ਲੁਧਿਆਣਾ ਕੋਰਟ ਕੰਪਲੈਕਸ ਬੰਬ ਧਮਾਕਾ ਮਾਮਲਾ: ਪਾਕਿ 'ਚ ਲੁਕੇ ਅੱਤਵਾਦੀ ਰੋਡੇ ਅਤੇ ਹੈਪੀ ਮਲੇਸ਼ੀਆ ਖਿਲਾਫ NIA ਨੇ ਕੋਰਟ ਚ ਦਾਇਰ ਕੀਤੀ ਚਾਰਜਸ਼ੀਟ

ਏਜੰਸੀ

ਖ਼ਬਰਾਂ, ਪੰਜਾਬ

ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ 'ਤੇ ਪਾਕਿਸਤਾਨੀ ਸਮੱਗਲਰਾਂ ਦੀ ਮਦਦ ਨਾਲ ਡਰੋਨ ਰਾਹੀਂ ਖੇਪ ਭਾਰਤ ਪਹੁੰਚਾਉਣ ਦਾ ਦੋਸ਼ ਹੈ

photo

 

ਅੰਮ੍ਰਿਤਸਰ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਲੁਧਿਆਣਾ ਕੋਰਟ ਕੰਪਲੈਕਸ ਬੰਬ ਬਲਾਸਟ ਮਾਮਲੇ 'ਚ 2 ਦੋਸ਼ੀਆਂ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਇਨ੍ਹਾਂ ਦੋ ਵਿਅਕਤੀਆਂ ਵਿਚੋਂ ਇੱਕ ਲਖਬੀਰ ਸਿੰਘ ਰੋਡੇ ਜੋ ਕਿ ਮੋਗਾ ਦਾ ਰਹਿਣ ਵਾਲਾ ਹੈ ਅਤੇ ਪਾਕਿਸਤਾਨ ਵਿਚ ਲੁਕਿਆ ਹੋਇਆ ਅੱਤਵਾਦੀ ਹੈ। ਦੂਜਾ ਅੰਮ੍ਰਿਤਸਰ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਹੈ, ਜਿਸ ਨੂੰ ਦਸੰਬਰ 2022 ਵਿਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਦਰਅਸਲ, 23 ਦਸੰਬਰ 2021 ਨੂੰ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਅੰਦਰ ਧਮਾਕਾ ਹੋਇਆ ਸੀ। ਜਿਸ 'ਚ 6 ਦੇ ਕਰੀਬ ਜ਼ਖਮੀ ਹੋ ਗਏ, ਜਦਕਿ ਬੰਬ ਲਗਾਉਣ ਵਾਲੇ ਇਕ ਵਿਅਕਤੀ ਦੀ ਮੌਤ ਹੋ ਗਈ। ਚਾਰਜਸ਼ੀਟ 'ਚ ਲਖਬੀਰ ਰੋਡੇ 'ਤੇ ਪਾਕਿਸਤਾਨ 'ਚ ਬੈਠ ਕੇ ਪੰਜਾਬ 'ਚ ਬੰਬ ਧਮਾਕੇ ਕਰਨ ਲਈ ਸਰਹੱਦ ਪਾਰ ਤੋਂ ਆਈਈਡੀ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਹ ਪਾਬੰਦੀਸ਼ੁਦਾ ਜਥੇਬੰਦੀਆਂ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ਦਾ ਮੁਖੀ ਹੈ।

ਇਸ ਦੇ ਨਾਲ ਹੀ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ 'ਤੇ ਪਾਕਿਸਤਾਨੀ ਸਮੱਗਲਰਾਂ ਦੀ ਮਦਦ ਨਾਲ ਡਰੋਨ ਰਾਹੀਂ ਖੇਪ ਭਾਰਤ ਪਹੁੰਚਾਉਣ ਦਾ ਦੋਸ਼ ਹੈ। ਭਾਰਤ ਵਿਚ ਵੀ ਹੈਪੀ ਨੇ ਆਪਣੇ ਸਾਥੀਆਂ ਅਤੇ ਪਾਕਿ ਸਮੱਗਲਰਾਂ ਦੀ ਮਦਦ ਲਈ ਸੀ।

ਐਨਆਈਏ ਵਲੋਂ ਵਿਸ਼ੇਸ਼ ਅਦਾਲਤ ਮੋਹਾਲੀ, ਪੰਜਾਬ ਵਿਚ ਦਾਇਰ ਕੀਤੀ ਚਾਰਜਸ਼ੀਟ ਵਿਚ ਦੋਵਾਂ ਨੂੰ ਵਿਸਫੋਟਕ ਪਦਾਰਥ ਐਕਟ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਰੋਕੂ ਐਕਟ 1984 ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਚਾਰਜਸ਼ੀਟ ਕੀਤਾ ਗਿਆ ਸੀ। ਐਨਆਈਏ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਧਮਾਕਾ ਇੱਕ ਆਈਈਡੀ ਧਮਾਕਾ ਸੀ।