ਕੁੱਤੇ ਦੇ ਭੌਂਕਣ 'ਤੇ ਮਾਰੀ ਗੋਲੀ, ਚੋਰੀ ਦੀ ਨੀਅਤ ਨਾਲ ਘਰ 'ਚ ਵੜਿਆ ਵਿਅਕਤੀ 

ਏਜੰਸੀ

ਖ਼ਬਰਾਂ, ਪੰਜਾਬ

ਮਕਾਨ ਮਾਲਕ ਨੂੰ ਪਿਸਤੌਲ ਦੇ ਬੱਟ ਨਾਲ ਮਾਰ ਕੇ ਹੋਇਆ ਫਰਾਰ  

File Photo

ਲੁਧਿਆਣਾ - ਪੰਜਾਬ ਦੇ ਲੁਧਿਆਣਾ 'ਚ ਚੋਰੀ ਦੀ ਨੀਅਤ ਨਾਲ ਘਰ 'ਚ ਦਾਖਲ ਹੋਏ ਚੋਰ ਨੇ ਕੁੱਤੇ ਦੇ ਭੌਂਕਣ 'ਤੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਆਵਾਜ਼ ਸੁਣ ਕੇ ਜਦੋਂ ਮਕਾਨ ਮਾਲਕ ਮੌਕੇ 'ਤੇ ਪਹੁੰਚਿਆ ਤਾਂ ਚੋਰ ਨੇ ਪਿਸਤੌਲ ਨਾਲ ਉਸ ਦੇ ਮੂੰਹ 'ਤੇ ਵਾਰ ਕੀਤਾ ਅਤੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। 

ਘਟਨਾ ਲਾਡੋਵਾਲ ਦੇ ਪਿੰਡ ਤਲਵੰਡੀ ਦੀ ਹੈ।   ਮਕਾਨ ਮਾਲਕ ਬਲਵਿੰਦਰ ਨੇ ਦੱਸਿਆ ਕਿ ਤੜਕੇ 3 ਵਜੇ ਸਾਰੇ ਸੌਂ ਰਹੇ ਸਨ। ਇਸੇ ਦੌਰਾਨ ਬਾਈਕ ਸਵਾਰ ਵਿਅਕਤੀ ਚੋਰੀ ਦੀ ਨੀਅਤ ਨਾਲ ਉਨ੍ਹਾਂ ਦੇ ਘਰ ਅੰਦਰ ਦਾਖਲ ਹੋਇਆ। ਜਦੋਂ ਉਸ ਦਾ ਪਾਲਤੂ ਕੁੱਤਾ ਭੌਂਕਣ ਲੱਗਾ ਤਾਂ ਚੋਰ ਨੇ ਉਸ 'ਤੇ 2 ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਉਹ ਜ਼ਖਮੀ ਹੋ ਗਿਆ।  

ਆਵਾਜ਼ ਸੁਣ ਕੇ ਉਹ ਵੀ ਜਾਗ ਪਏ। ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਚੋਰ ਨੇ ਪਿਸਤੌਲ ਦੇ ਬੱਟ ਨਾਲ ਉਸ ਦੇ ਮੂੰਹ 'ਤੇ ਵਾਰ ਕਰ ਦਿੱਤਾ। ਜਿਸ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਬਾਅਦ 'ਚ ਚੋਰ ਪਿਸਤੌਲ ਅਤੇ ਮੋਟਰਸਾਈਕਲ ਮੌਕੇ 'ਤੇ ਹੀ ਛੱਡ ਕੇ ਫ਼ਰਾਰ ਹੋ ਗਏ। ਕੁੱਤੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 

ਪਰਿਵਾਰਕ ਮੈਂਬਰਾਂ ਨੇ ਘਟਨਾ ਦੀ ਸੂਚਨਾ ਲਾਡੋਵਾਲ ਪੁਲਿਸ ਨੂੰ ਦਿੱਤੀ। ਏਡੀਸੀਪੀ ਹਰਮੀਤ ਸਿੰਘ ਹੁੰਦਲ, ਏਸੀਪੀ ਮਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਜ਼ਖਮੀ ਬਲਵਿੰਦਰ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਨਾਲ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਸੀ। ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਚੋਰ ਨੇ 3 ਗੋਲੀਆਂ ਚਲਾਈਆਂ ਸਨ ਅਤੇ ਉਹ ਚੋਰੀ ਦੀ ਬਾਈਕ 'ਤੇ ਪਹੁੰਚਿਆ ਸੀ। 

ਦੂਜੇ ਪਾਸੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਹਮਲਾਵਰ ਜਿਸ ਘਰ ਵਿਚ ਗੋਲੀਬਾਰੀ ਕਰ ਕੇ ਗਏ ਸਨ, ਉਸ ਪਰਿਵਾਰ ਤੋਂ ਉਹਨਾਂ ਦਾ ਕੁਝ ਪੈਸਿਆਂ ਦਾ ਲੈਣ-ਦੇਣ ਹੈ। ਇਸੇ ਲਈ ਇਹ ਗੋਲੀਆਂ ਚਲਾਈਆਂ ਗਈਆਂ ਹਨ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਅਧਿਕਾਰੀ ਇਸ ਘਟਨਾ ਨੂੰ ਪਿਛਲੇ ਦਿਨੀਂ ਨੂਰਪੁਰ ਬੇਟ ਵਿਚ ਵਾਪਰੇ ਤੀਹਰੇ ਕਤਲ ਕਾਂਡ ਨਾਲ ਵੀ ਜੋੜ ਕੇ ਦੇਖ ਰਹੇ ਹਨ। ਇਹ ਘਟਨਾ ਥਾਣਾ ਲਾਡੋਵਾਲ ਇਲਾਕੇ ਵਿਚ ਵੀ ਵਾਪਰੀ।

ਜਿਸ ਵਿਚ ਸੇਵਾਮੁਕਤ ਏਐਸਆਈ, ਉਸ ਦੀ ਪਤਨੀ ਅਤੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰਾਂ ਨੇ ਉਸ ਦੇ ਘਰੋਂ ਪਿਸਤੌਲ ਵੀ ਚੋਰੀ ਕਰ ਲਿਆ ਸੀ। ਏਡੀਸੀਪੀ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਮਾਮਲਾ ਚੋਰੀ ਦਾ ਜਾਪਦਾ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ। ਪੁਲਸ ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਵੇਗੀ।