ਕਿਸਾਨ ਆਗੂ ਮਤਭੇਦ ਛੱਡ ਕੇ ਪੰਜਾਬ ਦੀ ਬਿਹਤਰੀ ਲਈ ਕੇਂਦਰ ਸਰਕਾਰ ਨਾਲ ਕਰਨ ਸਾਰਥਕ ਗੱਲਬਾਤ : ਗੁਪਤਾ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਆਗੂ ਮਤਭੇਦ ਛੱਡ ਕੇ ਪੰਜਾਬ ਦੀ ਬਿਹਤਰੀ ਲਈ ਕੇਂਦਰ ਸਰਕਾਰ ਨਾਲ ਕਰਨ ਸਾਰਥਕ ਗੱਲਬਾਤ : ਗੁਪਤਾ

image

ਲੁਧਿਆਣਾ, 30 ਜੁਲਾਈ (ਪ੍ਰਮੋਦ ਕੌਸ਼ਲ) : ਸੂਬਾ ਭਾਜਪਾ ਦੇ ਜਨਰਲ ਸੱਕਤਰ ਜੀਵਨ ਗੁਪਤਾ ਨੇ ਕਿਸਾਨ ਯੂਨੀਅਨਾਂ ਦੇ ਸਾਰੇ ਨੇਤਾਵਾਂ ਨੂੰ  ਅਪੀਲ ਕੀਤੀ ਹੈ ਕਿ ਉਹ ਮਤਭੇਦ ਛੱਡ ਕੇ ਕੇਂਦਰ ਸਰਕਾਰ ਨਾਲ ਸਾਰਥਕ ਗੱਲਬਾਤ ਕਰਨ | ਉਨ੍ਹਾਂ ਕਿਹਾ ਕਿ ਕਿਸਾਨ ਨੇਤਾਵਾਂ ਨੂੰ  ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਫਾਇਦੇ ਅਤੇ ਪੰਜਾਬ ਦੇ ਭਲੇ ਲਈ ਇੱਕ ਚੰਗਾ ਖਰੜਾ ਤਿਆਰ ਕਰਕੇ ਇਸ ਨੂੰ  ਕੇਂਦਰ ਸਰਕਾਰ ਦੇ ਸਾਹਮਣੇ ਰੱਖਣ ਤਾਂ ਜੋ ਕਿਸਾਨਾਂ ਅਤੇ ਪੰਜਾਬ ਨੂੰ  ਲਾਭ ਪੁੱਜ ਸਕੇ | 
ਉਨ੍ਹਾਂ ਕਿਹਾ ਕਿ ਸੰਵਿਧਾਨ ਨੂੰ  ਜਾਨਣ ਵਾਲੇ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਸੰਸਦ ਵਲੋਂ ਪਾਸ ਕੀਤੇ ਗਏ ਕਾਨੂੰਨਾਂ ਨੂੰ  ਰੱਦ ਕਰਨਾ ਅਸੰਭਵ ਹੈ | ਉਨ੍ਹਾਂ ਕਿਹਾ ਕਿ 12 ਵਾਰ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਕਿਸਾਨਾਂ ਨੂੰ  ਉਹਨਾਂ ਨਾਲ ਸੰਪਰਕ ਕਰਨ ਦਾ ਸੰਦੇਸ ਦਿੱਤਾ ਹੈ |
ਜੀਵਨ ਗੁਪਤਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਲਈ ਬਹੁਤ ਕੰਮ ਕੀਤੇ ਹਨ | ਅੱਜ ਕਿਸਾਨ ਸਿਰਫ ਸਿਆਸੀ ਹਿੱਤਾਂ ਅਤੇ ਵਿਰੋਧੀ ਪਾਰਟੀਆਂ ਦੇ ਗੁਮਰਾਹ ਹੋਣ ਕਾਰਨ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨਵੇਂ ਪਾਸ ਕੀਤੇ ਖੇਤੀਬਾੜੀ ਕਾਨੂੰਨਾਂ ਵਿੱਚ ਸੋਧ ਲਈ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਲਈ ਕਿਸੇ ਵੀ ਸਮੇਂ ਤਿਆਰ ਹੈ | ਕੇਂਦਰ ਸਰਕਾਰ ਨੇ ਕਿਸਾਨਾਂ ਨੂੰ  ਸਨਮਾਨ ਨਿਧੀ ਸਕੀਮ ਤਹਿਤ ਕਿਸਾਨਾਂ ਨੂੰ  ਸਿੱਧੇ ਉਹਨਾਂ ਦੇ ਖਾਤਿਆਂ ਵਿੱਚ ਸਾਲਾਨਾ 6000 ਰੁਪਏ ਭੇਜੇ, ਨਿੰਮ ਕੋਟਿਡ ਯੂਰੀਆ ਦਿੱਤਾ, ਕਿਸਾਨਾਂ ਨੂੰ  ਕਰੈਡਿਟ ਕਾਰਡ ਦਿੱਤੇ, ਫਸਲ ਬੀਮਾ ਯੋਜਨਾ ਦਿੱਤੀ, ਐਮਐਸਪੀ ਵਿੱਚ 1.5 ਪ੍ਰਤੀਸਤ ਦਾ ਵਾਧਾ ਕੀਤਾ, ਕਿਸਾਨਾਂ ਨੂੰ  ਆਪਣੀ ਫਸਲਾਂ ਕਿਤੇ ਵੀ ਵੇਚਣ ਦਾ ਹੱਕ ਦਿੱਤਾ, ਡੀਏਪੀ ਖਾਦ ਵਿੱਚ 50 ਪ੍ਰਤੀਸਤ ਸਬਸਿਡੀ ਦਿੱਤੀ, ਕਿਸਾਨਾਂ ਦੀਆਂ ਫਸਲਾਂ ਦੀ ਸਿੱਧੀ ਅਦਾਇਗੀ ਉਨ੍ਹਾਂ ਦੇ ਖਾਤਿਆਂ ਵਿੱਚ ਭੇਜੀ ਗਈ, ਅੱਜ ਕਿਸਾਨਾਂ ਨੂੰ  ਐਮਐਸਪੀ ਨਾਲੋਂ ਵਧੇਰੇ ਕੀਮਤ ਮਿਲ ਰਹੀ ਹੈ | ਕਿਸਾਨ ਆਪਣੀ ਫਸਲ ਜਿੱਥੇ ਚਾਹੇ ਵੇਚਣ ਲਈ ਸੁਤੰਤਰ ਹਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਫਸਲਾਂ ਦੀ ਅਦਾਇਗੀ ਸਿੱਧੀ ਉਨ੍ਹਾਂ ਦੇ ਖਾਤਿਆਂ ਵਿੱਚ ਕਰਨੀ ਸੁਰੂ ਕਰ ਦਿੱਤੀ ਹੈ, ਜਿਸ ਦੀ ਕਿਸਾਨ ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਵਿਰੋਧ-ਪ੍ਰਦਰਸਨ ਕਰਨਾ ਹਰੇਕ ਦਾ ਬੁਨਿਆਦੀ ਹੱਕ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਆਗੂ ਗੱਲਬਾਤ ਜਾਂ ਸੋਧ ਲਈ ਇੱਕ ਕਦਮ ਅੱਗੇ ਵਧਾਉਂਦੇ ਹਨ ਤਾਂ ਭਾਰਤ ਸਰਕਾਰ ਉਨ੍ਹਾਂ ਲਈ ਦੋ ਕਦਮ ਚੁੱਕੇਗੀ |
ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਭਾਜਪਾ ਬਹੁਤ ਚਿੰਤਤ ਹੈ ਕਿ ਸੂਬੇ ਦੇ ਕਿਸਾਨ ਇੰਨੇ ਲੰਮੇ ਸਮੇਂ ਤੋਂ ਧਰਨੇ 'ਤੇ ਬੈਠੇ ਹਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਜੀਵਨ ਪੱਧਰ ਨੂੰ  ਉੱਚਾ ਚੁੱਕਣ ਅਤੇ ਉਨ੍ਹਾਂ ਨੂੰ  ਵਿੱਤੀ ਤੌਰ 'ਤੇ ਮਜਬੂਤ ਬਣਾਉਣ ਲਈ ਕੰਮ ਕਰ ਰਹੀ ਹੈ | ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਸਾਰੀਆਂ ਮੁਸਕਲਾਂ ਦਾ ਹੱਲ ਲੋਕਤੰਤਰ ਵਿੱਚ ਸੰਵਾਦ ਰਾਹੀਂ ਸੰਭਵ ਹੈ ਅਤੇ ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਨੂੰ  ਚਾਹੀਦਾ ਹੈ ਕਿ ਉਹ ਕੂੜ ਪ੍ਰਚਾਰ ਛੱਡ ਕੇ ਗੱਲਬਾਤ ਦਾ ਰਾਹ ਅਪਣਾਉਣ |    
Ldh_Parmod_30_1: ਜੀਵਨ ਗੁਪਤਾ