Patiala News : ਛੱਤੀਸਗੜ੍ਹ 'ਚ ਪਟਿਆਲਾ ਦੇ ਨੌਜਵਾਨ ਦਾ ਕਤਲ , ਕੰਬਾਈਨ ਮਸ਼ੀਨ 'ਤੇ ਕਰਦਾ ਸੀ ਕੰਮ
ਮ੍ਰਿਤਕ ਨੌਜਵਾਨ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ, ਪਰਿਵਾਰ ਵੱਲੋਂ ਆਰੋਪੀਆਂ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ
Patiala News : ਪਟਿਆਲਾ ਦੇ ਪਿੰਡ ਅਦਾਲਤੀਵਾਲਾ ਤੋਂ ਝੋਨੇ ਦਾ ਸੀਜ਼ਨ ਲਾਉਣ ਗਏ 35 ਸਾਲਾ ਨੌਜਵਾਨ ਦਾ ਛੱਤੀਸਗੜ੍ਹ ਵਿੱਚ ਕਤਲ ਹੋਣ ਦਾ ਆਰੋਪ ਹੈ। ਮ੍ਰਿਤਕ ਜਸਪਾਲ ਸਿੰਘ ਨੂੰ ਆਪਣੇ ਨਾਲ ਲੈ ਕੇ ਗਏ ਲੋਕਾਂ ਨੇ ਸੱਟ ਲੱਗਣ ਦੀ ਗੱਲ ਕਹਿੰਦੇ ਹੋਏ ਲਾਸ਼ ਨੂੰ ਪਿੰਡ ਛੱਡ ਦਿੱਤਾ ਸੀ। ਜਦੋਂ ਪਰਿਵਾਰਕ ਮੈਂਬਰਾਂ ਨੇ ਲਾਸ਼ ਦੇਖੀ ਤਾਂ ਖੁਲਾਸਾ ਹੋਇਆ ਕਿ ਜਸਪਾਲ ਸਿੰਘ ਨਾਲ ਕੁੱਟਮਾਰ ਕਰਕੇ ਉਸਨੂੰ ਟਾਰਚਰ ਕੀਤਾ ਗਿਆ ਸੀ। ਜਿਸ ਕਾਰਨ 35 ਸਾਲਾ ਜਸਪਾਲ ਸਿੰਘ ਦੀ ਮੌਤ ਹੋ ਗਈ।
ਜੁਲਕਾ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਜ਼ੀਰੋ ਐਫਆਈਆਰ ਦਰਜ ਕਰਕੇ ਕੇਸ ਨੂੰ ਛੱਤੀਸਗੜ੍ਹ ਭੇਜ ਦਿੱਤਾ ਹੈ ਕਿਉਂਕਿ ਇਹ ਘਟਨਾ ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਵਾਪਰੀ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਮ੍ਰਿਤਕ ਜਸਪਾਲ ਸਿੰਘ ਦੇ ਛੋਟੇ ਭਰਾ ਲਖਬੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਨਰਿੰਦਰ ਸਿੰਘ, ਉਸ ਦੇ ਪਿਤਾ ਸੋਹਣ ਸਿੰਘ ਮੋਹਨ ਸਿੰਘ ਅਤੇ ਅੰਗਰੇਜ਼ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
1 ਸਾਲ ਤੋਂ ਕੰਮ 'ਤੇ ਜਾ ਰਿਹਾ ਸੀ ਜਸਪਾਲ ਸਿੰਘ
ਲਖਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਸਪਾਲ ਸਿੰਘ ਪਿਛਲੇ ਇੱਕ ਸਾਲ ਤੋਂ ਮੁਲਜ਼ਮਾਂ ਨਾਲ ਕੰਬਾਈਨ ਮਸ਼ੀਨ ’ਤੇ ਕੰਮ ਕਰਦਾ ਸੀ, ਇਸੇ ਮਹੀਨੇ ਉਹ ਝੋਨੇ ਦਾ ਸੀਜ਼ਨ ਲਾਉਣ ਲਈ ਮੁਲਜ਼ਮ ਨਰਿੰਦਰ ਸਿੰਘ ਆਦਿ ਵਗੈਰਾ ਦੀ ਮਸ਼ੀਨ ਲੈ ਕੇ ਛੱਤੀਸਗੜ੍ਹ ਉਨ੍ਹਾਂ ਨਾਲ ਗਿਆ ਸੀ। 28 ਮਈ ਨੂੰ ਨਰਿੰਦਰ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਜਸਪਾਲ ਸਿੰਘ ਦੇ ਸੱਟ ਲੱਗੀ ਹੈ ਅਤੇ ਉਸ ਨੂੰ ਵਾਪਸ ਲੈ ਕੇ ਆ ਰਹੇ ਹਨ ਪਰ ਉਨ੍ਹਾਂ ਨੇ ਉਸ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਜਸਪਾਲ ਸਿੰਘ ਨੂੰ ਕਾਰ ਵਿੱਚ ਬਿਠਾ ਕੇ ਇਹ ਲੋਕ ਪਿੰਡ ਪੁੱਜੇ ਅਤੇ ਲਾਸ਼ ਨੂੰ ਚੁੱਪਚਾਪ ਰੱਖ ਕੇ ਵਾਪਸ ਪਰਤ ਗਏ।
ਲਖਬੀਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਵੱਡੇ ਭਰਾ ਦੀ ਲਾਸ਼ ਦੇਖੀ ਤਾਂ ਉਸ ਦੀ ਪਿੱਠ ’ਤੇ ਕੁੱਟਮਾਰ ਦੇ ਨਿਸ਼ਾਨ ਸਨ। ਸਰੀਰ 'ਤੇ ਕਈ ਥਾਵਾਂ 'ਤੇ ਕੁੱਟਮਾਰ ਦੇ ਨਿਸ਼ਾਨ ਸਨ, ਜਿਸ ਤੋਂ ਸਾਫ ਦਿਖਾਈ ਦੇ ਰਿਹਾ ਸੀ ਕਿ ਉਸ ਦੇ ਭਰਾ ਜਸਪਾਲ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਅਤੇ ਉਸ ਦੇ ਗੁਦਾ ਵਿਚ ਡੰਡਾ ਜਾਂ ਲੋਹੇ ਦੀ ਰਾਡ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇ
ਉਸ ਨੇ ਆਪਣੇ ਭਰਾ ਦੀ ਮ੍ਰਿਤਕ ਦੇਹ ਰਾਜਿੰਦਰ ਹਸਪਤਾਲ ਵਿੱਚ ਰੱਖੀ ਹੋਈ ਹੈ ਅਤੇ ਉਸ ਦੀ ਮੰਗ ਹੈ ਕਿ ਜਦੋਂ ਤੱਕ ਕਤਲ ਦਾ ਕੇਸ ਦਰਜ ਨਹੀਂ ਹੁੰਦਾ ਉਹ ਪੋਸਟਮਾਰਟਮ ਨਹੀਂ ਕਰਵਾਉਣਗੇ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਹੈ ਜਦਕਿ ਉਨ੍ਹਾਂ ਦੀ ਮੰਗ ਹੈ ਕਿ ਕਤਲ ਦਾ ਕੇਸ ਦਰਜ ਕੀਤਾ ਜਾਵੇ।