ਪੰਜਾਬ ਸਰਕਾਰ ਦੇ ਸਕੂਲ ਖੋਲ੍ਹਣ ਦੇ ਫ਼ੈਸਲੇ ਤੋਂ ਬੱਚੇ ਨਾਰਾਜ਼ ਪਰ ਮਾਪੇ ਖ਼ੁਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਕਾਰਨ ਦੋ ਸਾਲਾਂ ਤੋਂ ਬੰਦ ਪਏ ਹਨ ਸਕੂਲ

Children angry over Punjab government's decision to open schools and parents happy

 ਗੁਰਦਾਸਪੁਰ( ਅਵਤਾਰ ਸਿੰਘ)  ਕੋਰੋਨਾ ਵਾਇਰਸ ਕਾਰਨ ਦੋ ਸਾਲਾਂ ਤੋਂ ਬੰਦ ਪਏ ਸਕੂਲਾਂ ਨੂੰ ਖੋਲ੍ਹਣ ਦੇ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕੀਤੇ ਹਨ ਕਿ 2 ਅਗਸਤ ਤੋਂ ਸਰਕਾਰੀ ਅਤੇ ਨਿੱਜੀ ਸਕੂਲ ਖੋਲ੍ਹ ਦਿੱਤੇ ਜਾਣਗੇ ਜਿਸ ਵਿੱਚ ਛੋਟੀਆਂ ਅਤੇ ਵੱਡੀਆਂ ਜਮਾਤਾਂ ਦੇ ਸਾਰੇ ਬੱਚੇ ਸਕੂਲਾਂ ਵਿਚ ਪੜ੍ਹਾਈ ਕਰਨਗੇ।

ਪੰਜਾਬ ਸਰਕਾਰ ਵੱਲੋਂ ਪਹਿਲਾਂ 11ਵੀਂ ਅਤੇ 12ਵੀਂ ਜਮਾਤ ਤੱਕ ਦੇ ਹੀ ਬੱਚਿਆਂ ਨੂੰ ਸਕੂਲ ਆਉਣ ਲਈ ਕਿਹਾ ਗਿਆ ਸੀ ਪਰ ਹੁਣ ਛੋਟੀਆਂ ਅਤੇ ਵੱਡੀਆਂ ਜਮਾਤਾਂ ਵੀ ਸਕੂਲਾਂ ਵਿੱਚ ਲਗਾਈਆਂ ਜਾਣਗੀਆਂ ਨਾਲ ਹੀ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਉਹ ਕੋਰੋਨਾ ਹਦਾਇਤਾਂ ਦੀ ਪਾਲਣਾ ਕਰਕੇ ਹੀ ਬੱਚਿਆਂ ਨੂੰ ਸਕੂਲਾਂ ਵਿਚ ਬੁਲਾਉਣ।

 ਦੂਜੇ ਪਾਸੇ ਗੁਰਦਾਸਪੁਰ ਵਿਚ ਬੱਚਿਆਂ ਦਾ ਅਤੇ ਮਾਪਿਆਂ ਦਾ ਵੱਖਰਾ ਵੱਖਰਾ ਪ੍ਰਤੀਕਰਮ ਸਾਹਮਣੇ ਆਇਆ ਹੈ। ਕੁਝ ਬੱਚਿਆਂ ਨੇ ਕਿਹਾ ਕਿ ਸਕੂਲ ਨਹੀਂ ਖੁੱਲ੍ਹਣੇ ਚਾਹੀਦੇ। ਸਰਕਾਰ ਦਾ ਇਹ ਫੈਸਲਾ ਸਹੀ ਨਹੀਂ ਹੈ ਕਿਉਂਕਿ ਬੱਚਿਆਂ ਨੂੰ ਅਜੇ ਤਕ ਕੋਰੋਨਾ ਦੀ ਵੈਕਸੀਨ ਨਹੀਂ ਲਗਾਈ ਗਈ ਅਤੇ ਬੱਚਿਆਂ ਦੇ ਉੱਪਰ ਕੋਰੋਨਾ ਦੀ ਤੀਸਰੀ ਲਹਿਰ ਦਾ ਖ਼ਤਰਾ ਵੀ ਬਣਿਆ ਹੋਇਆ ਹੈ।

ਇਸ ਲਈ ਬੱਚਿਆਂ ਨੇ ਕਿਹਾ ਕਿ ਸਰਕਾਰ ਨੂੰ ਸਕੂਲ ਨਹੀਂ ਖੋਲ੍ਹਣੇ ਚਾਹੀਦੇ ਪਰ ਕੁਝ ਬੱਚਿਆਂ ਨੇ ਕਿਹਾ ਕਿ ਸਕੂਲ ਖੋਲ੍ਹਣ ਦਾ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਬਿਲਕੁਲ ਸਹੀ ਹੈ ਕਿਉਂਕਿ ਆਨਲਾਈਨ ਪੜ੍ਹਾਈ ਦੌਰਾਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸੇ ਵਕਤ ਇੰਟਰਨੈੱਟ ਦੀ ਸਮੱਸਿਆ ਆ ਜਾਂਦੀ ਹੈ ਅਤੇ ਕਿਸੇ ਸਵਾਲ ਨੂੰ ਸਮਝਣ ਲਈ ਅਧਿਆਪਕਾਂ ਨੂੰ ਫੋਨ ਲਗਾਉਣਾ ਪੈਂਦਾ ਸੀ। ਇਸ ਲਈ ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਬਹੁਤ ਵਧੀਆ ਹੈ।

 ਦੂਜੇ ਪਾਸੇ ਮਾਪਿਆਂ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਮਾਪਿਆਂ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਸਹੀ ਹੈ ਕਿਉਂਕਿ ਬੱਚੇ ਘਰ ਵਿਚ ਰਹਿ ਕੇ ਬਹੁਤ ਜ਼ਿਆਦਾ ਵਿਗੜ ਚੁੱਕੇ ਹਨ ਅਤੇ ਜੋ ਆਨਲਾਈਨ ਕਲਾਸਾਂ ਲੱਗਦੀਆਂ ਹਨ ਉਸ ਵੱਲ ਵੀ ਬੱਚੇ ਧਿਆਨ ਨਹੀਂ ਦੇ ਰਹੇ। ਜ਼ਿਆਦਾਤਰ ਬੱਚੇ ਆਨਲਾਈਨ ਕਲਾਸ ਦਾ ਬਹਾਨਾ ਲਗਾ ਕੇ ਫੋਨਾਂ ਦੇ ਉਪਰ ਗੇਮਾਂ ਖੇਡਦੇ ਰਹਿੰਦੇ ਹਨ।

ਜਿਸ ਕਰਕੇ ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਹੈ। ਇਸ ਲਈ ਸਕੂਲ ਖੁੱਲ੍ਹਣੇ ਚਾਹੀਦੇ ਹਨ ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਹਦਾਇਤਾਂ ਦੀ ਪਾਲਣਾ ਕਰਕੇ ਹੀ ਬੱਚਿਆਂ ਨੂੰ ਸਕੂਲਾਂ ਵਿਚ ਬੁਲਾਇਆ ਜਾਵੇ ਅਤੇ ਸਕੂਲਾਂ ਦੇ ਵਿੱਚ ਬੱਚਿਆਂ ਲਈ ਪੁਖਤਾ ਪ੍ਰਬੰਧ ਕੀਤੇ ਜਾਣ।