ਤੇਜ਼ ਰਫ਼ਤਾਰ ਕਾਰ ਨੇ ਰਿਕਸ਼ਾ ਰੇਹੜੀ ਚਾਲਕ ਨੂੰ ਮਾਰੀ ਟੱਕਰ, ਦਾਦਾ-ਦਾਦੀ ਤੇ ਪੋਤੇ ਦੀ ਮੌਤ
ਲੋਕਾਂ ਨੇ ਕਾਰ ਚਾਲਕ ਦਬੋਚਿਆ, ਕੀਤਾ ਪੁਲਿਸ ਦੇ ਹਵਾਲੇ
ਪੱਟੀ (ਅਜੀਤ ਘਰਿਆਲਾ, ਪ੍ਰਦੀਪ) : ਪੱਟੀ ਮੋੜ ਨੇੜੇ ਸ਼ੁਕਰਵਾਰ ਸਵੇਰੇ ਭਿੱਖੀਵਿੰਡ ਮਾਰਗ ’ਤੇ ਵਾਪਰੇ ਇਕ ਹਾਦਸੇ ’ਚ ਬਜ਼ੁਰਗ ਜੋੜੇ ਅਤੇ ਉਨ੍ਹਾਂ ਦੇ ਪੋਤੇ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਕ ਰੇਸ਼ਮ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਚੂਸਲੇਵੜ੍ਹ ਅਪਣੀ ਪਤਨੀ ਦਰਸ਼ਨ ਕੌਰ ਤੇ ਪੋਤਰੇ ਪ੍ਰਿੰਸ ਨਾਲ ਰਿਕਸ਼ੇ ’ਤੇ ਪੱਟੀ ਤੋਂ ਦਵਾਈ ਲੈਣ ਆ ਰਿਹਾ ਸੀ। ਜਿਨ੍ਹਾਂ ਨੂੰ ਰਸਤੇ ਵਿਚ ਕਾਰ ਨੇ ਟੱਕਰ ਮਾਰ ਦਿਤੀ।
ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਰੇਸ਼ਮ ਸਿੰਘ ਤੇ ਉਸ ਦੇ ਪੋਤਰੇ ਪ੍ਰਿੰਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਰੇਸ਼ਮ ਸਿੰਘ ਦੀ ਪਤਨੀ ਦਰਸ਼ਨ ਕੌਰ ਦੇ ਗੰਭੀਰ ਸੱਟਾਂ ਲੱਗੀਆਂ। ਰਾਹਗੀਰ ਉਸ ਨੂੰ ਸਿਵਲ ਹਸਪਤਾਲ ਪੱਟੀ ਲੈ ਕੇ ਗਏ, ਜਿਥੋਂ ਗੰਭੀਰ ਹਾਲਤ ਦੇ ਚਲਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿਤਾ ਗਿਆ ਜਿਥੇ ਉਸ ਨੇ ਵੀ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿਤਾ।
ਮ੍ਰਿਤਕ ਦੇ ਲੜਕੇ ਸੋਨੂੰ ਨੇ ਦਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦੇ ਹਨ ਤੇ ਉਨ੍ਹਾਂ ਦੇ ਮਾਤਾ, ਪਿਤਾ ਅਤੇ ਲੜਕਾ ਪ੍ਰਿੰਸ ਜੋ ਕਿ ਪੰਜਵੀਂ ਜਮਾਤ ਦਾ ਵਿਦਿਆਰਥੀ ਹੈ, ਦਵਾਈ ਲੈਣ ਲਈ ਪੱਟੀ ਆ ਰਹੇ ਸੀ। ਥਾਣਾ ਸਦਰ ਪੱਟੀ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਲਾਸ਼ਾਂ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।