ਬੁੱਢਾ ਦਲ ਦਾ ਇਤਿਹਾਸ ਕੌਮੀ ਅਗਵਾਈ ਵਾਲਾ : ਗਿਆਨੀ ਹਰਪ੍ਰੀਤ ਸਿੰਘ
ਬੁੱਢਾ ਦਲ ਦਾ ਇਤਿਹਾਸ ਕੌਮੀ ਅਗਵਾਈ ਵਾਲਾ : ਗਿਆਨੀ ਹਰਪ੍ਰੀਤ ਸਿੰਘ
ਤਲਵੰਡੀ ਸਾਬੋ, 30 ਜੁਲਾਈ (ਪ.ਪ.) : ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਦੇ 11ਵੇਂ ਮੁਖੀ ਬਾਬਾ ਸਾਹਿਬ ਸਿੰਘ ਕਲਾਧਾਰੀ ਦੇ ਬਰਸੀ ਸਮਾਗਮ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾ: ਦਸਵੀਂ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਗਏ ਜਿਸ ਵਿਚ ਸਿੱਖ ਪੰਥ ਦੀਆਂ ਪ੍ਰਸਿੱਧ ਧਾਰਮਕ ਸਖ਼ਸ਼ੀਅਤਾਂ ਨੇ ਸ਼ਮੂਲੀਅਤ ਕੀਤੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਕਰਨੈਲ ਸਿੰਘ, ਭਾਈ ਅਨੀ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਬਾਬਾ ਮੱਘਰ ਸਿੰਘ ਹੈੱਡ ਗ੍ਰੰਥੀ ਬੁੱਢਾ ਦਲ ਅਤੇ ਬਾਬਾ ਜਗਜੀਤ ਸਿੰਘ ਮਾਨਸਾ ਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਪੰਥ ਪ੍ਰਸਿੱਧ ਸ਼੍ਰੋਮਣੀ ਢਾਡੀ ਬਾਬਾ ਤਰਸੇਮ ਸਿੰਘ ਮੋਰਾਂਵਾਲੀ ਨੇ ਸੰਗਤਾਂ ਨੂੰ ਗੁਰਬਾਣੀ ਗੁਰ-ਇਤਿਹਾਸ ਨਾਲ ਜੋੜਿਆ। ਬਰਸੀ ਸਮਾਗਮਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ, ਮਹੰਤ ਕਰਮਜੀਤ ਸਿੰਘ ਯਮੁਨਾਨਗਰ ਨੇ ੳੇਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਬੁੱਢਾ ਦਲ ਦਾ ਇਤਿਹਾਸ ਨਿਵੇਕਲਾ, ਮਾਣਮੱਤਾ ਅਤੇ ਕੌਮੀ ਅਗਵਾਈ ਵਾਲਾ ਹੈ। ਉਨ੍ਹਾਂ ਹੋਰ ਕਿਹਾ ਕਿ ਭਾਰਤ ਭੂ-ਖੰਡ ਦਾ ਸਤਿਕਾਰ ਦੁਨੀਆਂ ਵਿਚ ਦਿਨੋ-ਦਿਨ ਘਟ ਰਿਹਾ ਹੈ। ਸੰਭਵ ਹੈ ਕਿ ਇਸ ਦੇ ਸਤਿਕਾਰ ਦੇ ਘਟ ਜਾਣ ਦਾ ਕਾਰਨ ਸ਼ਾਇਦ ਇਹ ਵੀ ਹੋਵੇ ਕਿ ਸਾਰੀਆਂ ਸਿਆਸੀ ਜਮਾਤਾਂ ਨੇ, ਧਰਮਾਂ ਨੂੰ, ਨਿੱਤ ਵਰਤੋਂ ਦਾ ਹਥਿਆਰ ਬਣਾ ਕੇ ਵਰਤਣ ਦਾ ਵਿਨਾਸ਼ਕਾਰੀ ਖੇਲ੍ਹ ਖੇਡਿਆ ਹੈ। ਮੀਰੀ ਤੇ ਪੀਰੀ, ਭਗਤੀ ਤੇ ਸ਼ਕਤੀ ਅਤੇ ਸੰਤ ਤੇ ਸਿਪਾਹੀ ਦੇ ਅਸਲ ਸਰੂਪ ਨੂੰ ਵਰਤੋਂ ਵਿਹਾਰ ਵਿਚ ਲਿਆਉਣ ਦੀ ਲੋੜ ਹੈ। ਸਿਆਸਤ ਧਰਮ ਦੀ ਤਾਬਿਆ ’ਚ ਹੋਣੀ ਚਾਹੀਦੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਰਘੁਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਸਿੰਘ ਕਲਾਧਾਰੀ ਪੰਥ ਦੀ ਮਾਇਆਨਾਜ ਸਤਿਕਾਰਤ ਸਖਸ਼ੀਅਤ ਸਨ ਉਨ੍ਹਾਂ ਨੇ ਬੁੱਢਾ ਦਲ ਦੀ ਚੜ੍ਹਦੀ ਕਲਾ ਤੇ ਵਿਕਾਸ ਲਈ ਬਹੁਤ ਕਾਰਜ ਕੀਤਾ। ਉਨ੍ਹਾਂ ਕਿਹਾ ਕਿ ਬਾਣੀ ਅਤੇ ਬਾਣੇ ਦੇ ਧਾਰਣੀ ਨਿਹੰਗ ਸਿੰਘ ਹੀ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਅਖਵਾਉਂਦੇ ਹਨ।
ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਨੇ ਆਈਆਂ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।