ਭਾਜਪਾ ਪੰਜਾਬ 'ਚ ਅਕਾਲੀ ਦਲ ਤੋਂ ਪੱਲਾ ਛੁਡਾਉਣ ਲਈ ਪਰ ਤੋਲਣ ਲੱਗੀ
ਕੌਮੀ ਪ੍ਰਧਾਨ ਨੱਡਾ ਦੇ ਵਿਚਾਰਾਂ ਨਾਲ ਵੀ ਸੂਬਾਈ ਆਗੂਆਂ ਨੂੰ ਬਲ ਮਿਲਿਆ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਇਸ ਵਾਰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿਲਚਸਪ ਸਿਆਸੀ ਸਮੀਕਰਨ ਬਣਦੇ ਦਿਖਾਈ ਦੇ ਰਹੇ ਹਨ। ਜਿਥੇ ਸੁਖਦੇਵ ਸਿੰਘ ਢੀਂਡਸਾ ਵਲੋਂ ਨਵਾਂ ਸ਼੍ਰੋਮਣੀ ਅਕਾਲੀ ਦਲ ਗਠਤ ਕਰ ਕੇ ਬਾਦਲ ਦਲ ਵਿਚ ਹਿਲਜੁਲ ਪੈਦਾ ਕੀਤੀ ਹੋਈ ਹੈ, ਉਥੇ ਨਵਜੋਤ ਸਿੰਘ ਸਿੱਧੂ ਦੀ ਚੁੱਪੀ 'ਤੇ ਵੀ ਸਿਆਸੀ ਹਲਕਿਆਂ ਤੇ ਆਮ ਲੋਕਾਂ ਦੀਆਂ ਨਜ਼ਰਾਂ ਹਨ ਕਿ ਉਹ ਕਿਸ ਦਿਸ਼ਾ ਵਲ ਕਰਵਟ ਲੈਂਦਾ ਹੈ।
ਦਿਲਚਸਪ ਗੱਲ ਇਹ ਵੀ ਹੈ ਕਿ ਲੰਬੇ ਸਮੇਂ ਤੋਂ ਸੂਬੇ ਵਿਚ ਟਿਕੇ ਅਕਾਲੀ ਭਾਜਪਾ ਗਠਜੋੜ ਵਿਚ ਵੀ ਤਰੇੜਾਂ ਪੈਂਦੀਆਂ ਦਿਖਾਈ ਦੇ ਰਹੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਸਮੇਂ ਭਾਜਪਾ ਅਪਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਪੱਲਾ ਛੁਡਾਉਣ ਲਈ ਪਰ ਤੋਲ ਰਹੀ ਹੈ। ਪਿਛਲੇ ਹਫ਼ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਵਲੋਂ ਸੂਬੇ ਦੇ ਭਾਜਪਾ ਆਗੂਆਂ ਨਾਲ ਕੀਤੀ ਮੀਟਿੰਗ ਵਿਚ ਰੱਖੇ ਵਿਚਾਰਾਂ ਨਾਲ ਵੀ ਇਸ ਵਾਰ ਅਪਣੇ ਬਲਬੂਤੇ ਬਾਦਲ ਤੋਂ ਵੱਖ ਹੋ ਕੇ ਚੋਣ ਲੜਨ ਦੀ ਪਾਰਟੀ ਅੰਦਰ ਵਾਰ ਵਾਰ ਦਲੀਲ ਦੇਣ ਵਾਲੇ ਨੇਤਾਵਾਂ ਨੂੰ ਵੀ ਬਲ ਮਿਲਿਆ ਹੈ।
ਬੀਤੇ ਦਿਨੀਂ ਭਾਜਪਾ ਦੇ ਸੂਬਾ ਸਕੱਤਰ ਤੇ ਬੁਲਾਰੇ ਸੁਖਪਾਲ ਸਿੰਘ ਸਰਾਂ ਵਲੋਂ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਦੋਗ਼ਲੀ ਨੀਤੀ ਛੱਡਦਿਆਂ ਭਾਈਵਾਲ ਪਾਰਟੀ ਹਰਸਿਮਰਤ ਕੌਰ ਬਾਦਲ ਤੋਂ ਅਸਤੀਫ਼ਾ ਮੰਗੇ ਜਾਣ ਦੇ ਬਿਆਨ ਦੀ ਵੀ ਸਿਆਸੀ ਹਲਕਿਆਂ ਵਿਚ ਚਰਚਾ ਛਿੜ ਗਈ ਹੈ। ਇਹੀ ਮੰਨਿਆ ਜਾ ਰਿਹਾ ਹੈ ਕਿ ਇਹ ਬਿਆਨ ਭਾਜਪਾ ਲੀਡਰਸ਼ਿਪ ਦੀ ਸੋਚੀ ਸਮਝੀ ਯੋਜਨਾ ਦਾ ਹੀ ਨਤੀਜਾ ਹੈ।
ਪਾਰਟੀ ਦਾ ਬੁਲਾਰਾ ਅਪਣੀ ਮਰਜ਼ੀ ਨਾਲ ਅਜਿਹਾ ਬਿਆਨ ਅਪਣੀ ਹੀ ਭਾਈਵਾਲ ਪਾਰਟੀ ਦੀ ਕੇਂਦਰੀ ਮੰਤਰੀ ਵਿਰੁਧ ਨਹੀਂ ਦੇ ਸਕਦਾ। ਸੁਖਬੀਰ ਬਾਦਲ ਵਲੋਂ ਯੂ.ਏ.ਪੀ.ਏ. ਦੇ ਮੁੱਦੇ 'ਤੇ ਦਿਤੇ ਤਿੱਖੇ ਬਿਆਨ ਨੂੰ ਵੀ ਭਾਜਪਾ ਹਾਈਕਮਾਨ ਨੇ ਪਸੰਦ ਨਹੀਂ ਕੀਤਾ ਕਿਉਂਕਿ ਇਹ ਕੇਂਦਰੀ ਕਾਨੂੰਨ ਹੈ ਤੇ ਭਾਜਪਾ ਇਸ ਦੀ ਜ਼ੋਰਦਾਰ ਸਮਰਥਕ ਵੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਵੀਡੀਉ ਕਾਨਫ਼ਰੰਸਿੰਗ ਰਾਹੀਂ ਪੰਜਾਬ ਦੇ ਪ੍ਰਮੁੱਖ ਭਾਜਪਾ ਨੇਤਾਵਾਂ ਨਾਲ ਹੋਈ ਕੌਮੀ ਪ੍ਰਧਾਨ ਜੇ.ਪੀ. ਨੱਡਾ ਦੀ ਮੀਟਿੰਗ ਵਿਚ ਵੀ ਉਨ੍ਹਾਂ ਨੇ ਅਪਣੇ ਵਿਚਾਰ ਪੇਸ਼ ਕਰਦਿਆਂ ਇਸ਼ਾਰੇ ਇਸ਼ਾਰਿਆਂ ਵਿਚ ਕਈ ਵੱਡੇ ਸੰਕੇਤ ਦੇ ਦਿਤੇ ਸਨ। ਸੱਭ ਤੋਂ ਵੱਡੀ ਗੱਲ 117 ਵਿਧਾਨ ਸਭਾ ਹਲਕਿਆਂ ਵਿਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਕਹਿਣਾ ਸੀ। ਉਨ੍ਹਾਂ ਭਵਿੱਖ ਵਿਚ ਪੰਜਾਬ ਨੂੰ ਸਿਆਸੀ ਇਤਿਹਾਸ ਵਿਚ ਨਾਂ ਦਰਜ ਕਰਵਾਉਣ ਲਈ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿਤਾ ਸੀ।
