ਇੰਡਸਟਰੀ ਦਾ ਨਾਮੋ-ਨਿਸ਼ਾਨ ਮਿਟਾ ਦੇਣਗੇ ਕੈਪਟਨ ਸਰਕਾਰ ਦੇ ਤੁਗ਼ਲਕੀ ਫ਼ਰਮਾਨ : ਅਮਨ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਸੂਬੇ ਦੀ ਇੰਡਸਟਰੀ ਉਤੇ ਸ਼ਾਮੀ 6 ਵਜੇ ਤੋਂ ਲੈ ਕੇ ਰਾਤ 10 ਵਜੇ ਤਕ ਪੀਕ ਲੋਡ ਚਾਰਜਿਜ਼

Aman Arora

ਚੰਡੀਗੜ੍ਹ, 30 ਜੁਲਾਈ (ਨੀਲ ਭਲਿੰਦਰ ਸਿੰਘ) : ਪੰਜਾਬ ਸਰਕਾਰ ਵਲੋਂ ਸੂਬੇ ਦੀ ਇੰਡਸਟਰੀ ਉਤੇ ਸ਼ਾਮੀ 6 ਵਜੇ ਤੋਂ ਲੈ ਕੇ ਰਾਤ 10 ਵਜੇ ਤਕ ਪੀਕ ਲੋਡ ਚਾਰਜਿਜ਼ ਦੇ ਨਾਂ 'ਤੇ ਪ੍ਰਤੀ ਯੂਨਿਟ 2 ਰੁਪਏ ਮਹਿੰਗੀ ਕੀਤੀ ਬਿਜਲੀ ਦੇ ਫ਼ੈਸਲੇ ਨੂੰ ਤੁਰਤ ਵਾਪਸ ਲੈਣ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਸ ਨੂੰ ਤੁਗ਼ਲਕੀ ਫ਼ਰਮਾਨ ਕਿਹਾ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ, ਬਿਜਲੀ ਮੋਰਚਾ ਦੇ ਇੰਚਾਰਜ ਅਤੇ ਵਿਧਾਇਕ ਮੀਤ ਹੇਅਰ ਅਤੇ ਵਪਾਰ ਵਿੰਗ ਦੀ ਸੂਬਾ ਪ੍ਰਧਾਨ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਪਹਿਲੀ ਹੀ ਅਨੇਕਾਂ ਚੁਨੌਤੀਆਂ ਦਾ ਸਾਹਮਣਾ ਕਰ ਰਹੀ ਸਨਅਤ ਬਾਰੇ ਕਾਂਗਰਸ ਦੀ ਸਰਕਾਰ ਐਨੀ ਨਿਰਦਈ ਕਿਉਂ ਹੋ ਗਈ ਹੈ।

ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਜਿਹੇ ਫ਼ਰਮਾਨ ਜਾਰੀ ਕਰ ਕੇ ਪੰਜਾਬ ਵਿਚੋਂ ਇੰਡਸਟਰੀ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦੀ ਹੈ, ਕਿਉਂਕਿ ਕੈਪਟਨ ਸਰਕਾਰ ਨੇ ਅਪਣੇ ਚੋਣ ਮੈਨੀਫ਼ੈਸਟੋ ਵਿਚ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰੰਤੂ ਇਹ ਵਾਅਦੇ ਪੂਰਾ ਨਾ ਕਰ ਕੇ ਕੈਪਟਨ ਸਰਕਾਰ ਇੰਡਸਟਰੀ ਤੋਂ 9 ਤੋਂ 10 ਰੁਪਏ ਪ੍ਰਤੀ ਯੂਨਿਟ ਬਿਜਲੀ ਲੈ ਰਹੀ ਸੀ ਅਤੇ ਜੋ ਹਾਲ ਹੀ ਫ਼ਰਮਾਨ ਜਾਰੀ ਕੀਤਾ ਹੈ ਇਸ ਮੁਤਾਬਿਕ ਇੰਡਸਟਰੀ ਨੂੰ ਕਰੀਬ 11 ਤੋਂ 12 ਰੁਪਏ ਪ੍ਰਤੀ ਯੂਨਿਟ ਬਿਜਲੀ ਪਏਗੀ।

ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਕ ਲੇਖ ਲਿਖਿਆ ਸੀ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਮੈਂ ਅਪਣੇ ਚੋਣ ਮੈਨੀਫ਼ੈਸਟੋ 'ਚ ਜਿੰਨੇ ਵੀ ਵਾਅਦੇ ਕੀਤੇ ਸਨ ਉਹ ਪੂਰੇ ਕਰ ਦਿਤੇ ਹਨ, ਇਹ ਸਰਾਸਰ ਝੂਠ ਹੈ। ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਕੋ-ਇਕ ਵਾਅਦਾ ਪੰਜਾਬ ਦੀ ਇੰਡਸਟਰੀ ਨਾਲ ਕੀਤਾ ਸੀ ਕਿ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਫ਼ਿਕਸਡ ਚਾਰਜ ਦੀ ਸਹੂਲਤ ਦਿਤੀ ਜਾਵੇਗੀ, ਪਰੰਤੂ ਅਫ਼ਸੋਸ ਕੈਪਟਨ ਸਰਕਾਰ ਦੇ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਇੰਡਸਟਰੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਤਾਂ ਕੀ ਦੇਣਾ ਸੀ ਉਨ੍ਹਾਂ 'ਤੇ ਹੋਰ ਬੋਝ ਵਧਾਉਂਦੇ ਹੋਏ 9 ਤੋਂ 10 ਰੁਪਏ ਪ੍ਰਤੀ ਯੂਨਿਟ ਬਿਜਲੀ ਦਿਤੀ ਜਾ ਰਹੀ ਹੈ। ਜਿਸ ਕਾਰਨ ਅੱਜ ਹਲਾਤ ਅਜਿਹੇ ਬਣ ਗਏ ਹਨ ਕਿ ਪੰਜਾਬ ਵਿਚੋਂ ਇੰਡਸਟਰੀਆਂ ਦੂਜੇ ਰਾਜਾਂ ਵਿਚ ਜਾ ਕੇ ਅਪਣਾ ਕਾਰੋਬਾਰ ਸ਼ੁਰੂ ਕਰ ਰਹੀਆਂ ਹਨ।