ਪੰਜਾਬ ਵਿਚ ਕੋਰੋਨਾ ਮਰੀਜ਼ਾਂ ਲਈ ਪਲਾਜ਼ਮਾ ਮੁਫ਼ਤ ਮਿਲੇਗਾ : ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਵਿਡ ਦੇ ਫ਼ੈਲਾਅ ਅਤੇ ਮੌਤਾਂ ਦੀ ਦਰ ਵਧਣ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ

capt Amrinder Singh

ਚੰਡੀਗੜ੍ਹ, 30 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਕੋਵਿਡ ਦੇ ਫ਼ੈਲਾਅ ਅਤੇ ਮੌਤਾਂ ਦੀ ਦਰ ਵਧਣ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਸਾਰੇ ਲੋੜਵੰਦਾਂ ਨੂੰ ਪਲਾਜ਼ਮਾ ਮੁਫ਼ਤ ਮੁਹਈਆ ਕਰਵਾਇਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਸਖ਼ਤ ਆਦੇਸ਼ ਦਿਤੇ ਕਿ ਕੋਵਿਡ ਦੇ ਮਰੀਜ਼ਾਂ ਤੋਂ ਪਲਾਜ਼ਮਾ ਥਰੈਪੀ ਦੀ ਕੋਈ ਕੀਮਤ ਨਾ ਵਸੂਲੀ ਜਾਵੇ ਅਤੇ ਇਹ ਵੀ ਕਿ ਕਿਸੇ ਨੂੰ ਵੀ ਪਲਾਜ਼ਮਾ ਖ਼ਰੀਦਣ ਜਾਂ ਵੇਚਣ ਦਾ ਅਖਤਿਆਰ ਨਹੀਂ ਹੈ ਕਿਉਂ ਜੋ ਪਲਾਜ਼ਮਾ ਕਰੋਨਾਵਾਇਰਸ ਦੇ ਕਿਸੇ ਵੀ ਇਲਾਜ ਦੀ ਅਣਹੋਂਦ ਵਿਚ ਕਈ ਮਾਮਲਿਆਂ ਵਿਚ ਜਾਨਾਂ ਬਚਾਉਣ ਵਿਚ ਸਹਾਈ ਸਾਬਤ ਹੋਇਆ ਹੈ।

ਮੁੱਖ ਮੰਤਰੀ ਨੇ ਤੰਦਰੁਸਤ ਹੋਏ ਕੋਵਿਡ ਦੇ ਮਰੀਜ਼ਾਂ ਨੂੰ ਕੋਵਿਡ ਦੇ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੋਵਿਡ ਦੇ ਪ੍ਰਬੰਧਾਂ ਦੀ ਸਮੀਖਿਆ ਲਈ ਵੀਡੀਉ ਕਾਨਫਰੰਸਿੰਗ ਰਾਹੀਂ ਹੋਈ ਇਕ ਮੀਟਿੰਗ ਮੌਕੇ ਅਜਿਹੇ ਮਰੀਜ਼ਾਂ ਨੂੰ ਅਪਣਾ ਪਲਾਜ਼ਮਾ ਦਾਨ ਕਰਨ ਲਈ ਉਤਸ਼ਾਹਤ ਕਰਨ ਵਾਸਤੇ ਵੀ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਸੂਬੇ ਵਿਚ ਕੋਵਿਡ ਦੇ ਤਕਰੀਬਨ 10,000 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਸੂਬੇ ਵਿਚ ਹਰੇਕ ਦੀ ਜ਼ਿੰਦਗੀ ਨੂੰ ਬਚਾਉਣਾ ਹੈ।

ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਅੰਮ੍ਰਿਤਸਰ ਅਤੇ ਫ਼ਰੀਦਕੋਟ ਵਿਖੇ ਦੋ ਪਲਾਜ਼ਮਾ ਬੈਂਕ ਸਥਾਪਤ ਕਰਨ ਸਬੰਧੀ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇ ਤਾਂ ਜੋ ਪਟਿਆਲਾ ਵਿਖੇ ਪਹਿਲਾਂ ਹੀ ਚੱਲ ਰਹੇ ਪਲਾਜ਼ਮਾ ਬੈਂਕ ਨੂੰ ਸਹਾਰਾ ਮਿਲ ਸਕੇ। ਕੈਬਨਿਟ ਮੰਤਰੀ ਓ.ਪੀ. ਸੋਨੀ ਨੇ ਇਸ ਮੌਕੇ ਮੁੱਖ ਮੰਤਰੀ ਨੂੰ ਜਾਣਕਾਰੀ ਦਿਤੀ ਕਿ ਨਵੇਂ ਬੈਂਕਾਂ ਸਬੰਧੀ ਮਨਜ਼ੂਰੀ ਹਾਸਲ ਹੋ ਚੁੱਕੀ ਹੈ ਅਤੇ ਉਪਕਰਣਾਂ ਦੀ ਖ਼ਰੀਦ ਲਈ ਟੈਂਡਰ ਜਾਰੀ ਕੀਤੇ ਜਾ ਰਹੇ ਹਨ।