ਜ਼ਿਕਰਯੋਗ ਹੈ ਕਿ ਮੀਟਿੰਗ ਦੌਰਾਨ ਭਾਈਵਾਲ ਪਾਰਟੀ ਦਾ ਜ਼ਿਕਰ ਤਕ ਨਹੀਂ ਹੋਇਆ। ਇਸ ਤੋਂ ਬਾਅਦ ਭਾਜਪਾ ਨੇਤਾ ਸੂਬੇ ਵਿਚ 117 ਹਲਕਿਆਂ ਵਿਚ ਹੀ ਸਰਗਰਮ ਹੋ ਗਏ ਹਨ ਜੋ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਹੈ। 59-59 ਸੀਟਾਂ ਦੇ ਫ਼ਾਰਮੂਲੇ ਨੂੰ ਵੀ ਅਕਾਲੀ ਦਲ ਕਦੇ ਸਵੀਕਾਰ ਨਹੀਂ ਕਰੇਗਾ। ਇਹ ਵੀ ਪਤਾ ਲੱਗਾ ਹੈ ਕਿ ਭਾਜਪਾ ਦੇ ਪ੍ਰਦੇਸ਼ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਦਲ ਵਲ ਵੀ ਵੇਖ ਰਹੇ ਹਨ ਤੇ ਜੇ ਉਹ ਮਜ਼ਬੂਤੀ ਫੜਦੇ ਹਨ ਤਾਂ ਭਾਜਪਾ ਲੋੜ ਪੈਣ 'ਤੇ ਉਨ੍ਹਾਂ ਵਲ ਹੱਥ ਵਧਾ ਸਕਦੀ ਹੈ।
ਹਾਲੇ ਵੀ ਸਮਾਂ ਹੈ, ਬੇਆਬਰੂ ਹੋ ਕੇ ਨਿਕਲਣ ਤੋਂ ਪਹਿਲਾਂ ਅਕਾਲੀ ਛੱਡ ਦੇਣ ਭਾਜਪਾ ਨੂੰ : ਜਾਖੜ
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਭਾਜਪਾ ਦੇ ਬੁਲਾਰੇ ਵਲੋਂ ਹਰਸਿਮਰਤ ਕੌਰ ਬਾਦਲ ਤੋਂ ਆਰਡੀਨੈਂਸਾਂ ਦੇ ਮੁੱਦੇ ਨੂੰ ਲੈ ਕੇ ਮੰਗੇ ਅਸਤੀਫ਼ੇ 'ਤੇ ਪ੍ਰਤੀਕਿਰਿਆ ਵਿਚ ਕਿਹਾ ਕਿ ਹਾਲੇ ਵੀ ਸਮਾਂ ਹੈ ਕਿ ਅਕਾਲੀ ਬੇਆਬਰੂ ਹੋ ਕੇ ਨਿਕਲਣ ਤੋਂ ਪਹਿਲਾਂ ਖ਼ੁਦ ਹੀ ਭਾਜਪਾ ਨੂੰ ਛੱਡ ਦੇਣ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੂਬਾ ਬੁਲਾਰੇ ਦਾ ਬਿਆਨ ਅਸਲ ਵਿਚ ਭਾਜਪਾ ਹਾਈਕਮਾਨ ਦਾ ਹੀ ਬਿਆਨ ਹੈ ਜਿਸ ਨੂੰ ਸਮਝਣਾ ਚਾਹੀਦਾ ਹੈ।
ਇੰਨਾ ਹੋਵੇ ਕਲ੍ਹ ਨੂੰ ਭਾਜਪਾ ਧੱਕੇ ਮਾਰ ਕੇ ਅਲੱਗ ਕਰ ਦੇਵੇ। ਇਸ ਨਾਲ ਅਕਾਲੀ ਦਲ ਨਾ ਘਰ ਦਾ ਰਹੇਗਾ ਨਾ ਘਾਟ ਦਾ। ਜਾਖੜ ਨੇ ਕਿਹਾ ਕਿ ਹੁਣ ਖੇਤੀ ਆਰਡੀਨੈਂਸਾਂ ਦੇ ਮੁੱਦੇ ਅਕਾਲੀ ਦਲ ਨੂੰ ਦੋਗ਼ਲੀ ਨੀਤੀ ਛੱਡਣੀ ਹੀ ਪਵੇਗੀ ਤੇ ਭਾਜਪਾ ਦੇ ਬੁਲਾਰੇ ਵਲੋਂ ਇਸ ਬਾਰੇ ਸਹੀ ਹੀ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਕੇਂਦਰ ਦੀ ਕੁਰਸੀ ਦਾ ਮੋਹ ਛੱਡ ਕੇ ਹੁਣ ਇਕ ਪਾਸੇ ਖੜਨਾ ਚਾਹੀਦਾ ਹੈ।