼ੁਲਾਸਾ ਕੀਤਾ ਸੀ ਜਿਸ ਤੋਂ ਬਾਅਦ ਜੇਲ੍ਹ 'ਚ ਬੰਦ ਉਸ ਦੇ ਦੋ ਸਾਥੀਆਂ ਦੀ ਹੁਣ ਬੁਰੀ ਤਰਾਂ ਕੁਟਮਾਰ ਦੀ ਵੀਡੀਉ ਵੀ ਸਾਹਮਣੇ ਆਈ ਹੈ।

ਹਰਜੀਤ ਸਿੰਘ ਨੇ ਇਸ ਸਬੰਧੀ ਕੁੱਝ ਵੀਡੀਉ ਅਤੇ ਤਸਵੀਰਾਂ ਵੀ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ ਜਿਸ ਵਿਚ ਕੈਦੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਹਰਜੀਤ ਸਿੰਘ ਨੇ ਦਸਿਆ ਕਿ ਉਹ ਲੁਧਿਆਣਾ ਦੇ ਹੀ ਚਕਰ ਪਿੰਡ ਦਾ ਰਹਿਣ ਵਾਲਾ ਹੈ। ਉਨ੍ਹਾਂ ਦਸਿਆ ਕਿ ਮੇਰੇ ਭਤੀਜੇ ਅਮਨਦੀਪ ਸਿੰਘ, ਗੁਰ ਅੰਮ੍ਰਿਤ ਸਿੰਘ ਜੋ ਕਿ ਮੇਰੇ ਕੇਸ ਚ ਨਾਮਜ਼ਦ ਸਨ ਉਨ੍ਹਾਂ ਨਾਲ ਸੌਰਵ ਦੀ ਵੀ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਹੈ। ਹਰਜੀਤ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਨੂੰ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਚ ਪੇਸ਼ ਕੀਤਾ ਜਾਣਾ ਸੀ ਪਰ ਉਨ੍ਹਾਂ ਨੂੰ ਪੇਸ਼ ਨਹੀਂ ਕੀਤਾ ਗਿਆ ਕਿਉਂਕਿ ਉਨ੍ਹਾਂ ਦੀ ਦੇਰ ਰਾਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਖੁਲਾਸਾ ਕੀਤਾ ਗਿਆ ਸੀ ਕਿਵੇਂ ਜੇਲ੍ਹਾਂ ਚ ਮੋਬਾਇਲ ਪਹੁੰਚਦੇ ਹਨ ਅਤੇ ਨਸ਼ਾ ਮਿਲਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਚ ਜੇਲ ਦੇ ਅਧਿਕਾਰੀ ਵੀ ਸ਼ਾਮਲ ਹੁੰਦੇ ਨੇ ਉਨ੍ਹਾਂ ਦੀ ਨਿਗਰਾਨੀ ਦੇ ਵਿਚ ਇਹ ਸਾਰਾ ਕੁਝ ਜੇਲ ਦੇ ਅੰਦਰ ਹੁੰਦਾ ਹੈ। 

ਹਰਜੀਤ ਸਿੰਘ ਨੇ ਦੱਸਿਆ ਕਿ ਮੇਰੇ ਸਾਥੀਆਂ ਨੂੰ ਇਸੇ ਰੰਜਿਸ਼ ਕਰ ਕੇ ਕੁੱਟਿਆ ਗਿਆ ਇਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੇਰੇ ਦੋਵੇਂ ਹੀ ਭਤੀਜਿਆਂ ਦਾ ਅਤੇ ਉਨ੍ਹਾਂ ਦੇ ਸਾਥੀ ਸੌਰਵ ਦਾ ਹਸਪਤਾਲ ਵਿਚ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਜੇਕਰ ਪ੍ਰਸ਼ਾਸ਼ਨ ਵਲੋਂ ਅਜਿਹਾ ਨਾ ਕੀਤਾ ਗਿਆ ਤਾਂ ਉਹ ਲੋੜ ਪੈਣ 'ਤੇ ਕੇਂਦਰੀ ਜੇਲ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ।  ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਡੀ.ਜੀ.ਪੀ. ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਤਕ ਵੀ ਪਹੁੰਚ ਕਰਨਗੇ ਤੇ ਕਿਸ ਤਰ੍ਹਾਂ ਉਸ ਦੇ ਭਤੀਜਿਆਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਨ੍ਹਾਂ ਦੀ ਤਸਵੀਰਾਂ ਅਤੇ ਵੀਡੀਉ ਵੀ ਜੇਲ ਦੇ ਅੰਦਰ ਉਨ੍ਹਾਂ ਕੋਲ ਆਈਆਂ ਹਨ। ਉਨ੍ਹਾਂ ਕਿਹਾ ਹੈ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ।